CBI ਅੰਦਰੂਨੀ ਵਿਵਾਦ - ਨੀਤੀਗਤ ਫੈਸਲੇ ਨਹੀਂ ਲੈ ਸਕਣਗੇ ਨਾਗੇਸ਼ਵਰ ਰਾੳ - ਸੁਪਰੀਮ ਕੋਰਟ
ਨਵੀਂ ਦਿੱਲੀ, 26 ਅਕਤੂਬਰ 2018 - ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. 'ਚ ਚੱਲ ਰਹੇ ਵਿਵਾਦ 'ਤੇ ਸੁਪਰੀਮ ਕੋਰਟ 'ਚ ਅੱਜ ਛੁੱਟੀ 'ਤੇ ਭੇਜੇ ਗਏ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਅਤੇ ਇਕ ਐਨ.ਜੀ.ਓ. ਵੱਲੋਂ ਦਾਖਲ ਪਟੀਸ਼ਨ 'ਤੇ ਸੁਣਵਾਈ ਹੋਈ। ਸੀ.ਬੀ.ਆਈ. ਮਾਮਲੇ 'ਚ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਰੰਜਨ ਗੰਗੋਈ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਖ਼ੁਦ ਦੇਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਵੀ.ਸੀ. ਨੂੰ ਇਹ ਜਾਂਚ ਅਗਲੇ ਦੋ ਹਫ਼ਤਿਆਂ 'ਚ ਪੂਰੀ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਏ.ਕੇ ਪਟਨਾਇਕ ਦੀ ਨਿਗਰਾਨੀ ਹੋਵੇਗੀ ਜਾਂਚ।
ਗੋਗੋਈ ਨੇ ਕਿਹਾ ਕਿ ਇਹ ਜਾਂਚ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਏ.ਕੇ. ਪਟਨਾਇਕ ਦੀ ਨਿਗਰਾਨੀ 'ਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਤੱਕ ਸੀ.ਬੀ.ਆਈ. ਦੇ ਨਵੇਂ ਡਾਇਰੈਕਟਰ ਨੀਤੀਆਂ ਨਾਲ ਸੰਬੰਧਿਤ ਕੋਈ ਫ਼ੈਸਲਾ ਨਹੀਂ ਲੈਣਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੀ.ਵੀ.ਸੀ., ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਅਦਾਲਤ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।
ਦੱਸ ਦੇਈਏ ਕਿ ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਭੇਜਿਆ ਹੈ ਜਿਸ 'ਚ ਇਹ ਕਿਹਾ ਗਿਆ ਹੈ ਕਿ ਅਲੋਕ ਵਰਮਾ ਨੂੰ ਕਿਸ ਕਾਰਨ ਕਰ ਕੇ ਛੁਟੀ 'ਤੇ ਭੇਜਿਆ ਗਿਆ ਹੈ।