ਪੱਛਮੀ ਵਰਜੀਨੀਆ ਵਿੱਚ 42 ਲੋਕਾਂ ਨੂੰ ਗ਼ਲਤੀ ਨਾਲ ਕੋਰੋਨਾ ਟੀਕੇ ਦੀ ਬਜਾਏ ਲਗਾਇਆ ਹੋਰ ਟੀਕਾ
ਗੁਰਿੰਦਰਜੀਤ ਨੀਟਾ ਮਾਛੀ ਕੇ
ਫਰਿਜ਼ਨੋ (ਕੈਲੇਫੋਰਨੀਆ), 1ਜਨਵਰੀ 2021:
ਵੈਸਟ ਵਰਜੀਨੀਆ "ਚ ਟੀਕਾਕਰਨ ਪ੍ਰਕਿਰਿਆ ਵਿੱਚ ਹੋਈ ਗ਼ਲਤੀ ਕਾਰਨ 42 ਦੇ ਕਰੀਬ ਲੋਕਾਂ ਨੂੰ ਕੋਰੋਨਾ ਟੀਕੇ ਦੀ ਜਗ੍ਹਾ ਤੇ ਹੋਰ ਟੀਕਾ ਲਗਾ ਦਿੱਤਾ ਗਿਆ ਹੈ।ਇਸ ਮਾਮਲੇ ਬਾਰੇ ਨੈਸ਼ਨਲ ਗਾਰਡ ਨੇ ਵੀਰਵਾਰ ਨੂੰ ਦੱਸਿਆ ਕਿ ਪੱਛਮੀ ਵਰਜੀਨੀਆ ਦੀ ਬੂਨ ਕਾਊਂਟੀ ਵਿੱਚ ਬੁੱਧਵਾਰ ਦੇ ਦਿਨ 42 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਜਾਣਾ ਸੀ ਪਰ ਉਹਨਾਂ ਨੂੰ ਗ਼ਲਤੀ ਨਾਲ ਇੱਕ ਪ੍ਰਯੋਗਾਤਮਿਕ ਮੋਨੋਕਲੋਨਲ ਐਂਟੀ ਬਾਡੀ ਇਲਾਜ ਦਾ ਟੀਕਾ ਲਗਾ ਦਿੱਤਾ ਗਿਆ ਜਦਕਿ ਟੀਕਾ ਲੱਗਣ ਤੋਂ ਬਾਅਦ 42 ਵਿਅਕਤੀਆਂ ਵਿੱਚੋਂ ਕਿਸੇ ਨੇ ਵੀ ਕੋਈ ਮਾੜਾ ਪ੍ਰਭਾਵ ਵਿਕਸਤ ਨਹੀਂ ਕੀਤਾ ਹੈ।ਗ਼ਲਤੀ ਨਾਲ ਦਿੱਤਾ ਗਿਆ ਪ੍ਰਯੋਗਾਤਮਿਕ ਇਲਾਜ ਦਾ ਟੀਕਾ, ਰੈਗਨੇਰੋਨ ਦੁਆਰਾ ਬਣਾਇਆ ਐਂਟੀ ਬਾਡੀਜ਼ ਦਾ ਕਾਕਟੇਲ ਹੈ ਜੋ ਕਿ ਰਾਸ਼ਟਰਪਤੀ ਟਰੰਪ ਨੂੰ ਵਾਇਰਸ ਕਰਕੇ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਦਿੱਤਾ ਗਿਆ ਸੀ।ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਐਡਜੁਟੈਂਟ ਜਨਰਲ, ਮੇਜਰ ਜੇਮਜ਼ ਹੋਯਰ ਅਨੁਸਾਰ ਟੀਕਿਆਂ ਦੀ ਇਹ ਮਿਲਾਵਟ ਸਪਸ਼ਟ ਤੌਰ 'ਤੇ ਰੇਗਨੇਰੋਨ ਕਾਕਟੇਲ ਦੀ ਇੱਕ ਸ਼ਿਪਮੈਂਟ ਨੂੰ ਇਸਦੇ ਡਿਸਟ੍ਰੀਬਿਊਸ਼ਨ ਹੱਬ ਵਿਚ ਪਹੁੰਚਾਉਣ ਸਮੇਂ ਹੋਈ ਹੈ ,ਜਿੱਥੇ ਇਸ ਦੀਆਂ ਸ਼ੀਸ਼ੀਆਂ ਮੋਡਰਨਾ ਦੀ ਸਪਲਾਈ ਵਿੱਚ ਰੱਖੀਆਂ ਜਾਂਦੀਆਂ ਹਨ।ਇਸ ਲਈ ਵਰਕਰਾਂ ਨੇ ਜ਼ਾਹਰ ਤੌਰ 'ਤੇ ਇਸ ਦੀਆਂ ਸ਼ੀਸ਼ੀਆਂ ਨੂੰ ਬੂਨ ਕਾਊਂਟੀ ਵਿੱਚ ਭੇਜੀ ਜਾਣ ਵਾਲੀ ਕੋਰੋਨਾ ਟੀਕੇ ਦੀ ਲੜੀ ਵਿੱਚ ਸ਼ਾਮਲ ਕੀਤਾ ਹੋ ਸਕਦਾ ਹੈ।ਇਹਨਾਂ ਦੋਵਾਂ ਟੀਕਿਆਂ ਦੀਆਂ ਸ਼ੀਸ਼ੀਆਂ ਇੱਕੋ ਜਿਹੀਆਂ ਦਿਖਾਈ ਦਿੰਦੀਆਂ ਹਨ,
ਪਰ ਦੋਵਾਂ 'ਤੇ ਅਲੱਗ ਲੇਬਲ ਲਗਾਏ ਜਾਂਦੇ ਹਨ ਅਤੇ ਦੋਵਾਂ ਨੂੰ ਹੀ ਵਰਤਣ ਤੋਂ ਪਹਿਲਾਂ ਫ਼ਰਿਜ ਵਿਚ ਰੱਖਿਆ ਜਾਂਦਾ ਹੈ।ਸ਼ਿਪਮੈਂਟ ਵਿੱਚ ਹੋਈ ਗ਼ਲਤੀ ਸੰਬੰਧੀ ,ਗਾਰਡ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਸਪਲਾਈ ਦੀ ਪ੍ਰਕਿਰਿਆ ਵਿੱਚ ਇਸ ਤੋਂ ਬਿਨਾਂ ਟੀਕਿਆਂ ਦੀ ਕੋਈ ਹੋਰ ਖੇਪ ਪ੍ਰਭਾਵਿਤ ਨਹੀਂ ਹੋਈ ਹੈ।ਜ਼ਿਕਰਯੋਗ ਹੈ ਕਿ ਪੱਛਮੀ ਵਰਜੀਨੀਆ ਵਿਚ ਅਧਿਕਾਰੀਆਂ ਨੇ ਵੀਰਵਾਰ ਨੂੰ 1110 ਨਵੇਂ ਕੋਰੋਨਾ ਵਾਇਰਸ ਮਾਮਲੇ ਅਤੇ 20 ਨਵੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦਕਿ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਵਿੱਚ ਘੱਟੋ ਘੱਟ 85,334 ਕੇਸ ਅਤੇ 1,338 ਮੌਤਾਂ ਦਰਜ਼ ਹੋਈਆਂ ਹਨ।