ਟਰੇਡ ਯੂਨੀਅਨਾਂ ਦੇ ਨੁਮਾਇੰਦੇ ਮੀਟਿੰਗ ਦੌਰਾਨ ਇਕਜੁੱਟਤਾ ਦਿਖਾਉਂਦੇ ਹੋਏ।
ਚੰਡੀਗੜ੍ਹ, 26 ਸਤੰਬਰ, 2017 : ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਵੱਖੋ-ਵੱਖ ਸੰਗਠਨਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕਰਵਾਉਣ ਲਈ ਉਲੀਕੇ ਸੰਘਰਸ਼ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਟਰੇਡ ਯੂਨੀਅਨਾਂ ਵੀ ਇਸ ਮੁੱਦੇ 'ਤੇ ਨਿੱਤਰ ਕੇ ਸਾਹਮਣੇ ਆ ਗਈਆਂ, 1 ਨਵੰਬਰ ਨੂੰ ਗਵਰਨਰ ਹਾਊਸ ਦੇ ਘਿਰਾਓ ਵਿਚ ਸ਼ਾਮਲ ਹੋਣ ਦਾ ਫੈਸਲਾ ਲੈਣ ਲਈ ਟਰੇਡ ਯੂਨੀਅਨਾਂ ਵੱਲੋਂ ਇਕ ਬੈਠਕ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਕਰਦਿਆਂ ਰਾਜ ਕੁਮਾਰ ਨੇ ਆਖਿਆ ਕਿ ਏਟਕ ਨਾਲ ਸਬੰਧਤ ਸਮੂਹ ਜਥੇਬੰਦੀਆਂ ਅਤੇ ਹੋਰ ਵੱਖੋ-ਵੱਖ ਯੂਨੀਅਨਾਂ ਨੇ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਸਨਮਾਨ ਦਿਵਾਉਣ ਲਈ ਅਸੀਂ ਵੀ ਇਸ ਸੰਘਰਸ਼ ਵਿਚ ਸ਼ਾਮਲ ਹੋਵਾਂਗੇ ਅਤੇ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ 17 ਸੈਕਟਰ 'ਚ ਹੋਣ ਵਾਲੀ ਵੱਡੀ ਰੈਲੀ ਦਾ ਹਿੱਸਾ ਬਣ ਕੇ ਗਵਰਨਰ ਹਾਊਸ ਦਾ ਘਿਰਾਓ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਬੈਠਕ ਵਿਚ ਚੰਡੀਗੜ੍ਹ ਏਟਕ ਨਾਲ ਸਬੰਧਤ ਜਥੇਬੰਦੀਆਂ ਵਜੋਂ ਸੀਟੀਯੂ ਵਰਕਰ ਯੂਨੀਅਨ, ਪੰਜਾਬ ਰੋਡਵੇਜ਼, ਪੀਆਰਟੀਸੀ ਯੂਨੀਅਨ, ਹਰਿਆਣਾ ਰੋਡਵੇਜ਼ ਯੂਨੀਅਨ, ਹੋਟਲ ਵਰਕਰ ਯੂਨੀਅਨ, ਚੰਡੀਗੜ੍ਹ ਟੀਚਰ ਯੂਨੀਅਨ, ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਮੁਲਾਜ਼ਮ ਜਥੇਬੰਦੀ, ਗੁਰੂ ਨਾਨਕ ਪਬਲਿਕ ਸਕੂਲ ਮੁਲਾਜ਼ਮ ਜਥੇਬੰਦੀ, ਨਾਨ ਟੀਚਿੰਗ ਯੂਨੀਅਨ ਸਮੇਤ ਹੋਰ ਦਰਜਨ ਦੇ ਕਰੀਬ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਵਿਚ ਸ਼ਾਮਲ ਹੋ ਕੇ ਦਾਅਵਾ ਕੀਤਾ ਕਿ ਆਪਣੀਆਂ-ਆਪਣੀਆਂ ਜਥੇਬੰਦੀਆਂ ਵੱਲੋਂ ਉਹ ਵੱਡੀ ਗਿਣਤੀ ਵਿਚ ਨੁਮਾਇੰਦਿਆਂ ਨੂੰ ਲੈ ਕੇ 1 ਨਵੰਬਰ ਦੇ ਘਿਰਾਓ ਵਿਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਉਚੇਚੇ ਤੌਰ 'ਤੇ ਪਹੁੰਚੇ ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਤਰਲੋਚਨ ਸਿੰਘ, ਸਕੱਤਰ ਦੀਪਕ ਸ਼ਰਮਾ ਚਨਾਰਥਲ, ਆਰ.ਐਸ. ਸੰਧੂ, ਰਾਕੇਸ਼ ਕੁਮਾਰ, ਸਵਰਨ ਸਿੰਘ ਕੰਬੋਜ ਆਦਿ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਅਪੀਲ ਕੀਤੀ ਕਿ ਸਭ ਵੱਧ ਤੋਂ ਵੱਧ ਪੰਜਾਬੀ ਦੀ ਚੰਡੀਗੜ੍ਹ 'ਚ ਬਹਾਲੀ ਦੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ।