ਚੰਡੀਗੜ੍ਹ, 27 ਨਵੰਬਰ, 2016: ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਭਾਰੀ ਸੁਰੱਖਿਆ ਵਾਲੀ ਨਾਭਾ ਜੇਲ੍ਹ 'ਤੇ ਹੋਏ ਹਮਲੇ ਦੇ ਮਾਮਲੇ 'ਚ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਕਥਿਤ ਮਿਲੀਭੁਗਤ ਦਾ ਦੋਸ਼ ਲਗਾਇਆ ਹੇ। ਉਨ੍ਹਾਂ ਨੇ ਕਿਹਾ ਕਿ ਇਹ ਗ੍ਰਹਿ ਮੰਤਰੀ ਤੇ ਪੁਲਿਸ ਅਫਸਰਾਂ ਦੀ ਸਿੱਧੀ ਰਜਾਮੰਦੀ ਬਗੈਰ ਕਿਸੇ ਵੀ ਤਰ੍ਹਾਂ ਨਾਲ ਮੁਮਕਿਨ ਨਹੀਂ ਹੇ। ਇਹ ਮਾਮਲਾ ਹਾਈ ਕੋਰਟ ਦੇ ਮੌਜ਼ੂਦਾ ਜੱਜ ਨੂੰ ਸਮਾਂਬੱਧ ਜਾਂਚ ਲਈ ਸਪੁਰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੂੰ ਭਾਰੀ ਸੁਰੱਖਿਆ ਪ੍ਰਾਪਤ ਨਾਭਾ ਜੇਲ੍ਹ 'ਤੇ ਹਮਲੇ ਤੋਂ ਬਾਅਦ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਜਿਥੇ ਖਤਰਨਾਕ ਅਪਰਾਧੀ ਤੇ ਅੱਤਵਾਦੀ ਬੰਦ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਿਅਕਤੀਗਤ ਤੌਰ 'ਤੇ ਪੇਸ਼ ਕੀਤੇ ਗਏ ਸਿਸਟਮ 'ਚ ਪੁਲਿਸ ਦੇ ਸਿਆਸੀਕਰਨ ਦੇ ਨਤੀਜੇ ਵਜੋਂ ਕਾਨੂੰਨ ਅਤੇ ਵਿਵਸਥਾ ਦੇ ਫੇਲ੍ਹ ਹੋਣ ਦਾ ਬਹੁਤ ਵੱਡਾ ਮਾਮਲਾ ਹੈ। ਉਨ੍ਹਾਂ ਨੇ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਹਰ ਤਰ੍ਹਾਂ ਦੀ ਅਸਫਲਤਾ ਲਈ ਡਿਪਟੀ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜਿਹੇ 'ਚ ਜੇ ਸੁਖਬੀਰ ਨੈਤਿਕ ਜ਼ਿੰਮੇਵਾਰੀ ਨਹੀਂ ਲੈਂਦੇ ਹਨ, ਤਾਂ ਇਸਦਾ ਮਤਲਬ ਸਿਰਫ ਗੈਂਗਸਟਰਾਂ ਤੇ ਅੱਤਵਾਦੀ ਨੂੰ ਭਜਾਉਣ 'ਚ ਰਜਾਮੰਦੀ ਦੇਣਾ ਹੋਵੇਗਾ, ਜਿਸਨੂੰ ਇਸ ਤੋਂ ਪਹਿਲਾਂ ਵਿਦੇਸ਼ ਤੋਂ ਲਿਆਇਆ ਗਿਆ ਸੀ।
ਚੰਨੀ ਨੇ ਕਿਹਾ ਕਿ ਹਮਲਾਵਰ ਜੇਲ੍ਹ ਤੋਂ ਜਿਨ੍ਹਾਂ ਛੇ ਕੈਦੀਆਂ ਨੂੰ ਛੁਡਾ ਕੇ ਲੈ ਗਏ ਹਨ, ਉਹ ਆਮ ਅਪਰਾਧੀ ਨਹੀਂ ਹਨ ਅਤੇ ਉਨ੍ਹਾਂ ਨੂੰ ਜਿਸ ਜੇਲ੍ਹ ਤੋਂ ਛੁਡਾਇਆ ਗਿਆ ਹੈ, ਉਸਨੂੰ ਸੱਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ। ਹਮਲਾਵਰ ਆਏ ਤੇ ਛੇ ਅਪਰਾਧੀਆਂ ਸਮੇਤ ਫਰਾਰ ਹੋ ਗਏ। ਉਨ੍ਹਾਂ 'ਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਮਲਾ ਪੂਰੀ ਸਾਜਿਸ਼ ਹੇਠ ਕੀਤਾ ਗਿਆ ਸੀ, ਜਿਨ੍ਹਾਂ ਹਮਲਾਵਰਾਂ ਨੂੰ ਜੇਲ੍ਹ ਦੀ ਪੂਰੀ ਜਾਣਕਾਰੀ ਸੀ ਅਤੇ ਇਸਦੇ ਪਿੱਛੇ ਹਰੇਕ ਪੱਧਰ 'ਤੇ ਰਜਾਮੰਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਖਦਸ਼ਾ ਜਾਹਿਰ ਕਰੀਤਾ ਹੈ ਕਿ ਇਸਦੇ ਪਿੱਛੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਮਾਹੌਲ ਨੂੰ ਬਿਗਾੜਨ ਦੀ ਸਾਜਿਸ਼ ਹੋ ਸਕਦੀ ਹੈ, ਤਾਂ ਜੋ ਲੋਕਾਂ 'ਚ ਡਰ ਪੈਦਾ ਕਰਕੇ ਵੋਟਿੰਗ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਅੱਤਵਾਦੀਆਂ ਤੇ ਅਸਮਾਜਿਕ ਅਨਸਰਾਂ ਨੇ ਹੱਥ ਮਿਲਾ ਲਏ ੲਨ ਅਤੇ ਇਹ ਇਕ ਦਹਾਕੇ ਤੋਂ ਵੱਧ ਵਕਤ ਤੱਕ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਸੂਬੇ, ਜਿਸ ਦੌਰਾਨ ਹਜ਼ਾਰਾਂ ਬੇਗੁਨਾਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਖੋਹ ਦਿੱਤੀਅ ਸਨ, ਦੇ ਹਾਲਾਤ ਖਰਾਬ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀ ਲਾਪਰਵਾਹ ਸਰਕਾਰ ਨੂੰ ਉਖਾੜ ਸੁੱਟਣ ਦੀ ਅਪੀਲ ਕੀਤੀ ਹੈ, ਕਿਉਂਕਿ ਪੰਜਾਬ ਇਕ ਹੋਰ ਅਸ਼ਾਂਤੀ ਦਾ ਸਾਹਮਣਾ ਨਹੀਂ ਕਰ ਸਕਦਾ।