ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਵਰੀ 2021 - ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਜਾਰੀ ਹੈ। ਇਸ ਜਾਨਲੇਵਾ ਵਾਇਰਸ ਨੂੰ ਹਰਾਉਣ ਲਈ ਦੇਸ਼ ਭਰ ਵਿੱਚ ਕੋਰੋਨਾ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਫਾਈਜ਼ਰ ਅਤੇ ਮੋਡਰਨਾ ਕੰਪਨੀਆਂ ਦੁਆਰਾ ਬਣਾਏ ਟੀਕਿਆਂ ਦੀ ਵਰਤੋਂ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚ ਚੱਲ ਰਹੀ ਕੋਰੋਨਾ ਟੀਕਾ ਮੁਹਿੰਮ ਵਿੱਚ ਅਮਰੀਕੀ ਸੰਸਥਾ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਦੇ ਅੰਕੜਿਆਂ ਅਨੁਸਾਰ ਸਯੁੰਕਤ ਰਾਜ ਵਿੱਚ ਨੇ ਕੋਵਿਡ -19 ਟੀਕੇ ਦੀਆਂ ਤਕਰੀਬਨ 59,304,600 ਖੁਰਾਕਾਂ ਵੰਡੀਆਂ ਗਈਆਂ ਹਨ ਅਤੇ ਸ਼ਨੀਵਾਰ ਸਵੇਰ ਤੱਕ ਲੱਗਭਗ 39,037,964 ਖੁਰਾਕਾਂ ਦੇਸ਼ ਵਾਸੀਆਂ ਨੂੰ ਦਿੱਤੀਆਂ ਗਈਆਂ ਹਨ।
ਇਸ ਏਜੰਸੀ ਅਨੁਸਾਰ ਸ਼ਨੀਵਾਰ ਸਵੇਰੇ 6:00 ਵਜੇ ਤੱਕ ਦੇ ਇਹ ਅੰਕੜੇ ਮੋਡਰਨਾ ਅਤੇ ਫਾਈਜ਼ਰ / ਬਾਇਓਨਟੈਕ ਦੋਵਾਂ ਦੇ ਟੀਕਿਆਂ ਲਈ ਹਨ।ਇਸਦੇ ਇਲਾਵਾ ਸੀ.ਡੀ.ਸੀ ਦੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ , ਏਜੰਸੀ ਨੇ ਟੀਕਿਆਂ ਦੀਆਂ 36,819,212 ਖੁਰਾਕਾਂ ਲਗਾਉਣ ਦੇ ਨਾਲ 58,380,300 ਟੀਕਿਆਂ ਦੀ ਵੰਡ ਕੀਤੀ ਸੀ। ਇਸ ਸੰਸਥਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਟੀਕਿਆਂ ਦੀਆਂ ਲਗਾਈਆਂ ਖੁਰਾਕਾਂ ਵਿੱਚੋਂ ਤਕਰੀਬਨ 30,250,964 ਲੋਕਾਂ ਨੇ ਸ਼ਨੀਵਾਰ ਤੱਕ ਟੀਕੇ ਦੀ 1 ਖੁਰਾਕ ਪ੍ਰਾਪਤ ਕੀਤੀ ਹੈ, ਜਦੋਂਕਿ 8,317,180 ਲੋਕਾਂ ਨੇ ਦੂਜੀ ਖੁਰਾਕ ਲਗਵਾਈ ਹੈ। ਇਸਦੇ ਨਾਲ ਹੀ ਏਜੰਸੀ ਨੇ ਦੱਸਿਆ ਕਿ ਟੀਕੇ ਦੀਆਂ ਕੁੱਲ 4,628,962 ਖੁਰਾਕਾਂ ਲੰਬੇ ਸਮੇਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਵੀ ਦਿੱਤੀਆਂ ਗਈਆਂ ਹਨ।