ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੰਜਾਬੀ ਦੀ ਬਹਾਲੀ ਲਈ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਦਮਸ੍ਰੀ ਸੁਰਜੀਤ ਪਾਤਰ।
ਚੰਡੀਗੜ੍ਹ, 1 ਨਵੰਬਰ, 2017 : ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸਹਿਯੋਗੀ ਸੰਗਠਨਾਂ ਦੇ ਨਾਲ ਮਿਲ ਕੇ ਗਵਰਨਰ ਹਾਊਸ ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਕੀਤਾ ਗਿਆ ਧਰਨਾ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ਤੇ ਜਿਸ ਵਿਚ ਨਾਅਰੇ ਗੂੰਜਦੇ ਰਹੇ ਕਿ 'ਚੰਡੀਗੜ੍ਹ ਦੀ ਪਹਿਲੀ ਭਾਸ਼ਾ ਹੋਵੇ ਪੰਜਾਬੀ'। ਚੰਡੀਗੜ੍ਹ ਦੇ ਸੈਕਟਰ 17 ਵਿਚ ਸਵੇਰੇ 11 ਵਜੇ ਜਿਵੇਂ ਹੀ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ ਤਾਂ ਪੰਜਾਬ ਗਵਰਨਰ ਹਾਊਸ ਵੱਲੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਅਸੀਂ ਤੁਹਾਡੀ ਗੱਲ ਸੁਣਨ ਲਈ ਤਿਆਰ ਹਾਂ। ਪਰ ਵਿਸ਼ਾਲ ਇਕੱਠ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਦ੍ਰਿੜ੍ਹਤਾ ਨਾਲ ਆਪਣਾ ਪੱਖ ਰੱਖਦਾ ਰਿਹਾ। ਇਕ ਪਾਸੇ ਜਿੱਥੇ ਚੰਡੀਗੜ੍ਹ ਪੰਜਾਬੀ ਮੰਚ ਨੇ ਫੈਸਲਾ ਲਿਆ ਕਿ ਜਦੋਂ ਤੱਕ ਚੰਡੀਗੜ੍ਹ 'ਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਨਹੀਂ ਮਿਲ ਜਾਂਦਾ ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਦੂਜੇ ਪਾਸੇ ਮੰਚ ਦੇ ਪੰਜ ਮੈਂਬਰੀ ਵਫ਼ਦ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੰਚ ਦੀ ਮੰਗ ਨੂੰ ਜਾਇਜ਼ ਦੱਸਦਿਆਂ ਦੋ ਮਹੀਨਿਆਂ ਦਾ ਸਮਾਂ ਮੰਗਿਆ ਹੈ ਕਿ ਉਹ ਇਸ ਦੌਰਾਨ ਪੂਰੇ ਮਾਮਲੇ ਨੂੰ ਘੋਖ ਕੇ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਸਾਧ ਕੇ ਅਗਲੇ ਕਦਮ ਪੁੱਟਣਗੇ। ਪਰ ਪੰਜਾਬੀ ਮੰਚ ਦੇ ਧਰਨੇ ਵਿਚ ਇਹ ਫੈਸਲਾ ਕੀਤਾ ਗਿਆ ਕਿ ਛੇਤੀ ਹੀ ਖੇਤਰੀ ਭਾਸ਼ਾਵਾਂ ਦੇ ਮੁੱਦੇ 'ਤੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇਕ ਰਾਸ਼ਟਰੀ ਪੱਧਰ ਦਾ ਸੰਮੇਲਨ ਕਰਵਾਇਆ ਜਾਵੇਗਾ ਤੇ ਨਾਲ ਹੀ ਪ੍ਰਣ ਕੀਤਾ ਕਿ ਜੇਕਰ ਸਾਡੀ ਪੰਜਾਬੀ ਭਾਸ਼ਾ ਦੀ ਬਹਾਲੀ ਵਾਲੀ ਮੰਗ ਨਹੀਂ ਮੰਨੀ ਜਾਂਦੀ ਤਾਂ ਕੌਮਾਂਤਰੀ ਮਾਂ ਬੋਲੀ ਦਿਵਸ 21 ਫਰਵਰੀ ਨੂੰ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਭੁੱਖ ਹੜਤਾਲ ਕੀਤੀ ਜਾਵੇਗੀ ਜਿਸ ਵਿਚ ਸੈਂਕੜੇ ਪੰਜਾਬੀ ਦਰਦੀ ਸ਼ਾਮਲ ਹੋਣਗੇ।
ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਦੀ ਬਹਾਲੀ ਲਈ ਦਿੱਤੇ ਗਏ ਧਰਨੇ ਵਿਚ ਡਾ. ਧਰਮਵੀਰ ਗਾਂਧੀ, ਪਦਮਸ੍ਰੀ ਸੁਰਜੀਤ ਪਾਤਰ ਤੇ ਹੋਰ ਉਘੀਆਂ ਹਸਤੀਆਂ ਬੈਠੀਆਂ ਨਜ਼ਰ ਆ ਰਹੀਆਂ।
ਚੰਡੀਗੜ੍ਹ ਪੰਜਾਬੀ ਮੰਚ ਦਾ ਮਾਂ ਬੋਲੀ ਪੰਜਾਬੀ ਦੀ ਬਹਾਲੀ ਲਈ ਦਿੱਤਾ ਗਿਆ ਇਹ ਧਰਨਾ ਪੇਂਡੂ ਸੰਘਰਸ਼ ਕਮੇਟੀ, ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਸਬੰਧਤ ਸਾਹਿਤਕ ਸਭਾਵਾਂ, ਯੂਥ ਸੰਗਠਨ, ਟਰੇਡ ਯੂਨੀਅਨਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨਾਂ ਦੇ ਸਹਿਯੋਗ ਨਾਲ ਸਫ਼ਲ ਰਿਹਾ।
ਚੰਡੀਗੜ੍ਹ ਪੰਜਾਬੀ ਮੰਚ ਦੇ ਠਾਠਾਂ ਮਾਰਦੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਪੱਤਰਕਾਰ ਤ੍ਰਿਲੋਚਨ ਸਿੰਘ
ਮਾਂ ਬੋਲੀ ਦੇ ਹੱਕ ਵਿਚ ਆਪਣੀਆਂ ਤਕਰੀਰਾਂ ਕਰਦਿਆਂ ਪਦਮਸ੍ਰੀ ਸੁਰਜੀਤ ਪਾਤਰ, ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਪੰਜਾਬ ਤੋਂ 'ਆਪ' ਦੇ ਵਿਧਾਇਕ ਅਮਨ ਅਰੋੜਾ, ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਕਾਂਗਰਸ ਵੱਲੋਂ ਪ੍ਰਦੀਪ ਛਾਬੜਾ, ਰਿੰਪਲ ਮਿੱਢਾ, ਲੇਖਕਾਂ ਤੇ ਕਲਾਕਾਰਾਂ ਵਿਚੋਂ ਰਾਜ ਕਾਕੜਾ, ਸੁੱਖੀ ਬਰਾੜ ਨੇ ਜਿੱਥੇ ਸੰਬੋਧਨ ਕੀਤਾ ਤੇ ਆਖਿਆ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਬਹਾਲੀ ਲਈ ਇਸ ਸੰਘਰਸ਼ ਵਿਚ ਤਦ ਤੱਕ ਨਾਲ ਖੜ੍ਹਾਂਗੇ ਜਦ ਤੱਕ ਇਹ ਮੁਕਾਮ ਹਾਸਲ ਨਹੀਂ ਹੋ ਜਾਂਦਾ। ਇਸ ਦੇ ਨਾਲ-ਨਾਲ ਚੰਡੀਗੜ੍ਹ ਪੰਜਾਬੀ ਮੰਚ ਅਤੇ ਸਹਿਯੋਗੀ ਸੰਗਠਨਾਂ ਵੱਲੋਂ ਬਾਬਾ ਸਾਧੂ ਸਿੰਘ ਸਾਰੰਗਪੁਰ, ਡਾ. ਸੁਖਦੇਵ ਸਿੰਘ ਸਿਰਸਾ, ਸਿਰੀਰਾਮ ਅਰਸ਼, ਦੇਵੀ ਦਿਆਲ ਸ਼ਰਮਾ, ਗੁਰਪ੍ਰੀਤ ਸਿੰਘ ਸੋਮਲ, ਤ੍ਰਿਲੋਚਨ ਸਿੰਘ, ਸੁਖਜੀਤ ਸਿੰਘ ਸੁੱਖਾ, ਗੁਰਪ੍ਰੀਤ ਹੈਪੀ, ਹਰਦੀਪ ਸਿੰਘ, ਅਜਾਇਬ ਸਿੰਘ, ਤਾਰਾ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਾਂ ਤਾਂ ਸਰਕਾਰਾਂ ਨੂੰ ਅੰਗਰੇਜ਼ੀ ਸਵਦੇਸ਼ੀ ਭਾਸ਼ਾ ਲਗਦੀ ਹੈ ਜਾਂ ਉਹ ਚੰਡੀਗੜ੍ਹ ਨੂੰ ਹੀ ਭਾਰਤ ਦਾ ਹਿੱਸਾ ਨਹੀਂ ਮੰਨਦੇ। ਬੁਲਾਰਿਆਂ ਨੇ ਇਕੋ ਗੱਲ ਦੁਹਰਾਈ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ ਉਸਦਾ ਸਨਮਾਨ ਤੇ ਪਹਿਲੇ ਸਥਾਨ ਦਾ ਦਰਜਾ ਹਾਸਲ ਨਹੀਂ ਹੋ ਜਾਂਦਾ ਅਸੀਂ ਇਕਜੁੱਟਤਾ ਨਾਲ ਆਪਣਾ ਇਹ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਮੌਜੂਦ ਬੀਬੀਆਂ ਅਤੇ ਬੁਜ਼ਰਗਾਂ ਦੀਆਂ ਅੱਖਾਂ ਉਸ ਵੇਲੇ ਸਿੱਲ੍ਹੀਆਂ ਹੋ ਗਈਆਂ ਜਦੋਂ ਬਾਬਾ ਗੁਰਦਿਆਲ ਸਿੰਘ ਦੀ 12 ਕੁ ਵਰ੍ਹਿਆਂ ਦੀ ਪੋਤੀ ਜਸ਼ਨਪ੍ਰੀਤ ਕੌਰ ਨੇ ਆਪਣੇ ਮਨ ਦੀ ਪੀੜ ਸਾਂਝੀ ਕੀਤੀ। ਇਸ ਮੌੇਕੇ 'ਤੇ ਸਟੇਜ ਸਕੱਤਰ ਦੀ ਭੂਮਿਕਾ ਜੋਗਿੰਦਰ ਸਿੰਘ ਬੁੜੈਲ ਹੁਰਾਂ ਨੇ ਨਿਭਾਈ ਅਤੇ ਚੰਡੀਗੜ੍ਹ ਦੇ ਗੁਰਦੁਆਰਾ ਪ੍ਰਬੰਧਕ ਸੰਗਠਨਾਂ ਵੱਲੋਂ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਪ੍ਰੋਫੈਸਰ, ਲੇਖਕ, ਕਵੀ, ਵਿਦਿਆਰਥੀ, ਧਾਰਮਿਕ ਆਗੂ ਤੇ ਆਪ ਮੁਹਾਰੇ ਪੰਜਾਬ ਅਤੇ ਚੰਡੀਗੜ੍ਹ ਦੇ ਵੱਖੋ-ਵੱਖ ਥਾਵਾਂ ਤੋਂ ਆਏ ਨੌਜਵਾਨਾਂ ਸਮੇਤ ਹਜ਼ਾਰਾਂ ਪੰਜਾਬੀ ਦਰਦੀ ਸ਼ਾਮਲ ਸਨ। ਅੱਜ ਦੇ ਇਸ ਇਕੱਠ ਨੇ ਸਰਕਾਰਾਂ ਨੂੰ ਦੱਸ ਦਿੱਤਾ ਕਿ ਪੰਜਾਬੀ ਦਰਦੀ ਹੁਣ ਆਪਣਾ ਹੱਕ ਲੈ ਕੇ ਰਹਿਣਗੇ।