ਦਿੱਲੀ ਨੇ ਦਮੋਂ ਕੱਢਿਆ ਦੁੱਲਾ ਜੱਟ ਤਾਂਹੀ ਸੱਥਰ ਵਿਛਣੇ ਹੋਏ ਨੀ ਘੱਟ
ਅਸ਼ੋਕ ਵਰਮਾ
ਬਠਿੰਡਾ,22 ਫਰਵਰੀ 2024:ਕੋਈ ਵੇਲਾ ਸੀ ਜਦੋਂ ਪੰਜਾਬ ਦਾ ਦੁੱਲਾ ਜੱਟ ਆਪਣੀ ਮਿਹਨਤ ਕਾਰਨ ਦਮਗਜੇ ਮਾਰਦਾ ਸੀ ਪਰ ਪਿਛਲੇ ਤਿੰਨ ਦਹਾਕਿਆਂ ਦੌਰਾਨ ਲਿਆਂਦੀਆਂ ਕਾਰਪੋਰੇਟ ਪੱਖੀ ਅਤੇ ਧਨਾਢ ਪ੍ਰਸਤ ਨੀਤੀਆਂ ਨੇ ਦੁੱਲੇ ਜੱਟ ਦਮੋਂ ਕੱਢਕੇ ਰੱਖ ਦਿੱਤੇ ਹਨ। ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਕਹਾਵਤ ਪੰਜਾਬ ਦੇ ਇੰਨ੍ਹਾਂ ਦੁੱਲਿਆਂ ਤੇ ਢੁੱਕਣ ਲੱਗੀ ਹੈ ਜੋ ਪਹਿਲਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਜਦੋਂਕਿ ਹੁਣ ਉਸ ਵਕਤ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਫਿਰ ਦਿੱਲੀ ਵੱਲ ਮੂੰਹ ਕਰਨਾ ਪਿਆ ਹੈ। ਹੁਣ ਤਾਂ ਇੰਜ ਜਾਪਣ ਲੱਗਿਆ ਹੈ ਕਿ ਦੇਸ਼ ਦੇ ਅਨਾਜ ਦਾ ਭੜੋਲਾ ਭਰਨ ਦੇ ਨਾਲ ਨਾਲ ਹੱਕਾਂ ਖਾਤਰ ਲੜਾਈ ਲੜਨ ਦੀ ਜਿੰਮੇਵਾਰੀ ਪੰਜਾਬ ਦੇ ਕਿਸਾਨ ਦੇ ਹਿੱਸੇ ਹੀ ਆ ਗਈ ਹੈ ।
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਅਗਵਾਈ ਹੇਠ ਮੋਰਚੇ ’ਚ ਸ਼ਾਮਲ ਕਿਸਾਨ ਧਿਰਾਂ ਨੇ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੇ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਕੇਂਦਰ ’ਚ ਸੱਤਾਧਾਰੀ ਮੋਦੀ ਸਰਕਾਰ ਖਿਲਾਫ ਕਿਸਾਨ ਮੋਰਚਾ ਲਾਇਆ ਹੋਇਆ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਏ ਤਾਂ ਜੋ ਉਨ੍ਹਾਂ ਦੇ ਅੱਧੇ ਫਿਕਰ ਮੁੱਕ ਜਾਣ। ਆਪਣੀ ਗੱਲ ਸੁਨਾਉਣ ਤੁਰੇ ਇੰਨ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਦੀਆਂ ਲਾਠੀਆਂ ,ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਕਾਰਵਾਈ ਦੌਰਾਨ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਦਾ ਮਾਪਿਆਂ ਦਾ ਇਕਲੌਤਾ ਪੁੱਤ ਸ਼ਭਕਰਨ ਸਿੰਘ ਸਰਕਾਰੀ ਬਾਰੂਦ ਨੇ ਨਿਗਲ ਲਿਆ ਹੈ।
ਪਿਤਾ ਚਰਨਜੀਤ ਸਿੰਘ ਦੇ ਘਰ ਦਾ ਚਾਨਣ ਹਕੂਮਤਾਂ ਦੇ ਵਤੀਰੇ ਨੇ ਹਨੇਰਾ ਕਰ ਦਿੱਤਾ ਹੈ। ਇਸ ਸਧਾਰਨ ਕਿਸਾਨ ਨੇ ਪਹਿਲਾਂ ਮੁਲਕ ਨੂੰ ਅੰਨ ਪੈਦਾ ਕਰਕੇ ਦਿੱਤਾ ਅਤੇ ਹੁਣ ਪੁੱਤ ਵੀ ਕਿਸਾਨੀ ਲੇਖੇ ਲਾ ਦਿੱਤਾ। ਮਾਪਿਆਂ ਨੇ ਕਦੇ ਸੋਚਿਆ ਨਹੀਂ ਸੀ ਖੇਤ ਬਚਾਉਣ ਤੇ ਜਮੀਨਾਂ ਦੀ ਪੱਤ ਖਾਤਰ ਘਰੋਂ ਤੋਰਿਆ ਪੁੱਤ ਹੀ ਗੁਆ ਬੈਠਣਗੇ। ਪਿੰਡ ਬੱਲ੍ਹੋ ’ਚ ਗੱਭਰੂ ਦੀ ਮੌਤ ਕਾਰਨ ਮਾਤਮੀ ਸਨਾਟਾ ਬਣਿਆ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ਕਿ ਦਿੱਲੀ ਦਾ ਚਿਹਰਾ ਏਨਾ ਕਰੂਰ ਹੋ ਗਿਆ ਕਿ ਉਨ੍ਹਾਂ ਦਾ ਚਿਰਾਗ ਬੁਝਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਪੁੱਤਾਂ ਦੀ ਇਹੋ ਫਿਜ਼ਾ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਕੇ ਹੋਏ ਕਿਸਾਨ ਹਾਕਮ ਧਿਰ ਦੇ ਲੀਡਰਾਂ ਸਮੇਤ ਸਮੂਹ ਸਿਆਸੀ ਧਿਰਾਂ ਨੂੰ ਘਰਾਂ ਦੀ ਹਵਾ ਤੱਕ ਸੀਮਿਤ ਕਰ ਦੇਣਗੇ ।
ਕਿਸਾਨ ਆਖਦੇ ਹਨ ਕਿ ਉਹ ਕੇਂਦਰ ਸਰਕਾਰ ਤੋਂ ਸ਼ਮਸ਼ਾਨ ਘਾਟਾਂ ਜਾਂ ਖੜਵੰਜਿਆਂ ਵਾਸਤੇ ਗਰਾਂਟਾਂ ਨਹੀਂ ਮੰਗ ਰਹੇ ਹਨ,ਉਨਾਂ ਦੀ ਤਰਜ਼ੀਹ ਪਹਿਲਾਂ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਢਿੱਡ ਦੀ ਅੱਗ ਹੈ ਜਿਸ ਨੂੰ ਕਾਰਪੋਰਟ ਘਰਾਣਿਆਂ ਦੇ ਮੁਨਾਫਿਆਂ ਦਾ ਸੇਕ ਲੱਗਣ ਦਾ ਖਤਰਾ ਸਤਾ ਰਿਹਾ ਹੈ। ਰੌਚਕ ਪਹਿਲੂ ਹੈ ਕਿ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਠਿੰਡਾ ਰੈਲੀ ਵਿਚ ਕਿਸਾਨਾਂ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ। ਮਗਰੋਂ ਮਲੋਟ ਦੀ ਕਿਸਾਨ ਰੈਲੀ ’ਚ ਦੁਰਹਾਇਆ ਸੀ ਕਿ ‘ਨਰਮਾ ਹੁਣ ਨਰਮ ਨਹੀਂ ਰਹਿਣ ਦੇਣਾ। ਪ੍ਰਧਾਨ ਮੰਤਰੀ ਨੇ ਤਾਂ ਖੇਤੀ ਕਾਨੂੰਨ ਵਾਪਿਸ ਲੈਣ ਵੇਲੇ ਵੀ ਆਪਣੀ ਗਲਤੀ ਮੰਨੀ ਸੀ । ਹੁਣ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਤਕਦੀਰ ਬਦਲਣ ਦੀ ਗੱਲ ਆਖੀ ਜਾ ਰਹੀ ਹੈ ਪਰ ਚਲਾਈਆਂ ਗੋਲੀਆਂ ਜਾ ਰਹੀਆਂ ਹਨ।
ਅੱਤਵਾਦ ਵਰਗੀ ਸੱਟ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਦੇ ਆਗੂ ਬਲਵਿੰਦਰ ਸਿੰਘ ਦਾ ਪ੍ਰਤੀਕਰਮ ਸੀ ਕਿ ਹਰਿਆਣਾ ਸਰਕਾਰ ਦਾ ਹੱਲਾ ਅੱਤਵਾਦ ਵਰਗੀ ਸੱਟ ਹੈ। ਉਨ੍ਹਾਂ ਰੋਹ ਵਿਚ ਆਖਿਆ ਕਿ ਸਾਨੂੰ ਸੜਕਾਂ ਤੇ ਬਿਠਾ ਕੇ ਨੇਤਾ ਖੁਦ ਗੱਦੀ ਤੇ ਚੈਨ ਨਾਲ ਨਹੀਂ ਬੈਠ ਸਕਣਗੇ।
ਵੋਟਾਂ ਭਾਲਦੀਆਂ ਸਿਆਸੀ ਧਿਰਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਖੇਤੀ ਪ੍ਰਧਾਨ ਸੂਬੇ ਦੇ ਸਿਆਸੀ ਵਾਰਿਸ ਪੰਜਾਬ ਦੀ ਖੇਤੀ ਨੂੰ ਕੋਈ ਬਦਲ ਨਾ ਦਿਖਾ ਸਕੇ ਜਿਸ ਕਰਕੇ ਨੌਬਤ ਇੱਥੋਂ ਤੱਕ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਥੋਂ ਜ਼ਿੰਦਗੀ ਅਤੇ ਜਮੀਨ ਰੇਤ ਵਾਂਗ ਕਿਰਦੀ ਰਹੀ ਪਰ ਹਰ ਸਿਆਸੀ ਧਿਰ ਨੇ ਵੋਟਾਂ ਤਾਂ ਭਾਲੀਆਂ ਕਿਸਾਨੀ ਦਾ ਭਲਾ ਨਹੀਂ ਸੋਚਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੈਲੀਆਂ ਸਰਕਾਰਾਂ ਦੀ ਗਿਣਤੀ ਮਿਣਤੀ ਵਿੱਚ ਨਹੀਂ ਰਹੀਆਂ ਜੇ ਹੁੰਦੀਆਂ ਤਾਂ ਅੱਜ ਅੱਥਰੂ ਗੈਸ ਦੇ ਗੋਲੇ ਨਹੀਂ ਚੱਲਣੇ ਸਨ।
ਕੰਧ ਤੇ ਲਿਖਿਆ ਪੜ੍ਹੇ ਕੇਂਦਰ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਇਕੱਠੀ ਹੁੰਦਿਆਂ ਦੇਰ ਨਹੀਂ ਲੱਗਣੀ ਜਿਸ ਕਰਕੇ ਹੁਣ ਕੇਂਦਰ ਨੂੰ ਕਿਸਾਨਾਂ ਤੇ ਜਬਰ ਕਰਨ ਤੋਂ ਪਹਿਲਾਂ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਅਤੇ ਟੋਲ ਪਲਾਜਿਆਂ ਨੂੰ ਫਰੀ ਕਰਕੇ ਕੇਂਦਰ ਨੂੰ ਕਿਸਾਨੀ ਰੋਹ ਤੋਂ ਜਾਣੂੰ ਕਰਵਾ ਦਿੱਤਾ ਹੈ । ਇਹ ਵੀ ਦੱਸਿਆ ਹੈ ਕਿ ਲੋੜ ਪਈ ਤਾਂ ਕਿਸਾਨ ਘੋਲ ਦਾ ਦਾਇਰਾ ਹੋਰ ਵੀ ਮੋਕਲਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕਿਸਾਨੀ ਕੁੱਝ ਵੱਖਰਾ ਤਾਂ ਨਹੀਂ ਮੰਗ ਰਹੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਹੀ ਕਿਹਾ ਜਾ ਰਿਹਾ ਹੈ।