ਚੰਨੀ ਨੇ ਲਖੀਮਪੁਰ ਖੀਰੀ ਅੱਪੜ ਕੇ ਸਹੀ ਮਾਨ੍ਹਿਆਂ ਵਿੱਚ, ਸਾਰੇ ਪੰਜਾਬ ਅਤੇ ਪੰਜਾਬ ਦੀ ਕ੍ਰਿਸਾਣੀ ਦੇ ਦਰਦ ਦੀ ਤਰਜ਼ਮਾਨੀ ਕੀਤੀ ਹੈ : ਬੀਰ ਦਵਿੰਦਰ ਸਿੰਘ
- ਲਖੀਮਪੁਰ ਖੀਰੀ ਦੀ ਬੇਰਹਿਮ ਘਟਨਾ ਉੱਤੇ, ਪ੍ਰਿਅੰਕਾ ਗਾਂਧੀ ਦਾ ਹਾਰਦਿਕ ਪ੍ਰਤੀਕਰਮ, ਉਸਦੀ ਕਿਸਾਨ ਪਰਿਵਾਰਾਂ ਪ੍ਰਤੀ ਸੰਵੇਦਨਾ ਅਤੇ ਸੱਚੀ ਪੀੜਾ ਨੁੰ ਸਾਖਿਆਤ ਕਰਦਾ ਹੈ : ਬੀਰ ਦਵਿੰਦਰ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 7 ਅਕਤੂਬਰ 2021 - ਸੀਨੀਅਰ ਕਾਂਗਰਸੀ ਲੀਡਰ ਬੀਰ ਦਵਿੰਦਰ ਸਿੰਘ ਨੇ ਕਿਹਾ ਕੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ, ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰਾਂ ਦੇ ਕਾਖ਼ਲੇ ਨੇ ਜਿਸ ਵਹਿਸ਼ੀ ਢੰਗ ਨਾਲ, 4 ਅਕਤੂਬਰ ਨੂੰ ਲ਼ਖੀਮਪੁਰ ਖੀਰੀ (ਯੂ.ਪੀ) ਦੇ ਕਿਸਾਨ ਅੰਦੋਲਨਕਾਰੀਆਂ ਨੂੰ ਤੇਜ਼ ਰਖ਼ਤਾਰ ਗੱਡੀਆਂ ਦੇ ਟਾਇਰਾਂ ਹੇਠਾਂ ਦੇ ਕੇ ਕੁਚਲਿਆ ਹੈ, ਇਸ ਦਰਿੰਦਗੀ ਨੇ 29 ਅਕਤੂਬਰ 1922 ਨੂੰ, ਗੁਰੂ ਕੇ ਬਾਗ ਦੇ ਮੋਰਚੇ ਵਿੱਚ 'ਪੰਜਾ ਸਾਹਿਬ' ਦੇ ਰੇਲਵੇ ਸਟੇਸ਼ਨ ਉੱਤੇ ਸ਼ਹੀਦ ਹੋਏ, ਸਿਦਕਵਾਨ ਸਿੱਖ ਸ਼ਹੀਦਾਂ ਦੀ ਅਤੇ ਅੰਗਰੇਜ਼ ਰਾਜ ਦੇ ਕਰੂਰ ਅੱਤਿਆਚਾਰਾਂ ਦੀ ਯਾਦ ਚੇਤੇ ਕਰਵਾ ਦਿੱਤੀ ਹੈ। ਇਸ ਲੂੰ-ਕੰਡੇ ਖੜ੍ਹੇ ਕਰਨ ਵਾਲੀ ਜ਼ਾਲਮਾਨਾ ਘਟਨਾ ਉੱਤੇ ਜਿਸ ਢੰਗ ਦੀ ਸੰਜੀਦਗੀ ਨਾਲ ਕਾਂਗਰਸ ਦੀ ਨੇਤਾ ਪ੍ਰਿਅੰਕਾ ਗਾਂਧੀ ਦਾ ਸੱਚੇ ਦਿਲੋਂ ਦਰਦ ਤੇ ਹਾਰਦਿਕ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ, ਉਹ ਆਪਣੇ ਆਪ ਵਿੱਚ ਪੀੜਤ ਕਿਸਾਨ ਪਰਿਵਾਰਾਂ ਪ੍ਰਤੀ, ਉਸਦੀ ਸੰਵੇਦਨਾ ਦੀ ਪੀੜਾ ਨੁੰ ਸਾਖਿਆਤ ਕਰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਜੋ ਸਾਥੀਆਂ ਸਮੇਤ ਮੌਕੇ ਤੇ ਅੱਪੜ ਕੇ , ਲਖੀਮਪੁਰ ਖੀਰੀ ਦੇ ਪੀੜਤ, ਪੰਜਾਬੀ ਕਿਸਾਨ ਪਰਿਵਾਰਾਂ ਨਾਲ ਇਸ਼ ਸ਼ਦੀਦ ਦੁੱਖ ਦੇ ਸਮੇਂ, ਦੁੱਖ ਦਾ ਇਜ਼ਹਾਰ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ, ਉਸ ਨਾਲ ਕਿਸਾਨ ਅੰਦੋਲਨ ਦੀ ਸਾਰਥਿਕਤਾ ਨੂੰ ਵੱਡਾ ਬਲ ਮਿਲਿਆ ਹੈ।ਮੌਕੇ ਦੀ ਨਾਜ਼ੁਕਤਾ ਦੇ ਮੱਦੇਨਜ਼ਰ, ਉਨ੍ਹਾਂ ਦੀ ਇਸ ਵੇਲੇ ਸਿਰ ਪਹੁੰਚ ਨਾਲ, ਪੰਜਾਬੀ ਏਕਤਾ, ਕਿਸਾਨ ਏਕਤਾ ਅਤੇ ਮਨੁੱਖੀ ਖ਼ਲੂਸ ਤੇ ਦਰਦ ਦਾ ਪ੍ਰਚਮ ਉੱਚਾ ਹੋਇਆ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਸਹੀ ਮਾਨ੍ਹਿਆਂ ਵਿੱਚ, ਸਾਰੇ ਪੰਜਾਬ ਅਤੇ ਪੰਜਾਬ ਦੀ ਕ੍ਰਿਸਾਣੀ ਦੇ ਦਰਦ ਦੀ ਤਰਜ਼ਮਾਨੀ ਕੀਤੀ ਹੈ।
ਇਸ ਮਾਮਲੇ ਵਿੱਚ ਜਿਸ ਕਿਸਮ ਦੀ ਘਟੀਆ ਤੇ ਹੋਛੀ ਬਿਆਨਬਾਜ਼ੀ ਯੂ.ਪੀ ਸਰਕਾਰ ਦੇ ਤਰਜ਼ਮਾਨ ਅਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਅਤੇ ਬੀ.ਜੇ.ਪੀ ਦੇ ਕੁੱਝ ਪੰਜਾਬ ਦੇ ਨੇਤਾਵਾਂ ਨੇ ਕੀਤੀ ਹੈ, ਉਸ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ , ਨਾ ਸਿਰਖ਼ ਗਹਿਰੀ ਠੇਸ ਹੀ ਪਹੁੰਚਾਈ ਹੈ, ਸਗੋਂ ਸ਼ਰਮਸ਼ਾਰ ਵੀ ਕੀਤਾ ਹੈ।
ਬਿਜਲਈ ਮਾਧਿਅਮਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਸੁਣਿਆ ਹੈ ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਪ੍ਰਿਅੰਕਾ ਗਾਂਧੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਇਹ ਆਖ ਕੇ ਅਲੋਚਨਾ ਕੀਤੀ ਹੈ ਕਿ ਇਹ ਸਭ ਇਸ ਕਿਸਾਨੀ ਦੁਖਾਂਤ ਦਾ ਰਾਜਨੀਤੀਕਰਨ ਕਰ ਰਹੇ ਹਨ ਅਤੇ ਮਹਿਜ਼ ਫੋਟੋਆਂ ਖਿਚਵਾਣ ਲਈ ਹੀ ਲਖੀਮਪੁਰ ਖੀਰੀ ਪਹੁੰਚੇ ਹੋਏ ਹਨ। ਇਹ ਵਰਤਾਰਾ ਕਤੱਈ ਸ਼ੋਭਨੀਕ ਨਹੀ, 'ਬਾਦਲ ਜੋੜੀ' ਭਾਵ ; ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ, ਜੋ ਦੋਹਵੇਂ, ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਵੀ ਹਨ, ਇਨ੍ਹਾਂ ਨੂੰ ਤਾਂ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਪੁੱਜ ਕੇ ਗ੍ਰਿਫਤਾਰੀ ਦੇਣੀ ਚਾਹੀਦੀ ਸੀ, ਜੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਗਲਵਕੜੀ ਵਿੱਚ ਲੈ ਕੇ ਉਨ੍ਹਾਂ ਦੇ ਅੱਥਰੂ ਪੋਚ ਸਕਦੇ ਹਨ ਤਾਂ ਕੀ ਬਾਦਲਾਂ ਦੇ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਸੀ ? ਇਸ ਵੱਡੇ ਸਵਾਲ ਦਾ ਜਵਾਬ ਤਾਂ ਬਾਦਲਾਂ ਨੂੰ ਹੁਣ ਦੇਣਾ ਹੀ ਪਵੇਗਾ । ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਂ ਵਿੱਚ ਕਿਸ ਮਜ਼ਬੂਰੀ ਦੇ ਪੈਂਖੜ ਪਾਏ ਹੋਏ ਸਨ ? ਉਹ ਵੀ ਤਾਂ ਲਖੀਮਪੁਰ ਖੀਰੀ ਅੱਪੜ ਸਕਦਾ ਸੀ ?
ਪਰ ਅਖ਼ਸੋਸ ਕਿ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਸ਼ਾਇਦ ਖ਼ੂਨ ਹੀ ਸਫੈਦ ਹੋ ਗਿਆ ਜਾਪਦਾ ਹੈ, ਜਿਸ ਨੇ ਹਾਲੇ ਤੀਕਰ , ਬੀ.ਜੇ.ਪੀ ਦੇ ਆਪਣੇ ਨਵੇਂ ਅਕਾਵਾਂ ਦੀ ਸ਼ਰਮ ਅਤੇ ਭੈਅ ਕਾਰਨ 'ਲਖੀਮਪੁਰ ਖੀਰੀ' ਦੀ ਇਸ ਕਰੂਰ ਘਟਨਾ ਦੀ ਨਿੰਦਾ ਤਾਂ ਕੀ ਕਰਨੀ ਸੀ, ਉਸਨੇ ਤਾਂ ਇਸ ਬੇਰਹਿਮ ਘਟਨਾ ਪ੍ਰਤੀ, ਕੋਈ ਵਾਸਤਾ ਜਾਂ ਚਿੰਤਾ ਵੀ ਪ੍ਰਗਟ ਨਹੀਂ ਕੀਤੀ ।