ਪਟਿਆਲਾ, 11 ਅਕਤੂਬਰ, 2017 : ਪੰਜਾਬੀ ਭਾਸ਼ਾ ਦੇ ਮੁਦੱਈ ਤਿੰਨ ਬੁੱਧੀਜੀਵੀਆਂ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਡਾ. ਜੋਗਾ ਸਿੰਘ ਵਿਰਕ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਭਾਸ਼ਾ ਮਾਹਰ ਅਤੇ ਮਾਤ ਭਾਸ਼ਾ ਅਤੇ ਪੰਜਾਬੀ ਦੇ ਅਲੰਬਦਾਰ ਡਾ. ਪੰਡਿਤ ਰਾਓ ਧਰੇਨਵਰ ਜੋ ਕਿ ਮੂਲ ਰੂਪ ਵਿੱਚ ਕੰਨੜ ਹਨ, ਵੱਲੋਂ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਕੇਂਦਰੀ ਪ੍ਰੋਜੈਕਟਾਂ ਨੈਸ਼ਨਲ ਹਾਈਵੇ, ਰੇਲਵੇ ਸਟੇਸ਼ਨਾਂ ਆਦਿ ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ ਤੇ ਸੁੱਟ ਕੇ ਬੋਰਡਾਂ ਤੇ ਪਹਿਲੇ ਸਥਾਨ ਤੇ ਹਿੰਦੀ ਲਿਖਣ ਦੀ ਨਵੀਂ ਪਿਰਤ ਨੂੰ ਦੇਸ਼ ਦੇ ਸੰਘੀ ਢਾਂਚੇ ਤੇ ਇਕ ਨਵਾਂ ਹਮਲਾ ਕਰਾਰ ਦਿੱਤਾ ਹੈ। ਤਿੰਨਾਂ ਵਿਦਵਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਖੇਤਰੀ ਭਾਸ਼ਾਵਾਂ ਨੂੰ ਦਬਾ ਕੇ ਹਿੰਦੀ ਭਾਸ਼ਾ ਠੋਸ ਕੇ ਵੱਖ-ਵੱਖ ਖਿੱਤਿਆਂ ਦੇ ਵਿਲੱਖਣ ਸਭਿਆਚਾਰਾਂ ਨੂੰ ਖਤਮ ਕਰਕੇ ਏਕਾਤਕਕ ਭਾਰਤ ਦੇ ਨਾਂ ਹੇਠ, ਹਿੰਦੂ ਰਾਸ਼ਟਰਵਾਦ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨਾਂ ਚਾਹੁੰਦੀ ਹੈ। ਇਹ ਦੇਸ਼ ਦੇ ਬਹੁ-ਭਾਸ਼ਾਈ, ਬਹੁ ਸਭਿਆਚਾਰੀ, ਬਹੁ-ਕੌਮੀ ਖਾਸੇ ਲਈ ਹੀ ਇਕ ਖਤਰੇ ਦੀ ਘੰਟੀ ਹੀ ਨਹੀਂ ਸਗੋਂ, ਇਸ ਸਰੀਹਨ ਧੱਕੇ ਰਾਹੀ ਦੇਸ਼ ਵਿਸ਼ "ਅਨੇਕਤਾ ਵਿੱਚ ਏਕਤਾ" ਦੇ ਸੁਨਹਿਰੀ ਅਸੂਲ ਨੂੰ ਵੀ ਖੰਡਤ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਦੇ ਪੰਜਾਬੀ ਭਾਸ਼ਾ ਤੇ ਇਸ ਹਮਲੇ ਦੇ ਵਿਰੋਧ ਵਿੱਚ ਤਿੰਨਾਂ ਵਿਦਵਾਨਾਂ ਤੇ ਦਰਜਨ ਦੇ ਕਰੀਬ ਹੋਰ ਵਿਦਵਾਨਾਂ ਨੇ ਭਾਸ਼ਾ ਭਵਨ ਪਟਿਆਲਾ ਵਿਖੇ, ਪੰਜਾਬੀ ਹਿਤੈਸ਼ੀਆਂ ਦੀ ਜਲਦ ਇਕ ਕਾਨਫਰੰਸ ਅਤੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।ਉਹਨਾਂ ਨੂੰ ਸਮੂਹ ਪੰਜਾਬੀ ਹਿਤੈਸ਼ੀਆਂ, ਬੁੱਧੀਜੀਵੀਆਂ ਲੇਖਕਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਮਸਲੇ ਤੇ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ ਹੈ।ਉਹਨਾਂ ਕਿਹਾ ਕਿ ਹੋਰ ਬੁੱਧੀਜੀਵੀਆਂ ਨਾਲ ਵਿਚਾਰ ਕਰਕੇ ਜਲਦ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਦਾ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ।