ਲਖੀਮਪੁਰ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਲਈ ਇਨਸਾਫ਼ ਦਾ ਹੱਕ ਲੈਣ ਖਾਤਰ ਸੰਘਰਸ਼ ਐਕਸ਼ਨਾਂ ਵਿੱਚ ਜੋਰ ਨਾਲ ਕੁੱਦਣ ਦਾ ਸੱਦਾ
ਨਵੀਂ ਦਿੱਲੀ 9 ਅਕਤੂਬਰ 2021 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗਦਰੀ ਗੁਲਾਬ ਕੌਰ ਸਟੇਜ ਤੋਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਕਿਹਾ ਕਿ ਯੂ ਪੀ ਦੇ ਲਖੀਮਪੁਰ ਖੀਰੀ ਦੇ ਚਾਰ ਕਿਸਾਨ ਤੇ ਪੱਤਰਕਾਰ ਨੂੰ ਅਜੈ ਮਿਸ਼ਰਾ ਦੇ ਬੇਟੇ ਸੁਸ਼ੀਲ ਮਿਸ਼ਰਾ ਵੱਲੋਂ ਗੱਡੀ ਨਾਲ ਦਰੜ ਕੇ ਅਤੇ ਗੋਲੀਆਂ ਚਲਾ ਕੇ ਜਿਵੇਂ ਸ਼ਹੀਦ ਕੀਤਾ ਗਿਆ ਇਹ ਗੁੰਡਾਰਾਜ ਦੀ ਜਿਉਂਦੀ ਜਾਗਦੀ ਤਸਵੀਰ ਹੈ। ਇਸ ਵਹਿਸ਼ੀ ਘਟਨਾ ਨਾਲ ਕਿਸਾਨੀ ਅੰਦੋਲਨ ਨੂੰ ਕੁਚਲਣ ਲਈ ਉਤਾਵਲੀ ਭਾਜਪਾ ਹਕੂਮਤ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਅੰਦਰ ਭਾਜਪਾਈ ਕਾਰਕੁੰਨਾਂ ਨੂੰ ਕਿਸਾਨਾਂ 'ਤੇ ਹਮਲਿਆਂ ਲਈ ਸ਼ਿਸ਼ਕਰ ਰਹੀ ਖੱਟੜ ਸਰਕਾਰ ਵੀ ਇਹੀ ਭਰਮ ਪਾਲ਼ ਰਹੀ ਹੈ। ਯੂ ਪੀ ਅੰਦਰ ਕਿਸਾਨਾਂ ਨੂੰ ਕਤਲ ਕਰਕੇ ਸਮੁੱਚੇ ਕਿਸਾਨ ਸੰਘਰਸ਼ ਨੂੰ ਖ਼ੌਫ਼ਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੋਦੀ ਸਰਕਾਰ ਆਪਣੇ ਮੰਤਰੀ ਦੀ ਪਿੱਠ 'ਤੇ ਆ ਖਡ਼੍ਹੀ ਹੈ, ਉਹਨੂੰ ਗ੍ਰਿਫਤਾਰ ਕਰਨ ਤੋਂ ਮੁਨਕਰ ਹੋ ਗਈ ਹੈ ਤੇ ਮੰਤਰੀ ਮੰਡਲ ਵਿੱਚ ਸਜਾਈ ਰੱਖਣ ਲਈ ਬਜ਼ਿੱਦ ਹੈ। ਹਰ ਵਾਰ ਦੀ ਤਰ੍ਹਾਂ ਉਸ ਨੇ ਯੂ ਪੀ ਅੰਦਰ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਲੋਕਾਂ ਦੇ ਰੋਹ ਤੇ ਚੌਕਸੀ ਮੂਹਰੇ ਇੱਕ ਵਾਰ ਫਿਰ ਨਾਕਾਮ ਹੋਈ ਹੈ।
ਕੇਂਦਰੀ ਮੰਤਰੀ ਉਸ ਦੇ ਪੁੱਤਰ ਸਮੇਤ ਸਭਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੇ ਮਿਸਾਲੀ ਸਜ਼ਾਵਾਂ ਦਿਵਾਉਣ, ਮੰਤਰੀ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਵਾਉਣ ਰਾਹੀਂ ਇਨਸਾਫ਼ ਦਾ ਹੱਕ ਲੈਣ ਲਈ ਜ਼ੋਰਦਾਰ ਸੰਘਰਸ਼ ਲਲਕਾਰ ਉੱਚੀ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਸ਼ਹੀਦ ਹੋਏ ਕਿਸਾਨਾਂ ਦਾ ਇਨਸਾਫ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਐਕਸ਼ਨਾਂ ਦੇ ਐਲਾਨ ਮੁਤਾਬਿਕ 12 ਅਕਤੂਬਰ ਨੂੰ ਭੋਗ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ।15 ਨੂੰ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕੇ ਜਾਣਗੇ। 18 ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 26 ਅਕਤੂਬਰ ਨੂੰ ਲਖਨਊ ਵਿਖੇ ਵੱਡੀ ਰੈਲੀ 'ਚ ਪੁੱਜਣ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੋਰਦਾਰ ਇਕਜੁੱਟਤਾ ਬਣਾਈ ਜਾਵੇ ਅਤੇ ਮੋਦੀ ਸਰਕਾਰ ਦੇ ਹਰ ਤਰ੍ਹਾਂ ਦੇ ਭਰਮਾਊ ਫਿਰਕੂ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾਵੇ। ਉਸ ਦੇ ਜਾਬਰ ਹੱਲਿਆਂ ਮੂਹਰੇ ਛਾਤੀ ਤਾਣ ਕੇ ਖੜ੍ਹਨ ਲਈ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਚੇਤੰਨ ਕੀਤਾ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਨਰਮੇ ਦੀ ਚੁਗਾਈ ਤੇ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਰੁਝੇਵਿਆਂ ਦਰਮਿਆਨ ਵੀ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਖੇਤੀ ਕੰਮਾਂ ਦੇ ਨਾਲ ਸੰਘਰਸ਼ ਐਕਸ਼ਨਾਂ ਲਈ ਦਿਨ ਰਾਤ ਇਕ ਕੀਤਾ ਜਾਵੇਗਾ। ਮੋਦੀ ਸਰਕਾਰ ਦੇ ਕਿਸੇ ਵੀ ਕਿਸਮ ਦੇ ਹਿੰਸਕ ਵਾਰ ਦਾ ਜਵਾਬ ਦਿੱਤਾ ਜਨਤਕ ਤਾਕਤ ਦੇ ਜ਼ੋਰ ਦਿੱਤਾ ਜਾਵੇਗਾ ।
ਨੌਜਵਾਨ ਆਗੂ ਜਸਕਰਨ ਸਿੰਘ ਮਾਨਸਾ ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਜਾਂਦੇ ਸਮੇਂ ਸਾਨੂੰ ਮਡੀਹਰ ਕਿਹਾ ਜਾਂਦਾ ਹੈ, ਪਰ ਦਿਲੀ ਦਾ ਅੰਦੋਲਨ ਅੱਜ ਤੀਰਥ ਦਾ ਰੂਪ ਧਾਰਨ ਕਰ ਗਿਆ ਹੈ। ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਜਥੇਬੰਦੀ ਵਿਚ ਦਿੱਤਾ ਜਾਂਦਾ ਹੈ ਤੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਉਸਾਰਨ ਦੀ ਤਵੱਜੋਂ ਦਿੱਤੀ ਜਾਂਦੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮੁੱਖ ਆਗੂਆਂ ਵਲੋਂ ਹਰ ਬੁੱਧਵਾਰ ਨੂੰ ਨੌਜਵਾਨਾਂ ਨੂੰ ਸਟੇਜ ਸੰਭਾਲ ਕੇ ਸਮਝ ਨਾਲ ਲੈਸ ਕੀਤਾ ਜਾਂਦਾ ਹੈ। ਅੱਜ ਦੀ ਸਟੇਜ ਦੀ ਕਾਰਵਾਈ ਮਲਕੀਤ ਸਿੰਘ ਗਗਡ਼ਪੁਰ ਨੇ ਨਿਭਾਈ ਅਤੇ ਸਟੇਜ ਤੋਂ ਬਲਕਾਰ ਸਿੰਘ ਪਟਿਆਲਾ ,ਮੋਠੂ ਸਿੰਘ ਕੋਟੜਾ ,ਸੁਖਵੰਤ ਸਿੰਘ ਵਲਟੋਹਾ ਅਤੇ ਕੁਲਵਿੰਦਰ ਕੌਰ ਬਰਨਾਲਾ ਨੇ ਵੀ ਸੰਬੋਧਨ ਕੀਤਾ ।