← ਪਿਛੇ ਪਰਤੋ
ਨਵਾਂ ਸ਼ਹਿਰ, 28 ਦਸੰਬਰ 2018: ਐਸ ਐਸ ਪੀ ਦੀਪਕ ਹਿਲੌਰੀ ਨੇ ਅੱਜ ਸਥਾਨਕ ਆਈ ਟੀ ਆਈ ਗਰਾਊਂਡ ਵਿਖੇ ਗ੍ਰਾਮ ਪੰਚਾਇਤ ਚੋਣ ਦੌਰਾਨ ਚੋਣ ਡਿਊਟੀ ’ਤੇ ਜਾਣ ਵਾਲੀਆਂ ਪੁਲਿਸ ਪਾਰਟੀਆਂ ਦੀ ਰੀਹਰਸਲ ਦਾ ਮੁਆਇਨਾ ਕਰਦਿਆਂ ਆਦੇਸ਼ ਦਿੱਤੇ ਕਿ ਚੋਣ ਅਮਲ ਦੌਰਾਨ ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਵੱਡੀ ਜ਼ਿਮੇਂਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਹੈ, ਇਸ ਲਈ ਡਿਊਟੀ ਦੌਰਾਨ ਪੂਰੀ ਤਰ੍ਹਾਂ ਪਾਬੰਦ ਰਿਹਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 333 ਪੋਲਿੰਗ ਸਟੇਸ਼ਨਾਂ ’ਤੇ ਬਣਾਏ ਗਏ 463 ਚੋਣ ਬੂਥਾਂ ਲਈ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਜਦਕਿ 30 ਪੈਟਰੋਲਿੰਗ ਪਾਰਟੀਆਂ ਵੱਖਰੇ ਤੌਰ ’ਤੇ ਚੋਣ ਅਮਲ ਦੌਰਾਨ ਸਰਗਰਮ ਰਹਿਣਗੀਆਂ। ਇਸ ਤੋਂ ਇਲਾਵਾ ਐਸ ਪੀ (ਐਚ) ਹਰੀਸ਼ ਦਿਆਮਾ ਦੀ ਅਗਵਾਈ ’ਚ ਡੀ ਐਸ ਪੀ ਨਵਾਂਸ਼ਹਿਰ ਮੁਖਤਿਆਰ ਰਾਏ ਨਵਾਂਸ਼ਹਿਰ ਬਲਾਕ ’ਚ ਅਤੇ ਡੀ ਐਸ ਪੀ (ਡੀ) ਸੰਦੀਪ ਵਢੇਰਾ ਔੜ ਬਲਾਕ ’ਚ ਸੁਰੱਖਿਆ ਇੰਤਜ਼ਾਮਾਂ ’ਤੇ ਨਿਗਰਾਨੀ ਰੱਖਣਗੇ। ਇਸੇ ਤਰ੍ਹਾਂ ਐਸ ਪੀ (ਡੀ) ਬਲਰਾਜ ਸਿੰਘ ਦੀ ਅਗਵਾਈ ’ਚ ਡੀ ਐਸ ਪੀ ਬੰਗਾ ਦੀਪਿਕਾ ਸਿੰਘ ਬੰਗਾ ਬਲਾਕ, ਡੀ ਐਸ ਪੀ ਬਲਾਚੌਰ ਰਾਜਪਾਲ ਸਿੰਘ ਹੁੰਦਲ ਬਲਾਚੌਰ ਬਲਾਕ ਅਤੇ ਡੀ ਐਸ ਪੀ (ਐਚ) ਕੈਲਾਸ਼ ਚੰਦਰ ਸੜੋਆ ਬਲਾਕ ’ਚ ਚੋਣ ਅਮਲ ’ਤੇ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ ਚੋਣ ਅਮਲ ਦੌਰਾਨ ਜ਼ਿਲ੍ਹੇ ’ਚ 1350 ਪੁਲਿਸ ਕਰਮੀ ਮੁਸਤੈਦ ਰਹਿਣਗੇ ਅਤੇ ਪੰਚਾਇਤੀ ਚੋਣਾਂ ਪੂਰੀ ਤਰਾਂ ਅਜ਼ਾਦਾਨਾ ਮਹੌਲ ਵਿੱਚ ਨੇਪਰੇ ਚਾੜ੍ਹੀਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੇ 90 ਸੰਵੇਦਨਸ਼ੀਲ ਅਤੇ 29 ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੂਚੀ ਬਣਾਈ ਹੋਈ ਹੈ ਅਤੇ ਅਜਿਹੇ ਪੋਲਿੰਗ ਸਟੇਸ਼ਨਾਂ ਉੱਪਰ ਵਧੇਰੇ ਫੋਰਸ ਲਗਾਉਣ ਦੇ ਨਾਲ-ਨਾਲ ਵਿਸ਼ੇਸ਼ ਚੌਕਸੀ ਵੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਜੇ ਕਿਸੇ ਨੇ ਵੋਟਾਂ ਦੌਰਾਨ ਕੋਈ ਵੀ ਵਿਘਨ ਪਾਉਣ ਜਾਂ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵੋਟਰਾਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਪੂਰੀ ਅਜ਼ਾਦੀ ਨਾਲ ਕਰਨ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਾਉਣ ਲਈ ਪੂਰੀ ਤਰਾਂ ਵਚਨਬੱਧ ਹੈ।
Total Responses : 265