14 ਮਾਰਚ ਦੀ ਦਿੱਲੀ ਮਹਾ ਪੰਚਾਇਤ ਮੋਦੀ ਸਰਕਾਰ ਦਾ ਹੰਕਾਰ ਭੰਨ ਸੁੱਟੇਗੀ : ਬੈਂਸ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਮਾਰਚ,2024 : ਸੰਯੁਕਤ ਕਿਸਾਨ ਮੋਰਚੇ ਵਲੋਂ 14 ਮਾਰਚ ਨੂੰ ਰਾਮ ਲੀਲਾ ਗਰਾਉਂਡ ਦਿੱਲੀ ਵਿਖੇ ਕੀਤੀ ਜਾ ਰਹੀ ਆਲ ਇੰਡੀਆ ਕਿਸਾਨ ਮਹਾ ਪੰਚਾਇਤ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡਾਂ ਵਿਚ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।ਜਿਸਦੀ ਲੜੀ ਵਜੋਂ ਯੂਨੀਅਨ ਵਲੋਂ ਪਿੰਡ ਸ਼ਹਾਬ ਪੁਰ ਵਿਖੇ ਕਿਸਾਨਾਂ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਬਲਾਕ ਪ੍ਰਧਾਨ ਪਰਮਜੀਤ ਸਿੰਘ ਸ਼ਹਾਬ ਪੁਰ, ਜਥੇਦਾਰ ਤਾਰਾ ਸਿੰਘ ਮਾਨ, ਜੁਗਿੰਦਰ ਸਿੰਘ ਕੰਗ, ਕਸ਼ਮੀਰ ਸਿੰਘ ਬੈਂਸ ,ਪਰਮਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਕੌਮੀ ਪੱਧਰੀ ਮਹਾ ਪੰਚਾਇਤ ਦੀ ਵੱਡੀ ਮਹੱਤਤਾ ਹੈ।ਮੋਦੀ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਕਿਸਾਨਾਂ ਨਾਲ ਤਾਨਾਸ਼ਾਹ ਰਵੱਈਆ ਅਪਣਾ ਰਹੀ ਹੈ।ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਨੂੰ ਜਬਰ ਦੇ ਸਹਾਰੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਜਬਰ ਢਾਹੁਣ ਨੂੰ ਆਪਣਾ ਜਨਮਸਿੱਧ ਅਧਿਕਾਰ ਦਰਸਾ ਰਹੀ ਹੈ।ਉਹਨਾਂ ਕਿਹਾ ਕਿ ਦਿੱਲੀ ਦੀ ਮਹਾ ਪੰਚਾਇਤ ਦਾ ਇਕੱਠ ਅਤੇ ਇਸ ਵਿਚ ਲਏ ਜਾਣ ਵਾਲੇ ਫੈਸਲੇ ਮੋਦੀ ਸਰਕਾਰ ਦਾ ਸਾਰਾ ਹੰਕਾਰ ਭੰਨ ਸੁੱਟਣਗੇ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਵੱਲ ਚਾਲੇ ਪਾਉਣ।ਇਸ ਮੀਟਿੰਗ ਵਿਚ ਹਰਬੰਸ ਸਿੰਘ ਧੰਜਲ, ਸੁੱਚਾ ਸਿੰਘ ਬੈਂਸ, ਗੁਰਦੇਵ ਸਿੰਘ ਕੰਗ ,ਗੁਰਨੇਕ ਸਿੰਘ ਸੰਘਾ ,ਅਮਰੀਕ ਸਿੰਘ ਸੰਘਾ, ਪ੍ਰੇਮ ਸਿੰਘ, ਮਹਿੰਦਰ ਪਾਲ, ਬਹਾਦਰ ਸਿੰਘ ਸੰਘਾ, ਨਵਪ੍ਰੀਤ ਸਿੰਘ ਸੰਘਾ, ਸਤਨਾਮ ਸਿੰਘ ਬੈਂਸ ਅਤੇ ਸੁੱਚਾ ਸਿੰਘ ਕਿਸਾਨ ਵੀ ਹਾਜਰ ਸਨ।
ਕੈਪਸ਼ਨ : ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ।