ਸੰਗਰੂਰ/ਧੂਰੀ/ਮਹਿਲ ਕਲਾਂ, 27 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਦੀ ਰਜਾਮੰਦੀ ਨਾਲ ਨਾਭਾ ਜੇਲ੍ਹ ਤੋੜੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਤੇ ਹੋਰ ਖਤਰਨਾਕ ਗੈਂਗਸਟਰ ਅਕਾਲੀਆਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਫਾਇਦਾ ਲੈਣ ਵਾਸਤੇ ਜਾਣਬੁਠ ਕੇ ਜੇਲ੍ਹ ਤੋਂ ਅਜ਼ਾਦ ਕੀਤੇ ਗਏ ਹਨ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਦੀ ਮਿਲੀਭੁਗਤ ਬਗੈਰ ਨਿਡਰਤਾ ਨਾਲ ਦਿਨ ਦਿਹਾੜੇ ਜੇਲ੍ਹ ਤੋੜਨਾ ਮੁਮਕਿਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਦੀ ਅਗਵਾਈ ਵਾਲੇ ਅਕਾਲੀ, ਇਥੋਂ ਤੱਕ ਕਿ ਅੱਤਵਾਦੀ ਹਮਲਿਆਂ ਸਮੇਤ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ 'ਤੇ ਹਿੰਸਾ ਦੀ ਤਿਆਰੀ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਹਿੰਸਾ ਦੀ ਸ਼ੰਕਾ ਦੇ ਮੱਦੇਨਜ਼ਰ ਪਹਿਲਾਂ ਹੀ ਚੋਣ ਕਮਿਸ਼ਨ ਸਾਹਮਣੇ ਸੂਬੇ 'ਚ ਪੂਰੀ ਤਰ੍ਹਾਂ ਨਾਲ ਬਿਗੜ ਚੁੱਕੀ ਕਾਨੂੰਨ ਤੇ ਵਿਵਸਥਾ ਦਾ ਮੁੱਦਾ ਉਠਾ ਚੁੱਕੇ ਹਨ, ਜਿਹੜਾ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਵਾਸਤੇ ਵਾਤਾਵਰਨ ਕਾਇਮ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤੇ ਜਾਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਖੁਦ ਡੀ.ਜੀ.ਪੀ ਮੁਤਾਬਿਕ ਸੂਬੇ ਅੰਦਰ 52 ਅਪਰਾਧਿਕ ਗਿਰੋਹ ਸਰਗਰਮ ਹਨ ਅਤੇ ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਬਾਦਲ ਅਗਵਾਈ ਵਾਲੇ ਅਕਾਲੀ ਚੋਣਾਂ ਜਿੱਤਣ ਵਾਸਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਪੰਜਾਬ ਕਾਂਗਰਸ ਕਮੇਟੀ ਨੇ ਬਾਦਲ ਸਰਕਾਰ ਵੱਲੋਂ ਜੇਲ੍ਹ ਤੋੜਨ ਦੀ ਘਟਨਾ ਤੋਂ ਬਾਅਦ ਜੇਲ੍ਹ ਦੇ ਅਫਸਰਾਂ ਨੂੰ ਮੁਅੱਤਲ ਕਰਨ ਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਿਰਫ ਅੱਖਾਂ ਦਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਫਰਾਰ ਹੋ ਚੁੱਕੇ ਗੈਂਗਸਟਰਾਂ ਨੂੰ ਕਾਬੂ ਕਰਨ ਵਾਸਤੇ ਪੁਲਿਸ ਦੀ ਟੁਕੜੀ ਦੀ ਫਾਇਰਿੰਗ ਦੌਰਾਨ ਇਕ ਔਰਤ ਦੀ ਮੌਤ ਦੀ ਖ਼ਬਰ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਮਾਸੂਮ ਨੂੰ ਸਹਿਣਾ ਪਿਆ ਹੈ, ਜਦਕਿ ਅਸਲੀ ਦੋਸ਼ੀ ਬੱਚ ਕੇ ਨਿਕਲ ਗਏ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਲ੍ਹ ਤੋੜਨ ਦੀ ਘਟਨਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਤਵਾਦ ਦੇ ਮੁੜ ਉੱਠ ਖੜ੍ਹਨ ਦਾ ਡਰ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਪੁਲਿਸ ਦੀ ਵਰਦੀ 'ਚ ਹਥਿਆਰਬੰਦ ਗੈਂਗਸਟਰ ਭਾਰੀ ਸੁਰੱਖਿਆ ਪ੍ਰਾਪਤ ਜੇਲ੍ਹ 'ਚ ਆਏ ਤੇ ਖਾਲਿਸਤਾਨੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਹੋਰ ਕੈਦੀਆਂ ਸਮੇਤ ਛੁਡਾ ਕੇ ਫਰਾਰ ਹੋ ਗਏ, ਜਿਹੜਾ ਸਪੱਸ਼ਟ ਤੌਰ 'ਤੇ ਉੱਚ ਪੱਧਰ 'ਤੇ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸ਼ਾਸਨ ਦੌਰਾਨ ਤੇ ਖਾਸ ਕਰਕੇ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ, ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਬੇਹੱਦ ਬਿਗੜ ਚੁੱਕੇ ਹਨ, ਜਿਹੜੇ ਮੌਜ਼ੂਦਾ ਸ਼ਾਸਨ 'ਚ ਸੁਤੰਤਰ ਤੇ ਨਿਰਪੱਖ ਤਰੀਕੇ ਨਾਲ ਨਹੀਂ ਕਰਵਾਈਆਂ ਜਾ ਸਕਦੀਆਂ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣਾਂ ਤੋਂ ਪਹਿਲਾਂ ਅੱਤਵਾਦ ਤੇ ਹੋਰ ਹਿੰਸਕ ਘਟਨਾਵਾਂ ਨੂੰ ਲੈ ਕੇ ਸ਼ੰਕਾ ਪ੍ਰਗਟਾਉਂਦਿਆਂ ਕਿਹਾ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਸਰਹੱਦ ਪਾਰ ਲਾਹੌਰ, ਪਾਕਿਸਤਾਨ ਤੋਂ ਸਮਰਥਨ ਮਿਲਦਾ ਹੈ, ਜਦਕਿ ਬਾਦਲ ਸਰਕਾਰ ਉਨ੍ਹਾਂ ਦੇ ਹੱਥਾਂ 'ਚ ਖੇਡਦਿਆਂ, ਖੂੰਖਾਰ ਅੱਤਵਾਦੀਆਂ ਨੂੰ ਭਾਰੀ ਸੁਰੱਖਿਅਤ ਜੇਲ੍ਹਾਂ ਤੋਂ ਅਸਾਨੀ ਨਾਲ ਬਾਹਰ ਜਾਣ ਦੀ ਇਜ਼ਾਜਤ ਦੇ ਰਹੀ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ ਪੰਜਾਬ ਦੇ ਹਿੱਤਾਂ ਲਈ ਹਾਨੀਕਾਰਕ ਹੈ, ਸਗੋਂ ਪੁਲਿਸ ਦਾ ਮਨੋਬਲ ਵੀ ਡੇਗਦੀ ਹੈ, ਜਿਸਦਾ ਬਾਦਲ ਸ਼ਾਸਨ 'ਚ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਵਾਸਤੇ ਸੂਬੇ ਭਰ ਅੰਦਰ ਸੁਰੱਖਿਆ ਵਿਵਸਥਾ ਕਠੋਰ ਕੀਤੇ ਜਾਣ ਅਤੇ ਮਿੰਟੂ ਤੇ ਹੋਰ ਗੈਂਗਸਟਰਾਂ ਨੂੰ ਫੜਨ ਲਈ ਸਖ਼ਤ ਉਪਾਅ ਕੀਤੇ ਜਾਣ ਦੀ ਮੰਗ ਕੀਤੀ ਹੇ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਕਾਫਿਲੇ ਨੂੰ ਸੰਗਰੂਰ ਦੇ ਵੱਖ ਵੱਖ ਹਿੱਸਿਆਂ ਤੋਂ ਨਿਕਲਦਿਆਂ ਸ਼ਾਨਦਾਰ ਸਮਰਥਨ ਮਿਲਿਆ, ਜਿਸ ਤੋਂ ਬਾਅਦ ਉਹ ਧੂਰੀ ਤੇ ਮਹਿਲ ਕਲਾਂ ਗਏ। ਉਨ੍ਹਾਂ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੇ 117 ਉਮੀਦਵਾਰਾਂ ਦਾ ਐਲਾਨ ਦਸੰਬਰ ਮਹੀਨੇ ਦੇ ਪਹਿਲੇ ਹਫਤੇ 'ਚ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਦੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਸਵਿਸ ਬੈਂਕਾਂ 'ਚ ਖਾਤੇ ਹੋਣ ਸਬੰਧੀ ਦੋਸ਼ਾਂ ਨੂੰ ਖਾਰਿਜ਼ ਕਰਦਿਆਂ, ਇਸਨੂੰ ਇਕ ਬੇਵਕੂਫ ਦਾ ਰੋਲਾ ਦੱਸਿਆ, ਜੋ ਬੋਲਣ ਤੋਂ ਪਹਿਲਾਂ ਨਹੀਂ ਸੋਚਦਾ। ਕੇਜਰੀਵਾਲ ਦੇ ਦਲਿਤ ਡਿਪਟੀ ਮੁੱਖ ਮੰਤਰੀ ਸਬੰਧੀ ਵਾਅਦੇ ਬਾਰੇ ਪੁੱਛੇ ਜਾਣ 'ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਆਪ ਆਗੂ ਵੱਲੋਂ ਕੀਤਾ ਗਿਆ ਇਹ ਹੋਰ ਝੂਠਾ ਵਾਅਦਾ ਹੈ ਅਤੇ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਦੀ ਗੱਲ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਦਲਿਤਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਉਹ ਅਜਿਹਾ ਕਰਦੀ ਰਹੇਗੀ।
ਐਸ.ਵਾਈ.ਐਲ ਮੁੱਦੇ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਬਾਰੇ ਸਵਾਲ 'ਤੇ, ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਇੰਡਸ ਪਾਣੀ ਸਮਝੌਤੇ 'ਤੇ ਬਿਆਨ ਚੋਣਾਂ ਦੌਰਾਨ ਵਿਖਾਵੇ ਤੋਂ ਜ਼ਿਆਦਾ ਕੁਝ ਨਹੀਂ ਹੈ, ਜਦਕਿ ਅੰਤਰ ਰਾਸ਼ਟਰੀ ਸਮਝੌਤਿਆਂ ਨੂੰ ਇੰਨੀ ਅਸਾਨੀ ਨਾਲ ਖਤਮ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ, ਨੋਟਬੰਦੀ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਖੁਦ ਆਪਣੀ ਕਹਾਣੀ ਦੱਸਦੀਆਂ ਹਨ ਤੇ ਇਨ੍ਹਾਂ ਦਿਕੱਤਾਂ ਦਾ ਪ੍ਰਧਾਨ ਮੰਤਰੀ ਦਾ ਕੋਈ ਬਹਾਨਾ ਜਾਂ ਸਪੱਸ਼ਟੀਕਰਨ ਖੰਡਨ ਨਹੀਂ ਕਰ ਸਕਦਾ, ਤੇ ਕੁਝ ਮਾਮਲਿਆਂ 'ਚ ਮੌਤਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।