ਵਿਜੀਲੈਂਸ ਅਵੇਰਨੈਸ ਵੀਕ ਦੇ ਸਬੰਧ 'ਚ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਅਕਤੂਬਰ 2024: ਯੂਕੋ ਬੈਂਕ ਲਾਲੜੂ ਵੱਲੋਂ ਵਿਜੀਲੈਂਸ ਅਵੇਰਨੈਸ ਵੀਕ (ਚੌਕਸੀ ਜਾਗਰੂਕਤਾ ਹਫਤੇ) ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦੇ ਵਿਦਿਆਰਥੀਆਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਦੇਸ਼ ਭ੍ਰਿਸ਼ਟਾਚਾਰ ਮੁਕਤ ਕਰਨ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਯੂਕੋ ਬੈਂਕ ਬਰਾਂਚ ਲਾਲੜੂ ਦੀ ਸੀਨੀਅਰ ਮੈਨੇਜਰ ਰੀਚਾ ਸੂਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਗਤੀਵਿਧੀਆਂ ਸਮੇਤ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਮੁਕਾਬਲੇ ਹੀ ਵਿਦਿਆਰਥੀ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦੇ ਹਨ ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਰਿਸਤਵਖੋਰੀ ਨੇ ਸਾਡੇ ਸਮਾਜ ਤੇ ਦੇਸ਼ ਦੀ ਆਰਥਿਕਤਾਂ ਉੱਤੇ ਮਾੜਾ ਅਸਰ ਪਾਇਆ ਹੈ ਤੇ ਜਿਆਦਾਤਰ ਸਰਕਾਰੀ ਵਿਭਾਗਾਂ ਵਿੱਚ ਹਾਲੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ ਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾਂ ਅਤਿ ਜਰੂਰੀ ਹੈ ਤਾਂ ਜੋ ਉਹ ਭ੍ਰਿਸ਼ਟਾਚਾਰ ਦੀ ਲੜਾਈ ਲੜਣ ਦੇ ਕਾਬਿਲ ਬਣ ਸਕਣ।
ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਦੇਸ਼ ਨੂੰ ਭ੍ਰਿਸ਼ਟਾਚਾਰ ਦੇ ਸਰਾਪ ਤੋਂ ਮੁਕਤ ਕਰਨ ਲਈ ਸਹੁੰ ਵੀ ਚੁੱਕੀ। ਅੰਤ ਵਿੱਚ ਉਨ੍ਹਾਂ ਵੱਲੋਂ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਐਮਡੀ ਅਮਰਜੀਤ ਸਿੰਘ ਨੇ ਯੂਕੋ ਬੈਂਕ ਤੋਂ ਆਈ ਮੈਨੇਜਰ ਰੀਚਾ ਸੂਦ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਯੂਕੋ ਬੈਂਕ ਤੋਂ ਰਿਪੂ ਦਮਨ ਸਮੇਤ ਸਕੂਲ ਅਧਿਆਪਕਾ ਰਮਨਦੀਪ ਕੌਰ, ਅਜੀਤ ਸਿੰਘ ਸਮੇਤ ਸਟਾਫ ਹਾਜ਼ਰ ਸੀ।
ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਈ ਬੈਂਕ ਮੈਨੇਜਰ ਰੀਚਾ ਸੂਦ।