ਲੋਕਾਂ ਨੇ ਖੇਤਰੀ ਪਾਰਟੀਆਂ ਵਿਚ ਵਿਸ਼ਵਾਸ ਪ੍ਰਗਟਾਇਆ : ਅਕਾਲੀ ਦਲ
- ਭਾਜਪਾ ਦੀ ਧਰੁਵੀਕਰਨ ਦੀ ਰਾਜਨੀਤੀ ਰੱਦ ਕੀਤੀ
ਚੰਡੀਗੜ੍ਹ, 2 ਮਈ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿਸਦੇ ਨਤੀਜੇ ਅੱਜ ਐਲਾਨੇ ਗਏ, ਵਿਚ ਲੋਕਾਂ ਨੇ ਖੇਤਰੀ ਪਾਰਟੀਆਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਭਾਜਪਾ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਖੇਤਰੀ ਪਾਰਟੀਆਂ ਨੁੰ ਤੋੜਨ ਦੇ ਯਤਨ ਪਸੰਦ ਨਹੀਂ ਕਰਦੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਸਪਸ਼ਟ ਹੈ ਕਿ ਖੇਤਰੀ ਪਾਰਟੀਆਂ ਹੀ ਖੇਤਰੀ ਭਾਵਨਾਵਾਂ ਤੇ ਆਸਾਂ ਨੁੰ ਸਮਝਦੀਆਂ ਹਨ ਤੇ ਉਹਨਾਂ ਅਨੁਸਾਰ ਕੰਮ ਕਰਨ ਦੇ ਸਮਰਥ ਹਨ। ਉਹਨਾਂ ਕਿਹਾ ਕਿ ਇਹ ਚੋਣਾਂ ਖੇਤਰੀ ਪਾਰਟੀਆਂ ਦੀ ਜਿੱਤ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਰਾਜਨੀਤੀ ਤੇ ਧਰੁਵੀਕਰਨ ਰੱਦ ਕਰ ਦਿੱਤੀ ਹੈ ਤੇ ਧਰਮ ਨਿਰਪੱਖ ਪ੍ਰੇਰਿਤ ਰਾਜਨੀਤੀ ਲਈ ਵੋਟਾਂ ਪਾਈਆਂ ਹਨ।
ਡਾ. ਦਲਜੀਤ ਸਿੰ ਚੀਮਾ ਨੇ ਕਿਹਾ ਕਿ ਇਹਨਾਂ ਚੋਣਾਂ ਨੇ ਇਹ ਵੀ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੁਣ ਹੋਰ ਸਮੇਂ ਤੱਕ ਲੋਕਾਂ ਵਿਚ ਸਨਮਾਨ ਨਹੀਂ ਰੱਖਦੀ। ਕਾਂਗਰਸ ਨੇ ਖੇਤਰੀ ਪਾਰਟੀਆਂ ਨਾਲ ਗਠਜੋੜ ਕਰ ਕੇ ਚੋਣਾਂ ਵਿਚ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਗਠਜੋੜ ਸਪਸ਼ਟ ਰੱਦ ਕਰ ਦਿੱਤੇ ਗਏ ਤੇ ਲੋਕਾਂ ਨੇ ਕਾਂਗਰਸ ਪਾਰਟੀ ਵਿਚ ਵਿਸ਼ਵਾਸ ਗੁਆ ਲਿਆ।
ਅਕਾਲੀ ਆਗੂ ਨੇ ਕਿਹਾ ਕਿ ਚੋਣਾਂ ਨੇ ਕਿਸਾਨਾਂ ਤੇ ਕਿਸਾਨ ਅੰਦੋਲਨ ਨੁੰ ਵੀ ਸਪਸ਼ਟ ਸੰਕੇਤ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਪੱਛਮੀ ਬੰਗਾਲ ਵਿਚ ਭਾਜਪਾ ਖਿਲਾਫ ਲੋਕਾਂ ਵਿਚ ਰੋਸ ਅਤੇ ਖੱਬੇ ਪੱਖੀ ਪਾਰਟੀਆਂ ਸਪਸ਼ਟ ਰੱਦ ਕਰ ਦਿੱਤੀਆਂ ਗਈਆਂ ਹਨ ਜਿਥੇ ਕਿਸਾਨ ਆਗੂ ਚੋਣ ਪ੍ਰਚਾਰ ਕਰਨ ਗਏ ਸਨ, ਤੇ ਇਸ ਤੋਂ ਕਿਸਾਨ ਜਥੇਬੰਦੀਆਂ ਨੂੰ ਸਪਸ਼ਟ ਸੰਦੇਸ਼ ਮਿਲਿਆ ਹੈ ਕਿ ਉਹ ਨਿਰਪੱਖ ਪਹੁੰਚ ਅਪਣਾਉਣ। ਉਹਨਾਂ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਕਿਸਾਨ ਅੰਦੋਲਨ ਕਿਸੇ ਇਕ ਪਾਰਟੀ ਨਾਲ ਜੁੜਨ ਲਈ ਜਾਣਿਆਜਾਵੇ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਅੰਦੋਲਨ ਨੂੰ ਆਪਣੇ ਲਾਭ ਵਾਸਤੇ ਵਰਤਣ ਦੇ ਯਤਨ ਮੂਧੇ ਮੂੰਹ ਡਿੱਗੇ ਹਨ।