ਨਵਾਂ ਸ਼ਹਿਰ, 29 ਦਸੰਬਰ 2018: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਭਲਕੇ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਦੇ 142 ਪਿੰਡਾਂ ’ਚ ਸਰਬ ਸੰਮਤੀ ਬਾਅਦ 324 ਪਿੰਡਾਂ ’ਚ ਮਤਦਾਨ ਦੇ ਪ੍ਰਬੰਧ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ 324 ਪਿੰਡਾਂ ’ਚ ਮਤਦਾਨ ਲਈ 467 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਅੱਜ 467 ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ। ਇੱਕ ਪੋਲਿੰਗ ਪਾਰਟੀ ’ਚ ਪ੍ਰੀਜ਼ਾਇਡਿੰਗ ਅਫ਼ਸਰ ਤੇ ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰ ਸਮੇਤ 4 ਤੋਂ 5 ਕਰਮਚਾਰੀ ਸ਼ਾਮਿਲ ਹਨ। ਇਨ੍ਹਾਂ ਪੋਲਿੰਗ ਪਾਰਟੀਆਂ ’ਚ 2335 ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹਨ।
ਜ਼ਿਲ੍ਹੇ ’ਚ 159 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾਣ ਬਾਅਦ ਸਰਪੰਚੀ ਦੇ 307 ਅਹੁਦਿਆਂ ਲਈ 706 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ਜਦਕਿ 2822 ਪੰਚਾਂ ਦੇ ਅਹੁਦਿਆਂ ’ਚੋਂ 1676 ਬਿਨਾਂ ਮੁਕਾਬਲਾ ਚੁਣੇ ਜਾਣ ਬਾਅਦ 1146 ਪੰਚ ਦੇ ਅਹੁਦਿਆਂ ਲਈ 2346 ਉਮੀਦਵਾਰ ਮੈਦਾਨ ’ਚ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਦੇ ਅਮਲ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਰਿਟਰਨਿੰਗ ਅਫ਼ਸਰਾਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ ਜੋ ਕਿ ਆਪੋ-ਆਪਣੇ ਚੋਣ ਖੇਤਰਾਂ ’ਚ ਕਾਰਜਸ਼ੀਲ ਰਹਿਣਗੇ। ਇਸ ਤੋਂ ਇਲਾਵਾ ਪੰਜਾਂ ਬਲਾਕਾਂ ’ਚ ਪੰਜ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਲਾਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ’ਚ ਪੁਲਿਸ ਵੱਲੋਂ 90 ਸੰਵੇਦਨਸ਼ੀਲ ਤੇ 29 ਅਤਿ-ਸੰਵੇਦਨਸ਼ੀਲ ਚੋਣ ਬੂਥਾਂ ਦੀ ਸ਼ਨਾਖ਼ਤ ਕੀਤੀ ਹੋਈ ਹੈ, ਜਿੱਥੇ ਚੋਣ ਅਮਲ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਧੀਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਚੋਣ ਅਮਲ ਨੂੰ ਪੁਰ ਅਮਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ 1350 ਪੁਲਿਸ ਕਰਮਚਾਰੀ ਲਾਏ ਗਏ ਹਨ ਜਦਕਿ 30 ਵਿਸ਼ੇਸ਼ ਪੈਟਰੋਲਿੰਗ ਪਾਰਟੀਆਂ ਗਠਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਸ ਪੀ (ਐਚ) ਹਰੀਸ਼ ਦਿਆਮਾ ਅਤੇ ਐਸ ਪੀ (ਡੀ) ਬਲਰਾਜ ਸਿੰਘ ਨੂੰ ਪੰਜਾਂ ਬਲਾਕਾਂ ਦੇ ਚੋਣ ਅਮਲ ਦੀ ਕਾਨੂੰਨ ਵਿਵਸਥਾ ਦੀ ਨਿਗਰਾਨੀ ਦੀ ਜ਼ਿੰਮੇਂਵਾਰੀ ਸੌਂਪੀ ਗਈ ਅਤੇ ਜਦਕਿ ਹਰੇਕ ਬਲਾਕ ਨੂੰ ਇੱਕ ਡੀ ਐਸ ਪੀ ਪੱਧਰ ਦਾ ਅਧਿਕਾਰੀ ਦੇਖੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਇਸ ਤੋਂ ਇਲਾਵਾ ਪੰਜਾਂ ਬਲਾਕਾਂ ’ਚ ਇੱਕ-ਇੱਕ ਫ਼ਾਇਰ ਬਿ੍ਰਗੇਡ ਸਟੇਸ਼ਨ ਕਰਨ ਤੋਂ ਇਲਾਵਾ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਤੇ ਪ੍ਰਾਇਮਰੀ ਹੈਲਥ ਸੈਂਟਰ 24 ਘੰਟੇ ਖੁੱਲ੍ਹੇ ਰੱਖੇ ਜਾਣਗੇ ਜਦਕਿ ਮਿੰਨੀ ਪੀ ਐਚ ਸੀ ਤੇ ਆਰ ਐਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਹੇ ਰਹਿਣਗੇ। ਇਸ ਤੋਂ ਇਲਾਵਾ ਸਬ ਡਵੀਜ਼ਨਲ ਪੱਧਰ ’ਤੇ ਇੱਕ-ਇੱਕ ਮੈਡੀਕਲ ਟੀਮ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ