1947 ਤੋਂ ਹੀ ਬਾ-ਦਸਤੂਰ ਜਾਰੀ ਹੈ ਬੇਅਦਬੀ ਦਾ ਸਿਲਸਿਲਾ - ਗੁਰਪ੍ਰੀਤ ਸਿੰਘ ਮੰਡਿਆਣੀ ਦੀ ਕਲਮ ਤੋਂ
ਫਰੀਦਕੋਟ ਦੇ ਇੱਕ ਪਿੰਡ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਈ। ਇਸ ਚੋ ਰੀ ਦਾ ਪੁਲਿਸ ਵੱਲੋਂ ਕੋਈ ਸੁਰਾਗ ਨਾ ਲੱਭ ਸਕਣ ਕਾਰਨ ਪਿੰਡ ਨਿਵਾਸੀਆਂ ਨੇ ਧਰਨੇ ਵਗੈਰਾ ਲਾਏ ਅਤੇ ਇਸ ਦਾ ਸੁਰਾਗ ਦੇਣ ਵਾਲੇ ਨੂੰ ਪਿੰਡ ਵਾਸੀਆਂ ਨੇ ਆਪਣੇ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਤਕਰੀਬਨ 5 ਮਹੀਨੇ ਬਾਅਦ ਕਿਸੇ ਨੇ ਇਸੇ ਗੁਰਦੁਆਰਾ ਸਾਹਿਬ ਦੇ ਬਾਹਰ ਕਿਸੇ ਨੇ ਹੱਥ ਲਿਖਤ ਪੋਸਟਰ ਲਾਏ ਜਿਸ ਵਿੱਚ ਸਿੱਖਾਂ ਨੂੰ ਸ਼ਰੇਆਮ ਚੈਲਿੰਜ ਕੀਤਾ ਗਿਆ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ ਵਿੱਚ ਹੈ ਜੇ ਹਿੰਮਤ ਹੈ ਤਾਂ ਲੱਭ ਕੇ ਦਿਖਾਓ।
ਫੇਰ ਕੁੱਝ ਦਿਨਾਂ ਬਾਅਦ ਇੱਕ ਹੋਰ ਪੋਸਟਰ ਲਾਇਆ ਗਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਸੁਟਾਂਗੇ ਤੇ 11 ਅਕਤੂਬਰ ਨੂੰ ਗੁਰੂ ਸੁਹਬ ਦੇ ਪੰਨੇ ਬਰਗਾੜੀ ਪਿੰਡ ਵਿੱਚ ਖਿਲਰੇ ਪਾਏ ਗਏ। ਇਸ ਤੋਂ ਬਾਅਦ ਦੀਆਂ ਘਟਨਾਵਾਂ ਤੋਂ ਅਸੀਂ ਭਲੀ ਭਾਂਤ ਜਾਣੂ ਹੀ ਹਾਂ। 1 ਜੂਨ ਦੀ ਚੋਰੀ ਵਾਲੀ ਘਟਨਾ ਤੋਂ ਲੈ ਕੇ 14 ਅਕਤੂਬਰ ਪੁਲਿਸ ਫਾਇਰਿੰਗ ਵਾਲੇ ਦਿਨ ਤੱਕ ਬਹੁਤ ਘੱਟ ਲੋਕ ਜਵਾਹਰ ਸਿੰਘ ਵਾਲਾ ਦੀ ਘਟਨਾ ਬਾਰੇ ਜਾਣਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵੀ ਹੋਰਨਾਂ ਅਜਿਹੀਆਂ ਘਟਨਾਵਾਂ ਵਾਂਗ ਅਣਗੌਲੀ ਹੀ ਰਹਿ ਜਾਣੀ ਸੀ ਜੇ ਇਸਦਾ ਲਾਵਾ ਇੰਨ੍ਹੇ ਵੱਡੇ ਪੱਧਰ ਨਾ ਫੁਟਦਾ। ਅਜਿਹੀਆਂ ਘਟਨਾਵਾਂ ਦਾ ਅਸਲ ਮਕਸਦ ਸਿੱਖਾਂ ਨੂੰ ਚਿੜ੍ਹਾ ਕੇ ਉਹਨਾਂ ਨੂੰ ਚੈਲਿੰਜ ਕਰਨਾ ਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਚੈਲਿੰਜ ਦਾ ਸਿਖਰ ਹੈ।
ਜਦੋਂ ਕੋਈ ਕਿਸੇ ਨੂੰ ਗਾਲ੍ਹ ਕੱਢਦਾ ਹੈ ਤਾਂ ਉਹ ਵੀ ਮੂਹਰਲੇ ਬੰਦੇ ਨੂੰ ਚੈਲਿੰਜ ਹੀ ਕਰ ਰਿਹਾ ਹੁੰਦਾ ਹੈ ਅਤੇ ਕਹਿ ਰਿਹਾ ਹੁੰਦਾ ਕਿ ਮੈਂ ਤੇਰੇ ਨਾਲੋਂ ਵੱਧ ਤਾਕਤਵਰ ਹਾਂ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਮੇਰਾ ਕੁੱਝ ਵਿਗਾੜ ਕੇ ਦਿਖਾ। ਸਮੁੱਚੀ ਸਿੱਖ ਕੌਮ ਨੂੰ ਚੈਲਿੰਜ ਕਰਨ ਦੀਆਂ ਘਟਨਾਵਾਂ ਤਾਂ 1947 ਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਈਆਂ ਸਨ ਅਤੇ ਥੋੜ੍ਹੇ ਬਹੁਤ ਫਰਕ ਨਾਲ ਬਾ-ਦਸਤੂਰ ਜਾਰੀ ਹਨ। ਇਹ ਚੈਲਿੰਜ ਸਿੱਖ ਧਾਰਮਿਕ ਚਿੰਨ੍ਹਾਂ ਦੇ ਖਿਲਾਫਤ ਹਿਮਾਕਤ ਭਰੀ ਬਿਆਨਬਾਜ਼ੀ, ਸਿੱਖ ਧਰਮ ਦੇ ਖਿਲਾਫ ਕੋਜੀਆਂ ਟਿੱਪਣੀਆਂ, ਗੁਰਦੁਆਰਿਆਂ ਅਤੇ ਸਰੋਵਰਾਂ ਵਿੱਚ ਸਿਗਰਟ ਬੀੜੀਆਂ ਸੁੱਟਣਾ, ਸਿੱਖਾਂ ਦੇ ਕੇਸ ਕੱਟਣੇ, ਗੁਰਦੁਆਰਿਆਂ ਨੂੰ ਅੱਗ ਲਾਉੇਣਾ, ਰਾਹੀਗੀਰ ਸਿੱਖਾਂ ਦੀਆਂ ਪੱਗਾਂ ਲਾਹਉਣੀਆਂ ਅਤੇ ਕੁੱਟਮਾਰ ਕਰਕੇ ਕੀਤੇ ਜਾਂਦੇ ਸਨ। ਅਕਾਲੀ ਦਲ ਨੇ ਸਿੱਖਾਂ ਨੂੰ ਚੈਲਿੰਜ ਕਰਨ ਵਾਲੀਆਂ ਅਜਿਹੀਆਂ ਕਾਰਵਾਈਆਂ ਦੇ ਖਿਲਾਫ ਮੌਕੇ ਦੀ ਕਾਂਗਰਸ ਸਰਕਾਰ ਹਮੇਂਸ਼ਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਅਜਿਹੇ ਗੁੰਡੇ ਅਨਸਰਾਂ ਦੇ ਖਿਲਾਫ ਕਾਰਵਾਈ ਨਾ ਕਰਕੇ ਉਲਟ ਗੁੰਡਿਆਂ ਨੂੰ ਹੱਲਾਸ਼ੇਰੀ ਦਾ ਸਬੂਤ ਦੇ ਰਹੀ ਹੈ ਸਰਕਾਰ। ਅਕਾਲੀ ਦਲ ਦੀ ਅਗਵਾਈ ਚ ਸਿੱਖਾਂ ਨੇ ਸਰਕਾਰ ਦੇ ਖਿਲਾਫ ਇਸ ਵਿਰੋਧੀ ਰਵੱਈਏ ਦੇ ਖਿਲਾਫ ਵੱਡੇ ਪੱਧਰ ਤੇ ਮੁਜ਼ਾਹਰੇ ਕਰਕੇ ਆਪਣੀ ਨਰਾਜ਼ਗੀ ਦਰਜ ਕਰਾਈ।
ਮਿਸਾਲ ਦੇ ਤੌਰ ਤੇ ਗੁਰਦੁਆਰਿਆਂ ਦੀ ਬੇਹੁਰਮਤੀ ਕੀਤੇ ਜਾਣ ਦੀਆਂ ਹਰਕਤਾਂ ਖਿਲਾਫ ਅਕਾਲੀ ਦਲ ਨੇ 2 ਫਰਵਰੀ 1958 ਨੂੰ ਦਿੱਲੀ ਵਿੱਚ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰਾ-ਜਲੂਸ ਵਿੱਚ 2 ਲੱਖ ਸਿੱਖ ਸ਼ਾਮਿਲ ਹੋਏ ਇਹ ਜਲੂਸ ਪਰੇਡ ਗਰਾਊਂਡ ਤੋਂ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਤੱਕ 8 ਕਿਲੋਮੀਟਰ ਲੰਮਾ ਸੀ। ਉਸੇ ਰਾਤ ਇੱਕ ਰੋਸ ਜਲਸਾ ਵੀ ਹੋਇਆ ਜਿਸ ਵਿੱਚ 4-5 ਲੱਖ ਸਿੱਖ ਸ਼ਮਿਲ ਸਨ। ਇਸ ਜਲਸੇ ਦੀ ਸਰਕਾਰ ਨੇ ਇਹ ਕਹਿ ਕੇ ਨਿੰਦਿਆ ਕੀਤੀ ਕਿ ਸਿੱਖ ਅਤੇ ਸਿੱਖੀ ਦੀ ਬੇਇਜ਼ਤੀ ਕਰਨ ਵਾਲਿਆ ਖਿਲਾਫ ਪੰਜਾਬ ਸਰਕਾਰ ਦਾ ਰੋਲ ਬਹੁਤ ਘਟੀਆ ਹੈ। ਜਲਸੇ ਵਿੱਚ ਇੱਕ ਮਤਾ ਪਾਸ ਕਰਕੇ ਕਿਹਾ ਗਿਆ ਕਿ ਜੇ ਸਰਕਾਰ ਨੇ ਇਨ੍ਹਾਂ ਗੁੰਡਾ ਅਨਸਰਾਂ ਨੂੰ ਨੱਥ ਨਾ ਪਾਈ ਤਾਂ ਪੰਜਾਬ 'ਚ ਸ਼ਾਂਤੀ ਨਹੀਂ ਰਹਿ ਸਕਦੀ। ਉਨ੍ਹੀਂ ਦਿਨੀ ਕੋਈ ਟੈਲੀਵਿਜ਼ਨ ਨਹੀਂ ਸੀ ਹੁੰਦਾ ਬਸ ਇਕੋ ਇੱਕ ਸਰਕਾਰੀ ਰੇਡੀਓ ਹੁੰਦਾ ਸੀ। ਇੱਥੇ ਵੱਡੀ ਗੱਲ ਇਹ ਹੈ ਕਿ ਆਲ ਇੰਡੀਆ ਰੇਡੀਓ ਨੇ ਇੰਨ੍ਹੇ ਭਾਰੀ ਜਲਸੇ ਅਤੇ ਜਲੂਸ ਦੀ ਖਬਰ ਤੱਕ ਨਾ ਦਿੱਤੀ ਜਿਸਤੋਂ ਜਾਹਿਰ ਹੁੰਦਾ ਕਿ ਸਰਕਾਰ ਨੂੰ ਸਿੱਖਾਂ ਦੀ ਹੋ ਰਹੀ ਧਾਰਮਿਕ ਬੇਇੱਜ਼ਤੀ ਨਾਲ ਕੋਈ ਸਾਰੋਕਾਰ ਨਹੀਂ ਸੀ। ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੀ ਕੀਤੀ ਗਈ ਬੇਅਬਦੀ ਦੇ ਖਿਲਾਫ 11 ਅਗਸਤ 1957 ਤੋਂ 12 ਦਿਨਾਂ ਦਾ ਬਕਾਇਦਾ ਰੋਸ ਵੀ ਮਨਾਇਆ ਗਿਆ ਸੀ। ਗੱਲ ਗੁਰਦੁਆਰਿਆਂ ਦੀ ਬੇਅਬਦੀ ਤੱਕ ਹੀ ਸੀਮਿਤ ਨਹੀਂ ਸਗੋਂ ਇਸ ਨੂੰ ਵਾਜਬ ਠਹਿਰਾ ਕੇ ਸਿੱਖਾਂ ਨੂੰ ਹੋਰ ਚਿੜ੍ਹਾਇਆ ਜਾਂਦਾ ਸੀ। ਉਨ੍ਹੀ ਦਿਨੀ ਅਮ੍ਰਿਤਸਰ ਦੇ ਇੱਕ ਆਗੂ ਬੰਸੀ ਲਾਲ ਨੇ ਬਿਆਨ ਦਿੱਤਾ ਕਿ “ਦਰਬਾਰ ਸਾਹਿਬ ਪਵਿੱਤਰ ਕਿਵੇਂ ਹੋ ਸਕਦਾ ਹੈ ਇਸ ਦੀ ਨੀਂਹ ਤਾਂ ਗਊ ਖਾਣ ਵਾਲੇ ਇੱਕ ਮੁਸਲਮਾਨ ਨੇ ਰੱਖੀ ਹੈ” । (ਸਿੱਖ ਤਵਾਰੀਖ : ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਫਾ 1112)
ਅਮ੍ਰਿਤਸਰ ਦੇ ਸਿੰਘ ਬ੍ਰਦਰਜ਼ ਪਬਲੀਸ਼ਰ ਵੱਲੋਂ ਛਾਪੀ ਗਈ ਕਿਤਾਬ ਸਿੱਖ ਤਵਾਰੀਖ ਦੇ ਸਫਾ 1113 ਤੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਸਿਰਫ 1957 ਦੇ ਸਾਲ ਵਿੱਚ ਹੀ ਸਿੱਖਾਂ ਨੂੰ ਚਿੜਾਉਣ ਅਤੇ ਸ਼ਰੇਆਮ ਚੈਲਿੰਜ ਕਰਨ ਵਾਲੀਆਂ ਕੁੱਝ ਕੁ ਹੇਠ ਲਿਖੀਆਂ ਮਿਸਾਲਾਂ ਇਸ ਤਰ੍ਹਾਂ ਹਨ।
ਸਿੱਖਾਂ ਦੇ ਖਿਲਾਫ ਉਨ੍ਹਾਂ ਦਿਨਾਂ ਵਿੱਚ ਹੇਠ ਲਿਖੀਆਂ ਘਟਨਾਵਾਂ ਵੀ ਹੋਈਆਂ:
1. 17 ਜੁਲਾਈ ਨੂੰ ਦਰਬਾਰ ਸਾਹਿਬ 'ਚ ਸਿਗਰਟਾਂ ਸੁਟੀਆਂ ਗਈਆਂ।
2. 31-7-57 ਨੂੰ ਬਲਦੇਵ ਰਾਜ ਨਾਂ ਦੇ ਇੱਕ ਬੰਦੇ ਨੇ ਇੱਕ ਅਜੀਤ ਸਿੰਘ ਦੇ ਕੇਸ ਕੱਟੇ (ਬਲਦੇਵ ਰਾਜ ਨੂੰ ਇੱਕ ਸਾਲ ਦੀ ਨੇਕ ਚਲਣੀ ਦੀ ਜ਼ਮਾਨਤ ਲੈ ਕੇ ਛੱਡ ਦਿੱਤਾ ਗਿਆ)
3. 1-8-1957 ਨੂੰ ਅੰਮ੍ਰਿਤਸਰ ਵਿੱਚ ਲਛਮਨਸਰ ਚੌਂਕ ਤੋਂ ਚਾਟੀ ਵਿੰਡ ਤੱਕ ਸੁਖਮਨੀ ਸਾਹਿਬ ਦਾ ਗੁਟਕਾ ਟੁਕੜੇ-ਟੁਕੜੇ ਕਰ ਕੇ ਖਲੇਰਿਆ ਗਿਆ।
4. ਇਸੇ ਦਿਨ ਗੁਰਬਚਨ ਸਿੰਘ ਕੁਲਦੀਪ ਸਿੰਘ ਕਲਾਥ ਸਟੋਰ ਪਟਿਆਲਾ ਨੂੰ ਡਾਕ ਰਾਂਹੀ ਸਿਗਰਟਾਂ ਭੇਜੀਆਂ ਗਈਆਂ।
5. 3 ਅਗਸਤ ਨੂੰ ਠਾਕੁਰ ਦਾਸ ਨੂੰ ਚੌਂਕ ਬਾਬਾ ਸਾਹਿਬ ਅਮ੍ਰਿੰਤਸਰ ਵਿੱਚ ਪੰਜਾਬੀ ਦੀ ਪਲੇਟ ਮਿਟਾਂਦਾ ਫੜਿਆ ਗਿਆ। ਉਸ ਨੇ ਮੰਨਿਆ ਕਿ ਜਨਸੰਘੀ ਨੇਤਾ ਪ੍ਰੇਮ ਨਾਥ ਨੇ ਉਸ ਨੂੰ ਅਜਿਹਾ ਕਰਨ ਵਾਸਤੇ ਕਿਹਾ ਸੀ।
6. 5 ਅਗਸਤ ਨੂੰ ਅਰਜਨ ਸਿੰਘ (ਬਾਲਮੀਕੀ ਗੇਟ, ਜਲੰਧਰ) ਦੇ ਵਾਲ ਕੱਟੇ ਗਏ।
7. 16 ਅਗਸਤ ਨੂੰ ਗੁਰਦੁਆਰਾ ਸੇਵਕ ਜਥਾ ਪਟਿਆਲਾ ਵਿੱਚ ਸਿਗਰਟਾਂ ਸੁਟੀਆਂ ਗਈਆਂ।
8. 25 ਅਗਸਤ ਨੂੰ ਧਰਮ ਪਾਲ ਮਿਊਂਸਪਲ ਕਮਿਸ਼ਨਰ ਅਮ੍ਰਿੰਤਸਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ।
9. 13 ਸਤੰਬਰ ਨੂੰ ਹਿਸਾਰ ਦੇ ਗੁਰਦੁਆਰਾ ਸਿੰਘ ਸਭਾ 'ਚ ਸਿਗਰਟਾਂ ਸੁਟੀਆਂ ਗਈਆਂ।
10. 26 ਸਤੰਬਰ ਨੂੰ ਇੱਕ ਰਵੇਲ ਸਿੰਘ ਦੇ ਸਿਰ ਉਪਰ ਨੰਦੀ ਨਾਂ ਦੇ ਇੱਕ ਬੰਦੇ ਨੇ ਬਲਦੀ ਸਿਗਰਟ ਸੁੱਟੀ।
11. 9 ਨਵੰਬਰ ਨੂੰ ਬਟਾਲੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾੜਿਆ ਗਿਆ।
12. 9 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜ ਕੇ ਬਠਿੰਡੇ ਦੇ ਇੱਕ ਗੁਰਦੁਆਰੇ 'ਚ ਸੁੱਟੇ ਗਏ।
13. 16 ਨਵੰਬਰ 1957 ਨੂੰ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਵਿੱਚ ਬੰਬ ਰੱਖਿਆ ਗਿਆ।
14. ਦਸੰਬਰ ਸ਼ੁਰੂ 'ਚ ਦਰਬਾਰ ਸਾਹਿਬ ਸਰੋਵਰ 'ਚ ਸਿਗਰਟਾਂ ਸੁਟੀਆਂ ਗਈਆਂ ਤੇ ਇੱਕ ਪੋਸਟਰ ਤੇ ਧਮਕੀ ਦਿੱਤੀ ਕਿ 'ਹਰ ਮਹੀਨੇ ਸੁੱਟਾਂਗੇ'।
15. 30-31 ਦਸੰਬਰ 1957 ਦੀ ਰਾਤ ਨੂੰ ਮਾਸਟਰ ਤਾਰਾ ਸਿੰਘ ਦੇ ਘਰ ਦੇ ਬਾਹਰ ਇੱਕ ਜੱਗ ਵਿੱਚ ਗੁਟਕੇ ਦੇ ਟੁਕੜੇ ਪਾਣੀ ਵਿੱਚ ਤੰਬਾਕੂ ਮਿਲਾ ਕੇ ਲਟਕਾ ਦਿੱਤਾ।
16. ਦਿੱਲੀ (ਬੰਗਲਾ ਸਾਹਿਬ) ਅਤੇ ਦੁਖ ਨਿਵਾਰਨ (ਪਟਿਆਲਾ) 'ਚ ਵੀ ਸਿਗਰਟਾਂ ਸੁਟੀਆਂ ਗਈਆਂ।
17. ਸੀਸ ਗੰਜ ਦਿੱਲੀ 'ਤੇ ਰੋੜੇ, ਇੱਟਾਂ, ਤੇ ਜੁੱਤੀਆਂ ਸੁਟੀਆਂ ਗਈਆਂ।
ਇਸ ਤੋਂ ਬਾਅਦ ਸਿੱਖਾਂ ਨੂੰ ਚਿੜਾਉਣ ਵਾਲਾ ਸਿਲਸਿਲਾ ਕਦੇ ਵੀ ਨਹੀਂ ਰੁਕਿਆ। ਹਾਂ ਵਕਤ ਮੁਤਾਬਿਕ ਇਸ ਦੀ ਸ਼ਿੱਦਤ ਕਦੇ ਗਰਮ ਅਤੇ ਕਦੇ ਠੰਡੀ ਹੁੰਦੀ ਗਈ। 1981 ਵਿੱਚ ਅਕਾਲੀ ਦਲ ਨੇ ਅਮ੍ਰਿਤਸਰ ਸ਼ਹਿਰ ਨੂੰ ਸਰਾਬ ਅਤੇ ਤੰਬਾਕੂ ਮੁਕਤ ਕਰਕੇ ਇਸ ਨੂੰ ਪਵਿੱਤਰ ਸਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਸਿੱਖ ਜੱਥੇਬੰਦੀਆਂ ਨੇ ਇਸ ਮੰਗ ਤੇ ਜ਼ੋਰ ਦੇਣ ਲਈ 31 ਮਈ 1981 ਨੂੰ ਅਮ੍ਰਿਤਸਰ ਸਹਿਰ ਵਿੱਚ ਇੱਕ ਜਲੂਸ ਕੱਢਣ ਦਾ ਫੈਸਲਾ ਕੀਤਾ। ਸਿੱਖਾਂ ਦੀ ਮੰਗ ਦੇ ਵਿਰੋਧੀਆਂ ਦੇ ਇਸ ਦੇ ਖਿਲਾਫ 2 ਦਿਨ ਪਹਿਲਾਂ 29 ਮਈ ਨੂੰ ਇੱਕ ਜਲੂਸ ਕੱਢਿਆ ਜਿਸ ਵਿੱਚ ਸਿੱਖਾਂ ਨੂੰ ਬੜੇ ਘਟੀਆ ਤਰੀਕੇ ਨਾਲ ਚਿੜਾ ਕੇ ਚੈਲਿੰਜ ਕੀਤਾ ਗਿਆ। ਇਸ ਜਲੂਸ ਵਿੱਚ ਤ੍ਰਿਸ਼ੂਲਾਂ ਅਤੇ ਸੋਟੀਆਂ ਉਤੇ ਸਿਗਰਟਾਂ ਅਤੇ ਬੀੜੀਆਂ ਬੰਨ ਕੇ ਉਛਾਲੀਆਂ ਗਈਆਂ ਅਤੇ ਨਾਅਰੇ ਵੀ ਲਾਏ ਗਏ ਕਿ ਸਿਗਰਟ ਬੀੜੀ ਪੀਏਂਗੇ ਔਰ ਸਾਨ ਸੇ ਜੀਏਂਗੇ। ਹੋਰ ਨਾਅਰੇ ਇਸ ਤਰ੍ਹਾਂ ਸਨ ਕੱਛ, ਕੜਾ, ਕਿਰਪਾਨ, ਸਿੱਖਾਂ ਨੂੰ ਭੇਜੋ ਪਾਕਿਸਤਾਨ। ਉੜੀ, ਐੜੀ ਨਹੀਂ ਪੜੇਂਗੇ ਜੂੜਾ ਜੂੜੀ ਕਾਟ ਧਰੇਂਗੇ। ਮਾਰਚ 1983 ਵਿੱਚ ਹਰਬੰਸ ਲਾਲ ਖੰਨਾ ਦੀ ਅਗਵਾਈ ਵਿੱਚ ਇੱਕ ਹਜੂਮ ਨੇ ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੁਸ਼ੋਭਿਤ ਸ਼੍ਰੀ ਦਰਬਾਰ ਸਾਇਬ ਦੇ ਮਾਡਲ ਨੂੰ ਭੰਨਿਆ ਤੇ ਉਥੇ ਲੱਗੀ ਗੁਰੂ ਰਾਮ ਦਾਸ ਦੀ ਫੋਟੋ ਨੂੰ ਬੜੇ ਕੋਝੇ ਤਰੀਕੇ ਨਾਲ ਬੇਹੁਰਮਤੀ ਕੀਤੀ ਪਰ ਸਰਕਾਰ ਨੇ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਤਾਜ਼ਾ ਘਟਨਾ 30 ਅਤੇ 31 ਅਗਸਤ 2012 ਨੁੰ ਲੁਧਿਆਣਾ ਜਿਲ੍ਹੇ ਦੇ ਠਾਣਾ ਸਾਹਨੇਵਾਲ ਦੇ ਪਿੰਡ ਮਜਾਰਾ ਵਿੱਚ ਹੋਈ। ਪਾਠ ਕਰ ਰਹੇ ਪਾਠੀ ਤੇ ਜਾ ਕੇ ਇੱਕ ਦਰਜਨ ਦੇ ਕਰੀਬ ਭਈਆਂ ਨੇ ਹਮਲਾ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ। ਮੌਕੇ ਤੇ ਇੱਕ ਬਿਹਾਰੀ ਦਲੀਪ ਕੁਮਾਰ ਨੂੰ ਫੜਕੇ ਸੰਗਤਾਂ ਨੇ ਠਾਣੇ ਫੜਾ ਦਿੱਤਾ। ਅਗਲੇ ਦਿਨ 1 ਸਤਬੰਰ ਨੂੰ ਪਿੰਡ ਕੁੱਬੇ ਦੇ ਇੱਕ ਅਮ੍ਰਿਤਧਾਰੀ ਸਿੰਘ ਮਨਦੀਪ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਠਾਣੇ ਜਾ ਕੇ ਹੀ ਦਲੀਪ ਕੁਮਾਰ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਉਹ ਬਚ ਗਿਆ। ਇਸ ਕੇਸ ਵਿੱਚ ਮਨਦੀਪ ਸਿੰਘ ਨੂੰ 5 ਸਾਲ ਦੀ ਸ਼ਜਾ ਹੋਈ ਤੇ ਦਲੀਪ ਕੁਮਾਰ ਨੂੰ 2 ਸਾਲ ਦੀ ਉਸ ਤੇ ਦਫਾ 295 ਅਤੇ 295-ਏ ਦਾ ਪਰਚਾ ਦਰਜ ਹੋਇਆ ਸੀ। ਇਹ ਦਫਾ ਲਾਉਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਪੁਲਿਸ ਵੱਲੋਂ ਮਨਜ਼ੂਰੀ ਮੰਗਣ ਤੇ ਵੀ ਸਰਕਾਰ ਨੇ ਅੰਤ ਤੱਕ ਇਹ ਮਨਜ਼ੂਰੀ ਨਹੀਂ ਦਿੱਤੀ। ਮੁਦਈ ਪੱਖ ਦੇ ਵਕੀਲ ਸ਼੍ਰ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ 295 ਤਹਿਤ ਬਿਨਾਂ ਮਨਜ਼ੂਰੀ ਤੋਂ ਅਦਾਲਤ ਉਸਨੂੰ ਬਰੀ ਕਰਨ ਦਾ ਹੱਕ ਰੱਖਦੀ ਸੀ। ਪਰ ਮੈਂ ਬਹੁਤ ਸਾਰੇ ਫੈਸਲਿਆਂ ਦੇ ਹਵਾਲੇ ਅਦਾਲਤ ਨੂੰ ਦਿੱਤੇ ਜਿਸ ਵਿੱਚ ਦਿਖਾਇਆ ਗਿਆਂ ਸੀ ਕਿ 295 'ਚ ਅਦਾਲਤ ਆਪਣੀ ਮਰਜ਼ੀ ਨਾਲ ਬਿਨ ਸਰਕਾਰੀ ਮਨਜ਼ੂਰੀ ਤੋਂ ਵੀ ਸ਼ਜਾ ਦੇ ਸਕਦੀ ਹੈ। ਪਰ ਸਰਕਾਰੀ ਮਨਜ਼ੂਰੀ ਦੀ ਘਾਟ ਕਾਰਨ ਉਹ 295-ਏ ਦੇ ਤਹਿਤ ਉਸ ਨੂੰ ਸ਼ਜਾ ਨਹੀ ਮਿਲ ਸਕੀ। ਪੁਲਿਸ ਤਫਤੀਸ਼ ਵਿੱਚ ਮੁਜਰਮ ਤੋਂ ਇਹ ਵੀ ਨਹੀਂ ਪੁਛਿਆ ਗਿਆ ਕਿ ਉਹ ਨੇ ਇਹ ਜੁਰਮ ਕਿਉਂ ਕੀਤਾ ਜਾਂ ਕੀਹਦੇ ਕਹਿਣ ਤੇ ਕੀਤਾ।
ਗੁਰਪ੍ਰੀਤ ਸਿੰਘ ਮੰਡਿਆਣੀ
- 8872664000