ਭਾਜਪਾ ਯੁਵਾ ਮੋਰਚਾ ਵੱਲੋਂ ਪੱਛਮੀ ਬੰਗਾਲ ਹਿੰਸਾ ਖਿਲਾਫ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 5 ਮਈ 2021 - ਪੱਛਮ ਬੰਗਾਲ ਵਿੱਚ ਚੋਣਾਂ ਦੌਰਾਨ ਹੋਈ ਤਿ੍ਰਣਮੂਲ ਕਾਂਗਰਸ ਦੀ ਜਿੱਤ ਤੋਂ ਬਾਅਦ ਭੜਕੀ ਹਿੰਸਾ ਖਿਲਾਫ ਅੱਜ ਭਾਰਤੀ ਜੰਤਾਯੁਵਾ ਮੋਰਚਾ ਦੇ ਪ੍ਰਧਾਨ ਸੰਦੀਪ ਅਗਰਵਾਲ ਅਤੇ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਚੌਂਕ ’ਚ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਵੱਲੋਂ ਜਿਸ ਤਰਾਂ ਭਾਜਪਾ ਦੇ ਵਰਕਰਾਂ ਦੀਆਂ ਲਗਾਤਾਰ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਉਹ ਲੋਕਤੰਤਰ ਦੇ ਨਾਮ ਤੇ ਧੱਬਾ ਹੈ। ਉਨ੍ਹਾਂ ਆਖਿਆ ਕਿ ਕਈ ਥਾਵਾਂ ਤੇ ਤਾਂ ਔਰਤਾਂ ਦੀਆਂ ਅਸਮਤਾਂ ਲੁੱਟੀਆਂ ਗਈਆਂ ਹਨ ਜਿਸ ਲਈ ਜਿੰਮੇਵਾਰ ਗੁੰਡਾ ਅਨਸਰਾਂ ਖਿਲਾਫ ਫੌਰੀ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਅਗਰਵਾਲ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਵਿੱਚ ਹੋਈ ਹਾਰ ਤੋਂ ਬਾਅਦ ਮਮਤਾ ਬੈਨਰਜੀ ਬੌਖਲਾਹਟ ’ਚ ਆ ਕੇ ਬੰਗਾਲ ਨੂੰ ਦੰਗਿਆਂ ਦੀ ਅੱਗ ਵਿੱਚ ਸੁੱਟਣਾ ਚਾਹੁੰਦੀ ਹੈ,ਜਿਸ ਨੂੰ ਭਾਰਤੀ ਜਨਤਾ ਪਾਰਟੀ ਕਦੇ ਵੀ ਸੰਭਵ ਨਹੀਂ ਹੋਣ ਦੇਵੇਗੀ ਅਤੇ ਹਰ ਜਬਰ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਸਲ ’ਚ ਭਾਜਪਾ ਵੱਲੋਂ ਹਾਸਲ ਕੀਤੀ ਗਈ ਜਿੱਤ ਨੂੰ ਦੇਖਦਿਆਂ ਤ੍ਰਿਣਮੂਲ ਕਾਂਗਰਸ ਪਾਰਟੀ ਵਰਕਰਾਂ ਨੂੰ ਦਬਾਉਣ ਦੀ ਨੀਤੀ ਤੇ ਚੱਲ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਅੱਜ ਦਾ ਰੋਸ ਪ੍ਰਦਰਸ਼ਨ ਸੰਕੇਤਕ ਹੈ ਪਰ ਲੋੜ ਪੈਣ ਤੇ ਉਹ ਸੜਕਾਂ ਤੇ ਉੱਤਰਨਗੇ। ਆਗੂਆਂ ਨੇ ਪੱਛਮੀ ਬੰਗਾਲ ’ਚ ਬਣੇ ਹਿੰਸਾ ਵਾਲੇ ਹਾਲਾਤਾਂ ਨੂੰ ਦੇਖਦਿਆਂ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ।
ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਅਧਿਕਾਰ ਹੈ ਜਿਸ ਤਹਿਤ ਭਾਜਪਾ ਨੇ ਚੋਣ ਲੜੀ ਹੈ । ਉਨ੍ਹਾਂ ਆਖਿਆ ਕਿ ਬੰਗਾਲ ’ਚ ਪਾਰਟੀ ਦੇ ਵਧਦੇ ਗ੍ਰਾਫ ਤੋਂ ਡਰ ਕੇ ਭਾਜਪਾ ਵਰਕਰਾਂ ਦੀਆਂ ਹੱਤਿਆਵਾਂ ਕਰਾਉਣੀਆਂ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੰਗਾਲ ’ਚ ਜੋ ਖੂਨੀ ਖੇਡ੍ਹ ਖੇਡ੍ਹੀ ਗਈ ਹੈ ਉਸ ਨੇ ਤਿ੍ਰਣਮੂਲ ਕਾਂਗਰਸ ਦੀ ਅਸਲੀਅਤ ਸਾਹਮਣੇ ਲੈ ਆਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਦੇਸ਼ ਦੀ ਅਮਨ ਸ਼ਾਂਤੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਇਹ ਗੱਲ ਮਮਤਾ ਬੈਨਰਜੀ ਨੂੰ ਸਮਝ ਲੈਣੀ ਚਾਹੀਦੀ ਹੈ। ਇਸ ਮੌਕੇ ਜਨਰਲ ਸਕੱਤਰ ਗਗਨ ਗੋਇਲ, ਸੰਜੀਵ ਡਾਗਰ , ਸੁਰੇਸ਼ ਗੋਇਲ, ਮੀਨੂ ਬੇਗਮ ਅਤੇ ਜਾਨ੍ਹਵੀ ਗਿੱਲ ਆਦਿ ਹਾਜ਼ਰ ਸਨ ।