ਲਖੀਮਪੁਰ ਘਟਨਾ ਗਿਣੀ ਮਿੱਥੀ ਸਾਜ਼ਿਸ਼, ਅਚਨਚੇਤ ਵਾਪਰੀ ਘਟਨਾ ਨਹੀਂ : ਐਸ ਟੀ ਆਈ
ਲਖਨਊ, 14 ਦਸੰਬਰ, 2021: ਲਖੀਮਪੁਰ ਵਿਚ ਕਿਸਾਨਾਂ ਨੁੰ ਗੱਡੀ ਹੇਠ ਕੁਚਲ ਕੇ ਮਾਰਨ ਦੀ ਘਟਨਾ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਬਲਕਿ ਗਿਣੀ ਸਾਜ਼ਿਸ਼ ਸੀ। ਇਹ ਪ੍ਰਗਟਾਵਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਕੀਤਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਐਸ ਆਈ ਟੀ ਨੇ ਇਸ ਮਾਮਲੇ ਵਿਚ ਲਖੀਮਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਇਕ ਹੋਰ ਅਰਜ਼ੀ ਦਾਇਰ ਕਰ ਕੇ ਕੇਸ ਵਿਚ 13 ਮੁਲਜ਼ਮਾਂ ਦੇ ਖਿਲਾਫ ਧਾਰਾ 307 ਅਤੇ ਹੋਰ ਧਾਰਾਵਾਂ ਜੋੜਨ ਬਾਰੇ ਦੱਸਿਆ ਹੈ।
ਐਸ ਆਈ ਟੀ ਦੇ ਜਾਂਚ ਅਫਸਰ ਵਿਦਿਆਰਾਮ ਦਿਵਾਕਰ ਨੇ 9 ਦਸੰਬਰ ਨੂੰ ਅਦਾਲਤ ਵਿਚ ਨਵੀਂਆਂ ਧਾਰਾਵਾਂ ਜੋੜਨ ਲਈ ਅਰਜ਼ੀ ਪਾਈ ਹੈ ਜਿਸ ਵਿਚ ਧਾਰਾ 279, 338 ਅਤੇ 304 ਏ ਆਈ ਪੀ ਸੀ ਹਟਾਉਣ ਬਾਰੇ ਦੱਸਿਆ ਹੈ।
ਅਰਜ਼ੀ ਵਿਚ ਜਾਂਚ ਅਫਸਰ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੁੰ ਵਾਪਰੀ ਘਟਨਾ ਗਿਣੀ ਸਾਜ਼ਿਸ਼ ਤਹਿਤ ਜਾਣ ਬੁੱਝ ਕੇ ਕੀਤਾ ਗਿਆ ਕਾਰਾ ਸੀ ਨਾ ਕਿ ਅਣਗਹਿਲੀ ਨਾਲ ਵਾਪਰੀ ਘਟਨਾ ਸੀ। ਜਾਂਚ ਅਫਸਰ ਨੇ ਅਦਾਲਤ ਨੁੰ ਬੇਨਤੀ ਕੀਤੀ ਕਿ ਕੇਸ ਵਿਚ ਧਾਰਾ 307, 326,34 ਆਈ ਪੀ ਸੀ ਜੋੜਨ ਦੀ ਪ੍ਰਵਾਨਗੀ ਦਿੱਤੀ ਜਾਵੇ।
ਇਸ ਘਟਨਾ ਵਿਚ ਚਾਰ ਕਿਸਾਨਾਂ ਅਤੇ ਇਕ ਸਥਾਨਕ ਪੱਤਰਕਾਰ ਸਮੇਤ 8 ਲੋਕਾਂ ਦੀ ਮੌਤਹੋ ਗਈ ਸੀ।
ਐਸ ਆਈ ਟੀ ਨੇ ਇਸ ਮਾਮਲੇ ਵਿਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਅਸ਼ੀਸ਼ ਮਿਸ਼ਰਾ ਵੀ ਸ਼ਾਮਲ ਹੈ। ਗ੍ਰਿਫਤਾਰ ਕੀਤੇ ਸਾਰੇ ਜਣੇ ਲਖੀਮਪੁਰ ਖੀਰੀ ਜੇਲ੍ਹ ਵਿਚ ਬੰਦ ਹਨ।
ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 10 ਦਸੰਬਰ ਨੁੰ ਸੂਬਾ ਸਰਕਾਰ ਨੁੰ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ’ਤੇ ਦੋ ਹਫਤਿਆਂ ਵਿਚ ਆਪਣਾ ਜਵਾਬ ਦਾਇਰ ਕਰਨ ਨੂੰ ਕਿਹਾ ਹੈ।