ਹਰਿਆਣਾ ਵਿਚ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਚੌਕਸੀ ਵਧਾਈ
- 14 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦੀ ਤੇ ਹੋਰ ਕੀਮਤੀ ਵਸਤੂਆਂ ਜਬਤ
- 435 ਫਲਾਇੰਗ ਸਕੁਆਡ ਅਤੇ 377 ਸਟੇਟਿਕ ਸਰਵੀਲਾਂਸ ਟੀਮਾਂ ਗਠਨ
ਚੰਡੀਗੜ੍ਹ,10 ਸਤੰਬਰ 2024 - ਹਰਿਆਣਾ ਦੇ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਆਮ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਵੱਲੋਂ ਗੁਆਂਢੀ ਸੂਬਿਆਂ ਦੇ ਨਾਲ ਚੋਣ ਨੂੰ ਲੈ ਕੇ ਇੰਟਰ-ਸਟੇਟ ਬੋਰਡ 'ਤੇ ਤਾਲਮੇਲ ਲਈ ਬੁਲਾਈ ਗਈ ਮੀਟਿੰਗ ਦੌਰਾਨ ਰਾਜ ਵਿਚ ਵਿਆਪਕ ਚੋਣ ਤਿਆਰੀਆਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਡਾ. ਪ੍ਰਸਾਦ ਨੇ ਦਸਿਆ ਕਿ ਚੋਣ ਐਲਾਨ ਦੇ ਬਾਅਦ ਤੋਂ ਹੁਣ ਤਕ ਸੂਬੇ ਵਿਚ ਕੁੱਲ 14 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦੀ ਤੇ ਕੀਮਤੀ ਵਸਤੂਆਂ ਜਬਤ ਕੀਤੀ ਗਈਆਂ ਹਨ। ਜਬਤ ਕੀਤੇ ਗਏ ਸਮਾਨ ਵਿਚ 10.45 ਲੱਖ ਰੁਪਏ ਦੀ ਨਗਦੀ, 2.44 ਲੱਖ ਲੀਟਰ ਸ਼ਰਾਬ, 436.55 ਲੱਖ ਰੁਪਏ ਦੀ 2,079 ਕਿਲੋ ਡਰੱਗਸ, 30.5 ਕਿਲੋ ਕੀਮਤੀ ਧਾਤੂ ਅਤੇ 134.98 ਲੱਖ ਰੁਪਏ ਮੁੱਲ ਦਾ ਹੋਰ ਕੀਮਤੀ ਸਮਾਨ ਜਬਤ ਕੀਤਾ ਹੈ।
ਮੁੱਖ ਸਕੱਤਰ ਨੇ ਦਸਿਆ ਕਿ ਕਾਨੂੰਨ ਵਿਵਸਥਾ ਨੂੰ ਹੋਰ ਮਜਬੂਤ ਬਨਾਉਣ ਲਈ ਪੂਰੇ ਸੂਬੇ ਵਿਚ 435 ਫਲਾਇੰਗ ਸਕੁਆਡ ਅਤੇ 377 ਸਟੇਟਿਕ ਸਰਵੀਲਾਂਸ ਟੀਮ (ਐਸਐਸਟੀ) ਗਠਨ ਕੀਤੀ ਗਈਆਂ ਹਨ। ਇਸ ਤੋਂ ਇਲਾਵਾ, ਅਵੈਧ ਪਦਾਰਥਾਂ, ਬਿਨ੍ਹਾਂ ਲਾਇਸੈਂਸ ਵਾਲੇ ਹਥਿਆਰਾਂ ਅਤੇ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ ਦੀ ਆਵਾਜਾਈ ਨੂੰ ਰੋਕਨ ਲਈ ਬੋਡਰ ਬਿੰਦੂਆਂ 'ਤੇ ਇੰਟਰ-ਸਟੇਟ ਨਾਕੇ ਸਥਾਪਿਤ ਕੀਤੇ ਗਏ ਹਨ। ਹਰਿਆਣਾ ਵਿਚ ਸ਼ਰਾਬ, ਡਰੱਗ ਅਤੇ ਹੋਰ ਅਵੈਧ ਵਸਤੂਆਂ ਦੀ ਤਸਕਰੀ ਨੂੰ ਰੋਕਨ ਲਈ ਵਾਧੂ 140 ਇੰਟਰ ਸਟੇਟ ਨਾਕੇ ਵੀ ਲਗਾਏ ਗਏ ਹਨ।
ਡਾ. ਪ੍ਰਸਾਦ ਨੇ ਦਸਿਆ ਕਿ ਹਰਿਆਣਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਸ਼ਾਂਤੀਪੂਰਨ ਅਤੇ ਪੂਰੀ ਤਰ੍ਹਾ ਨਾਲ ਕੰਟਰੋਲ ਵਿਚ ਹੈ। ਸੁਰੱਖਿਆ ਫੋਰਸਾਂ ਲਈ ਰਸਦ ਅਤੇ ਆਵਾਸ ਵਿਵਸਥਾ ਦੇ ਤਾਲਮੇਲ ਲਈ ਹਰੇਕ ਜਿਲ੍ਹੇ ਵਿਚ ਡੀਐਸਪੀ ਦੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਪੁਲਿਸ ਨੇ 96 ਬਿਨ੍ਹਾਂ ਲਾਇਸੈਂਸ ਵਾਲੇ ਹਥਿਆਰ ਅਤੇ 113 ਕਾਰਤੂਸ ਜਬਤ ਕੀਤੇ ਹਨ। ਇਸ ਤੋਂ ਇਲਾਵਾ, ਚੋਣ ਐਲਾਨ ਦੇ ਬਾਅਦ 176 ਐਲਾਨ ਅਪਰਾਧੀ, 129 ਬੇਲ ਜੰਪਰ, 210 ਵਾਰੇੰਟ ਵਾਲੇ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਡਾ. ਪ੍ਰਸਾਦ ਨੇ ਕਿਹਾ ਕਿ ਚੋਣ ਤੋਂ 48 ਘੰਟੇ ਪਹਿਲਾਂ ਕਿਸੇ ਵੀ ਅਣਅਥੋਰਾਇਜਡ ਵਿਅਕਤੀ ਨੁੰ ਹਰਿਆਣਾ ਵਿਚ ਰਹਿਣ ਦੀ ਮੰਜੂਰੀ ਨਹੀਂ ਦਿੱਤੀ ਜਾਵੇਗੀ, ਤਾਂ ਜੋ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕ੍ਰਿਆ ਯਕੀਨੀ ਹੋ ਸਕੇ। ਉਨ੍ਹਾਂ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਤਾਨ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਵਰਗੇ ਗੁਆਂਢੀ ਸੂਬਿਆਂ ਦੇ ਨਾਲ ਲਗਦੇ ਇੰਟਰ-ਸਟੇਟ ਬੋਡਰਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ 133 ਇੰਟਰ ਸਟੇਟ ਨਾਕੇ ਲਗਾਏ ਗਏ ਹਨ ਤਾਂ ਜੋ ਕੋਈ ਵੀ ਅਪਰਾਧਿਕ ਤੱਤ ਜਾਂ ਅਣਅਥੋਰਾਇਜਡ ਸਮੱਗਰੀ ਹਰਿਆਣਾ ਵਿਚ ਦਾਖਲ ਨਾ ਕਰ ਸਕਣ।
ਮੀਟਿੰਗ ਵਿਚ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੀਆਈਡੀ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਆਲੋਕ ਮਿੱਤਲ, ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਸ਼ੋਕ ਮੀਣਾ ਅਤੇ ਪੁਲਿਸ ਤੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।