ਬਾਬਾ ਬਲਬੀਰ ਸਿੰਘ ਅਕਾਲੀ ਨੇ ਸੰਗਤ ਵੱਲੋਂ ਦੋਸ਼ੀ ਨੂੰ ਦਿੱਤੀ ਗਈ ਸਜ਼ਾ ਨੂੰ ਬਿਲਕੁਲ ਸਹੀ ਕਰਾਰ ਦਿੱਤਾ
- ਬੇਅਦਬੀ ਦੇ ਮਾਮਲੇ ਵਿੱਚ ਹਰੇਕ ਦੋਸ਼ੀ ਦਾ ਇਹੀ ਹਸ਼ਰ ਹੋਵੇਗਾ
ਅੰਮ੍ਰਿਤਸਰ, 19 ਦਸੰਬਰ 2021 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਬੇਅਦਬੀ, ਬਦਅਦਮੀ ਪੈਦਾ ਕਰਨ ਦੀ ਭਾਵਨਾ ਨਾਲ ਜੰਗਲਾ ਟੱਪਣਾ ਬਹੁਤ ਦੁਖਦਾਈ, ਮੰਦਭਾਗਾ ਤੇ ਹਿਰਦੇ ਵਲੂੰਧਰਣ ਵਾਲਾ ਹੈ।ਸੰਗਤ ਨੇ ਉਸ ਨੂੰ ਜੋ ਸਜ਼ਾ ਦਿੱਤੀ ਹੈ ਉਹ ਉਸੇ ਦਾ ਭਾਗੀ ਸੀ ਜੋ ਵੀ ਵਿਅਕਤੀ ਅਜਿਹੀ ਭਾਵਨਾ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਆਵੇਗਾ ਉਸ ਦਾ ਏਹੋ ਜਿਹਾ ਹੀ ਹਸ਼ਰ ਹੋਵੇਗਾ ।ਸਰਕਾਰਾਂ ਅਜਿਹੇ ਵਿਅਕਤੀਆਂ ਨੂੰ ਰੋਕਣ ਤੇ ਇਨ੍ਹਾਂ ਦੇ ਪਿਛੇ ਕੌਣ ਕੰਮ ਕਰਦਾ ਹੈ ਦੀ ਅਸਲੀਅਤ ਸਾਹਮਣੇ ਲਿਆਉਣ ਵਿੱਚ ਅਸਫਲ ਰਹੀਆਂ ਹਨ।
ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਹੈ ਕਿ ਬੇਹੱਦ ਅਫਸੋਸ ਵਾਲੀ ਘਟਨਾ ਹੈ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਅਸਥਾਨਾਂ ਪੁਰ ਅਜਿਹੀਆਂ ਅਸਹਿਣਯੋਗ ਘਟਨਾਵਾਂ ਵਾਪਰੀਆਂ ਹਨ।ਹੁਣ ਸੰਗਤ ਵੱਲੋਂ ਜੋ ਵੀ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਹੈ ਉਹ ਉਸੇ ਦਾ ਹੀ ਭਾਗੀ ਸੀ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਿਛੇ ਕਿਹੜੀ ਤਾਕਤ ਕੰਮ ਕਰਦੀ ਹੈ ਦੀ ਅਸਲੀਅਤ ਜਗਤ ਸਾਹਮਣੇ ਨਾ ਰੱਖੀ ਗਈ ਤਾਂ ਫਿਰ ਆਉਂਦੇ ਸਮੇਂ ਵਿੱਚ ਨਿਕਲਨ ਵਾਲੇ ਨਤੀਜਿਆਂ ਲਈ ਸਰਕਾਰਾਂ ਹੀ ਜੁੰਮੇਵਾਰ ਹੋਣਗੀਆਂ ।
ਉਨ੍ਹਾਂ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਕਪੂਰਥਲਾ ਸੁਭਾਨਪੁਰ ਰੋਡ ਤੇ ਅੱਡਾ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਬੇਅਦਬੀ ਕਰਨੀ, ਗੁਰਦੁਆਰਾ ਸਾਹਿਬ ਦੀ ਬਿਜਲੀ ਕੱਟਣੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹਿਚਾਹੁਣ ਦੇ ਮਨਸੂਬੇ ਤਹਿਤ ਸਥਾਨਕ ਸਿੱਖਾਂ ਨੇ ਉਸਨੂੰ ਕਾਬੂ ਕੀਤਾ ਹੈ ਤੇ ਉਸਨੇ ਮੰਨਿਆ ਹੈ ਕਿ ਸਾਨੂੰ ਦਿੱਲੀ ਤੋਂ ਪੈਸੇ ਦੇ ਕੇ ਭੇਜਿਆ ਗਿਆ ਹੈ।ਉਨਾਂ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਕਮੇਟੀਆਂ, ਸੇਵਾਦਾਰਾਂ, ਸਥਾਨਕ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਕਰਨ ਲਈ ਜਿੰਮੇਵਾਰੀ ਨਾਲ ਪਹਿਰਾ ਦੇਣ।ਇਹ ਇੱਕ ਸੋਚੀ ਸਮਝੀ ਸਾਜਿਸ ਨਾਲ ਹਮਲੇ ਕੀਤੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਠੱਲਣ ਦੀ ਲੋੜ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਪ੍ਰਸਾਦਿ ਦੀ ਪੈਕਿੰਗ ਵਿੱਚ ਸਿਗਰਟ ਦੀ ਮਸ਼ਹੂਰੀ ਵਾਲੀ ਇਤਰਾਜ਼ਯੋਗ ਸਮੱਗਰੀ ਪ੍ਰਿਟਿੰਗ ਹੋਣੀ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਦੱਸਿਆ ਹੈ।ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਗੀ ਨਾਲ ਪੜਤਾਲ ਕਰਵਾਏ ਤੇ ਦੋਸ਼ੀਆਂ ਵਿਰੁੱਧ ਢੁੱਕਵੀ ਕਾਰਵਾਈ ਕਰੇ।