ਬੇਅਦਬੀ ਕਰਨ ਤੋਂ ਪਹਿਲਾਂ ਕਈ ਘੰਟੇ ਦਰਬਾਰ ਸਾਹਿਬ 'ਚ ਰਿਹਾ ਦੋਸ਼ੀ, ਰੰਧਾਵਾ ਅਤੇ ਕਮਿਸ਼ਨਰ ਪੁਲਿਸ ਨੇ ਕੀਤੇ ਨਵੇਂ ਖ਼ੁਲਾਸੇ
ਬਾਬੂਸ਼ਾਹੀ ਬਿਊਰੋ
ਅਮ੍ਰਿਤਸਰ, 19 ਦਸੰਬਰ 2021- ਅੱਜ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਲੋਕਾਂ ਕੋਲੋਂ ਅਪਡੇਟ ਲਈ। ਇਸ ਮੌਕੇ ਕਮਿਸ਼ਨਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ, ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਮੁਲਜ਼ਮ ਕੱਲ੍ਹ ਸਵੇਰੇ ਕਰੀਬ 11:40 ਤੇ ਦਰਬਾਰ ਸਾਹਿਬ ਵਿਖੇ ਐਂਟਰ ਹੋਇਆ, ਉਹਦੇ ਬਾਅਦ ਉਹ ਪਰੀਕਰਮਾ ਵਿੱਚ ਹੀ ਲੰਮਾ ਪਿਆ ਰਿਹਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਮੁਲਜ਼ਮ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕਦੀ ਅਤੇ ਉਹਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਬਲੱਡ ਦੀ ਜਾਂਚ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਮੁਲਜਮ ਜੇਕਰ ਜਿਉਂਦਾ ਹੁੰਦਾ ਤਾਂ, ਹੋਰ ਵੀ ਜਾਣਕਾਰੀ ਮਿਲਦੀ, ਪਰ ਹੁਣ ਉਹ ਇਸ ਦੁਨੀਆ ਤੇ ਨਹੀਂ ਹੈ ਅਤੇ ਉਹਦੇ ਮਰਨ ਨਾਲ ਸਭ ਕੁੱਝ ਖ਼ਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ, ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੋ ਦਿਨਾਂ ਵਿੱਚ ਸਾਰੀਆਂ ਉਨ੍ਹਾਂ ਥਾਵਾਂ ਦੀ ਲੈ ਲਈ ਜਾਵੇਗੀ, ਜਿਹੜੇ ਰਸਤਿਆਂ ਵਿੱਚੋਂ ਮੁਲਜ਼ਮ ਦਰਬਾਰ ਸਾਹਿਬ ਪਹੁੰਚਿਆ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਸ੍ਰੋਮਣੀ ਕਮੇਟੀ ਅਤੇ ਸਰਕਾਰ ਮਿਲ ਕੇ ਜਾਂਚ ਕਰੇਗੀ। ਰੰਧਾਵਾ ਨੇ ਸਾਰੇ ਪੰਜਾਬ ਦੇ ਧਾਰਮਿਕ ਸਥਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ।
ਇਸ ਤੋਂ ਇਲਾਵਾ ਰੰਧਾਵਾ ਬੇਅਦਬੀ ਦੇ ਨਾਲ ਜੁੜੀ ਧਾਰਾ 295-ਏ ਦੇ ਬਾਰੇ ਵੀ ਬੋਲੇ ਅਤੇ ਕਿਹਾ ਕਿ, ਉਨ੍ਹਾਂ ਨੇ ਇਸ ਧਾਰਾ ਨੂੰ ਸਖ਼ਤ ਦੇ ਨਾਲ ਲਾਗੂ ਕਰਨ ਲਈ ਕੇਂਦਰ ਨੂੰ ਲਿਖਿਆ ਹੋਇਆ ਹੈ, ਪਰ ਹੁਣ ਤੱਕ ਕੇਂਦਰ ਵੱਲੋਂ ਕੋਈ ਸਖ਼ਤੀ ਨਹੀਂ ਵਿਖਾਈ ਗਈ।
ਰੰਧਾਵਾ ਨੇ ਕਿਹਾ ਕਿ, ਉਨ੍ਹਾਂ ਦੀ ਮੰਗ ਹੈ ਕਿ, ਇਸ ਐਕਟ ਨੂੰ ਲਾਗੂ ਕਰਕੇ ਬੇਅਦਬੀ ਕਰਨ ਵਾਲੇ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ, ਅਸੀਂ ਦੋ ਦਿਨਾਂ ਵਿੱਚ ਕੱਲ੍ਹ ਦੇ ਬੇਅਬਦੀ ਕਾਂਡ ਬਾਰੇ ਰਿਪੋਰਟ ਪੇਸ਼ ਕਰਾਂਗੇ।