ਲਾਹੌਰ, 14 ਅਕਤੂਬਰ, 2017 : ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਦਰਜਾ ਦਵਾਉਣ ਲਈ ਸ਼ੁੱਕਰਵਾਰ ਨੂੰ ਰਾਜਧਾਨੀ ਲਾਹੌਰ ਵਿਚ ਇਕ ਦਰਜਨ ਤੋਂ ਵੱਧ ਸੰਗਠਨਾਂ ਦੇ ਮੈਂਬਰਾਂ ਨੇ ਭੁੱਖ ਹੜਤਾਲ ਕੀਤੀ ।
ਪਾਕਿਸਤਾਨ ਟੂਡੇ ਰਿਪੋਰਟ ਮੁਤਾਬਿਕ ਪੰਜਾਬੀ ਭਾਸ਼ਾ ਪ੍ਰਚਾਰ ਦੇ ਪ੍ਰਧਾਨ ਅਹਮਦ ਰਜ਼ਾ ਨੇ ਪੰਜਾਬੀ ਭਾਸ਼ਾ ਲਈ ਅਧਿਕਾਰਤ ਦਰਜੇ ਦੀ ਮੰਗ ਕਰਦਿਆਂ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਇੱਕ ਰੋਸ ਰੈਲੀ ਵੀ ਕੀਤੀ।
ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵੰਡ ਤੋਂ 70 ਸਾਲਾਂ ਬਾਅਦ ਵੀ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ।
ਰਜ਼ਾ ਨੇ ਦਲੀਲ ਦਿੱਤੀ ਕਿ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਪ੍ਰਾਂਤ ਦੇ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਈ ਦਾ ਮਾਧਿਅਮ ਨਹੀਂ ਹੈ ਜਦਕਿ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 251 ਖੇਤਰੀ ਭਾਸ਼ਾਵਾਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨਾ ਲਾਜ਼ਮੀ ਬਣਾਉਂਦੀ ਹੈ।
ਪਾਕਿਸਤਾਨ ਟੂਡੇ ਦੀ ਰਿਪੋਰਟ ਮੁਤਾਬਿਕ ਰਜ਼ਾ ਨੇ ਕਿਹਾ, "ਪੰਜਾਬੀ ਭਾਸ਼ਾ ਪ੍ਰਚਾਰ ਦੀ ਇਹ ਮੰਗ ਹੈ ਕਿ ਸਕੂਲਾਂ ਵਿਚ ਪ੍ਰਾਇਮਰੀ ਪੱਧਰ ਤਕ ਪੰਜਾਬੀ ਨੂੰ ਪੜ੍ਹਾਈ ਦੇ ਇੱਕ ਮਾਧਿਅਮ ਵਜੋਂ ਅਤੇ ਗ੍ਰੈਜੂਏਸ਼ਨ ਤਕ ਲਾਜ਼ਮੀ ਵਿਸ਼ਿਆਂ ਦੇ ਰੂਪ 'ਚ ਲਾਗੂ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿਧਾਨ ਸਭਾ ਵਿਚ ਪੰਜਾਬੀ ਦੇ ਪ੍ਰਚਾਰ ਲਈ ਇਕ ਬਿੱਲ ਲਿਆਇਆ ਜਾਵੇ ।"
ਭਾਸ਼ਾ ਦੀ ਸ਼ਮੂਲੀਅਤ ਲਈ ਪੰਜਾਬੀ ਭਾਸ਼ਾ ਪ੍ਰਚਾਰ ਤੋਂ ਇਲਾਵਾ, ਅਬਦਬੀ ਬੋਰਡ ਅਤੇ ਪੰਜਾਬੀ ਖੋਜਗਾਹ ਸਮੇਤ ਹੋਰ ਸੰਸਥਾਵਾਂ ਵੀ ਪੰਜਾਬੀ ਸਾਹਿਤ ਅਤੇ ਵਿਰਾਸਤ ਦੀ ਸੰਭਾਲ ਲਈ ਸੰਘਰਸ਼ ਦਾ ਰਾਹ ਵਿੱਢ ਰਹੀਆਂ ਹਨ।
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁੱਧੀਜੀਵੀਆਂ, ਸਾਹਿਤਕ ਲੇਖਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਲਾਹੌਰ ਪ੍ਰੈਸ ਕਲੱਬ ਤੋਂ ਪੰਜਾਬ ਵਿਧਾਨ ਸਭਾ ਨੂੰ ਪੰਜਾਬੀ ਭਾਸ਼ਾ ਦੀ ਅਣਦੇਖੀ ਅਤੇ ਉਨ੍ਹਾਂ ਦੀ ਮੰਗ ਮੰਨਣ ਲਈ ਦਬਾਅ ਬਣਾਉਣ ਲਈ ਭਰਵੀਂ ਰੈਲੀ ਕੱਢੀ।
ਵਾਧੂ ਜਾਣਕਾਰੀ ਲਈ ਇਸ ਲਿੰਕ 'ਤੇ ਕ੍ਲਿਕ ਕਰੋ
http://www.babushahi.com/view-news.php?id=64347&headline=Hunger-strike-in-Pakistan-to-get%C2%A0official-status-for%C2%A0Punjabi-language