← ਪਿਛੇ ਪਰਤੋ
ਰੂਪਨਗਰ 30 ਦਸੰਬਰ 2018: ਗ੍ਰਾਮ ਪੰਚਾਇਤ ਚੋਣਾ -2018 ਜੋ ਕਿ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹ ਪਰਗਟਾਵਾ ਕਰਦਿਆਂ ਡਾਕਟਰ ਸੁਮੀਤ ਜਾਰੰਗਲ ਜ਼ਿਲ੍ਹਾ ਚੋਣਕਾਰ ਅਫਸਰ-ਕਮ- ਡਿਪਟੀ ਕਮਿਸ਼ਨਰ ਰੂਪਨਗਰ ਨੇ ਦਸਿਆ ਕਿ ਪੋਲਿੰਗ ਪਾਰਟੀਆਂ/ਚੋਣ ਅਮਲੇ ਨੂੰ ਸਬੰਧਤ ਆਪੋ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਇਨਾਂ ਪੋਲਿੰਗ ਪਾਰਟੀਆਂ/ਚੋਣ ਅਮਲੇ ਨੇ ਬੂਥ ਸਥਾਪਿਤ ਵੀ ਕਰ ਲਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਪੋਲਿੰਗ ਉਪਰੰਤ ਹੀ ਪੰਚਾਇਤੀ ਚੋਣਾਂ ਦੇ ਨਤੀਜੇ ਵੀ ਸਬੰਧਤ ਬੂਥਾਂ ਤੋਂ ਹੀ ਐਲਾਨੇ ਜਾਣਗੇ।ਚੋਣਾਂ ਲਈ ਲਗਭਗ 3126 ਸਿਵਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਸੁਰੱਖਿਆ ਪ੍ਰਬੰਧਾਂ ਲਈ 1500 ਤੋਂ ਵੱਧ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 495 ਪੋਲਿੰਗ ਪਾਰਟੀਆਂ ਨੂੰ ਸਬੰਧਤ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਇਹ ਵੀ ਦੱਸਿਆ ਕਿ ਹਰੇਕ ਬੂਥ 'ਤੇ 5 ਕਰਮਚਾਰੀਆਂ ਦੀ ਬਤੌਰ ਪੋਲਿੰਗ ਸਟਾਫ ਡਿਊਟੀ ਲਗਾਈ ਗਈ ਹੈ ਅਤੇ ਇਨ੍ਹਾਂ ਪੋਲਿੰਗ ਪਾਰਟੀਆਂ ਦੀ ਮਦਦ ਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਸਮੂਹ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਸਬੰਧੀ ਕਿਸੇ ਕਿਸਮ ਦੀ ਕੁਤਾਹੀ ਨਾ ਕੀਤੀ ਜਾਵੇ।ਜ਼ਿਲ੍ਹਾ ਪੁਲਿਸ ਵੱਲੋਂ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ 'ਚ ਆਪਣਾ ਯੋਗਦਾਨ ਪਾਉਣ।
Total Responses : 265