ਮੋਦੀ ਦਾ ਤਾਨਾਸ਼ਾਹੀ ਰਾਜ ਖਤਮ ਕਰਨ ਲਈ ਕਾਂਗਰਸ ਮਮਤਾ ਨੂੰ ਬਣਾਏ ਯੂ.ਪੀ.ਏ ਚੈਅਰਪਰਸਨ : ਵਿਧਾਇਕ ਬੈਂਸ
- ਮਮਤਾ ਨੇ ਮੋਦੀ ਤੇ ਅਮਿਤ ਸ਼ਾਹ ਦਾ ਤੋੜਿਆ ਹੰਕਾਰ
ਲੁਧਿਆਣਾ 2 ਮਈ 2021 - ਬੀ.ਜੇ.ਪੀ ਸਰਕਾਰ ਨਰਿੰਦਰ ਮੋਦੀ ਦਾ ਚਿਹਰਾ ਅੱਗੇ ਲਾ ਕੇ ਚਾਰ ਸੂਬਿਆ ‘ਚ ਹੋਇਆ ਚੋਣਾਂ ਵਿਚ ਆਪਣੀ ਜਿੱਤ ਨੂੰ ਪੱਕਾ ਮੰਨੀ ਬੈਠੇ ਸੀ।ਇੱਥੋ ਤੱਕ ਕਿ ਬੀਜੇਪੀ ਵੱਲੋ ਮਮਤਾ ਨੂੰ ਪੱਛਮੀ ਬੰਗਾਲ ਵਿਚ ਹਰਾਉਣ ਲਈ ਵੱਡੀ ਪੱਧਰ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਕਰਨ ਦੇ ਬਾਵਜੂਦ ਵੀ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦਾ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨਾ ਬੀਜੇਪੀ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ।ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋ ਪੱਛਮੀ ਬੰਗਾਲ ਵਿਚ ਬੀਜੇਪੀ ਨੂੰ ਵੋਟਾ ਨਾ ਪਾਉਣ ਦਾ ਵੱਡੇ ਪੱਧਰ ਤੇ ਪ੍ਰਚਾਰ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਕਹੇ।ਉਹਨਾ ਕਿਹਾ ਕਿ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਨੂੰ ਦੇਸ਼ ਵਿਚੋ ਖਤਮ ਕਰਨ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋ ਲਾਉਣ ਲਈ ਮਮਤਾ ਬੈਨਰਜੀ ਇਕ ਸਮਰਥ ਚਿਹਰਾ ਉਭਰ ਕੇ ਸਾਹਮਣੇ ਆ ਰਿਹਾ ਹੈ ਜਿਸ ਨੇ ਮੋਦੀ ਸਰਕਾਰ ਦੀ ਵੱਡੀ ਪੱਧਰ ਤੇ ਕੀਤੀ ਧੱੱਕੇਸ਼ਾਹੀ ਨੂੰ ਅਣਗੋਲਿਆ ਕਰ ਤੀਜੀ ਵਾਰ ਫਿਰ ਤੋ ਸਰਕਾਰ ਬਣਾਈ।ਉਹਨਾ ਕਿਹਾ ਕਿ ਕੇਦਰ ਦੀ ਬੀਜੇਪੀ ਲੀਡਰਸ਼ਿਪ ਵੱਲੋ ਪੱਛਮੀ ਬੰਗਾਲ ਵਿਚ ਕੀਤੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਦੇ ਬਾਵਜੂਦ ਵੀ ਮਮਤਾ ਪਹਿਲਾ ਨਾਲੋ ਵੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨ ਵਿਚ ਸਫਲ ਰਹੀ।
ਬੈਂਸ ਨੇ ਕਿਹਾ ਕਿ ਹਾਲਾਤਾਂ ਨੂੰ ਲੋਕਤੰਤਰ ਦੇ ਦਾਇਰੇ ਵਿਚ ਰਹਿ ਕੇ ਮਜਬੂਤ ਕਰਨ ਲਈ ਸਮੇ ਦੀ ਮੰਗ ਹੈ ਕਿ ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਨੂੰ ਯੂ.ਪੀ.ਏ ਦੀ ਚੈਅਰਪਰਸਨ ਤੋ ਹਟਾ ਕੇੇ ਮਮਤਾ ਨੂੰ ਅੱਗੇ ਲੈ ਕੇ ਆਵੇ ਤਾਂ ਜੋ ਉਹਨਾ ਦੀ ਅਗਵਾਈ ਵਿਚ ਦੇਸ਼ ਭਰ ਵਿਚ ਈ.ਵੀ.ਐਮ ਨੂੰ ਹਟਾ ਕੇ ਬੈਲਟ ਪੇਪਰ ਨਾਲ ਚੋਣਾ ਕਰਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਜਾ ਸਕੇ।ਕਿਉ ਕਿ ਮੋਦੀ ਸਰਕਾਰ ਵਿਧਾਨ ਸਭਾ ਦੀਆ ਚੋਣਾ ਵਿਚ ਈ.ਵੀ.ਐਮ ਨਾਲ ਛੇੜਛਾੜ ਨਹੀ ਕਰਦੀ ਤਾ ਜੋ ਲੋਕਾ ਦਾ ਈ.ਵੀ.ਐਮ ਤੇ ਵਿਸ਼ਵਾਸ਼ ਬਰਕਰਾਰ ਰਹੇ ਅਤੇ ਲੋਕ ਸਭਾ ਦੀਆ ਚੋਣਾ ਵੇਲੇ ਈਵੀਐਮ ਦਾ ਸਾਰਾ ਕੰਟਰੋਲ ਮੋਦੀ ਸਰਕਾਰ ਆਪਣੇ ਹੱਥਾ ਵਿਚ ਕਰ ਲੈਦੀ ਹੈ।
ਜਿਸ ਕਰਕੇ ਬੀਜੇਪੀ ਕੇਦਰ ਵਿਚ ਸਰਕਾਰ ਬਣਾਉਣ ਵਿਚ ਸਫਲ ਹੁੰਦੀ ਹੈ।ਸ. ਬੈਂਸ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ ਮੋਦੀ ਦੀ ਤਾਨਾਸ਼ਾਹੀ ਨੂੰ ਦੇਸ਼ ਵਿਚੋ ਖਤਮ ਕਰਨ ਚਾਹੁੰਦੀ ਹੈ ਤਾ ਕਾਂਗਰਸ ਮਮਤਾ ਨੂੰ ਯੂ.ਪੀ.ਏ ਦੀ ਚੈਅਰਪਰਸਨ ਬਣਾ, 2024 ਵਿਚ ਪ੍ਰਧਾਨ ਮੰਤਰੀ ਦੇ ਚਿਹਰੇ ਵੱਜੋ ਪੇਸ਼ ਕਰਦੀ ਹੈ ਤਾਂ ਆਉਦੀਆ ਲੋਕ ਸਭਾ ਚੋਣਾ ਵਿਚ ਬਾਜੀ ਪਲਟ ਸਕਦੀ ਹੈ।