ਰਾਜਵੰਤ ਸਿੰਘ
- ਅਨਲਾਕ ਹੋਏ ਐਤਵਾਰ ਦਾ ਦਿ੍ਰਸ਼ ਵੀ ਦਿਖਿਆ ਲਾਕਡਾਊਨ ਵਾਂਗ
- ਲਾਕਡਾਊਨ ਸਮਾਪਤੀ ਦੇ ਦੂਜੇ ਪਾਸੇ ਪ੍ਰਸ਼ਾਸ਼ਨ ਲਗਾਤਾਰ ਅਹਿਤਿਆਤ ਲਈ ਕਰ ਰਿਹੈ ਜਾਗਰੂਕ
ਸ੍ਰੀ ਮੁਕਤਸਰ ਸਾਹਿਬ, 4 ਅਕਤੂਬਰ 2020 - ਵਿਸ਼ਵ ਦੀ ਤਰ੍ਹਾਂ ਦੇਸ਼ ਅੰਦਰ ਫੈਲੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਭਾਵੇਂ ਅੱਜ ਵੀ ਜਾਰੀ ਹੈ, ਪਰ ਲੋਕਾਂ ਦੀ ਸੁੱਖ ਸੁਵਿਧਾ ਦੇ ਮੱਦੇਨਜ਼ਰ ਸਰਕਾਰਾਂ ਨੇ ਹੁਣ ਰਾਹਤਮਈ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। 22 ਮਾਰਚ ਤੋਂ ਲਾਗੂ ਹੋਏ ਕਰਫ਼ਿਊ/ਲਾਕਡਾਊਨ ਤੋਂ ਬਾਅਦ ਅਨਲਾਕ ਗੇੜ ਦੇ ਹੁਣ ਪੰਜਵੇਂ ਪੜ੍ਹਾਅ ਤਹਿਤ ਸਰਕਾਰਾਂ ਨੇ ਲੋਕਾਂ ਦੇ ਹਿੱਤਾਂ ਦਾ ਸੋਚਿਆ ਹੈ। ਸੂਬਾ ਸਰਕਾਰ ਨੇ ਹਾਲੀਆਂ ਵਿੱਚ ਐਤਵਾਰ ਨੂੰ ਚੱਲਣ ਵਾਲੇ ਮੁਕੰਮਲ ਲਾਕਡਾਊਨ ’ਤੇ ਵੀ ਕਾਟਾ ਫੇਰ ਦਿੱਤਾ ਹੈ।
ਸ਼ਹਿਰ, ਰੋਡ, ਸੜਕਾਂ, ਅਦਾਰੇ ਤੇ ਹੋਰ ਸੰਸਥਾਨ ਆਮ ਵਾਂਗ ਖੁੱਲ੍ਹਣ ਲੱਗੇ ਹਨ, ਜਿਸਨੂੰ ਵੇਖਦਿਆਂ ਹੁਣ ਹਰ ਵਰਗ ਦੀ ਆਰਥਿਕ ਸਥਿਤੀ ਲੀਹ ’ਤੇ ਆਉਣ ਦੀ ਉਮੀਦ ਜਾਗਣ ਲੱਗੀ ਹੈ। ਕਰੀਬ 7 ਮਹੀਨਿਆਂ ਦਾ ਵੱਡਾ ਸੰਤਾਪ ਹੰਢਾਉਣ ਵਾਲੇ ਲੋਕਾਂ ਨੂੰ ਹੁਣ ਸੁੱਖ ਦਾ ਸਾਹ ਮਿਲਿਆ ਹੈ। ਮਾਰਚ ਤੋਂ ਸਤੰਬਰ ਤੱਕ ਜਿੱਥੇ ਤਰ੍ਹਾਂ-ਤਰ੍ਹਾਂ ਦੇ ਬਦਲਾਅ ਰਹੇ, ਉਥੇ ਹੀ ਹਰ ਵਰਗ ਨੂੰ ਰੋਜ਼ੀ ਰੋਟੀ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇੰਨ੍ਹਾਂ ਦਿਨਾਂ ਵਿੱਚ ਕੋਰੋਨਾ ਦਾ ਡੰਕ ਹਰ ਵਰਗ ਦੇ ਵਿਅਕਤੀ ’ਤੇ ਵੱਜਿਆ ਹੈ, ਚਾਹੇ ਉਹ ਵੱਡੀ ਪਦਵੀ ਦਾ ਅਫ਼ਸਰ/ਨੇਤਾ ਹੋਵੇ, ਚਾਹੇ ਉਹ ਪ੍ਰਸ਼ਾਸ਼ਨਿਕ ਅਧਿਕਾਰੀ ਹੋਵੇ ਜਾਂ ਫ਼ਿਰ ਆਮ ਇਨਸਾਨ, ਹਰ ਵਰਗ ਨੂੰ ਕੋਰੋਨਾ ਨਾਲ ਦੋ-ਦੋ ਹੱਥ ਕਰਨੇ ਪਏ ਹਨ। ਭਾਵੇਂ ਕਿ ਲਾਕਡਾਊਨ ਸਮਾਪਤੀ ਦਾ ਐਲਾਨ ਹੋਇਆ ਹੈ, ਪਰ ਦੂਜੇ ਪਾਸੇ ਕੋਰੋਨਾ ਦੇ ਕੇਸਾਂ ’ਚ ਵੀ ਵਾਧਾ ਲਗਾਤਾਰ ਜਾਰੀ ਹੈ।
ਫ਼ਿਲਹਾਲ ਬਜ਼ਾਰਾਂ ਵਿੱਚ ਮੁੜ ਤੋਂ ਰੌਣਕ ਦਿਖਾਈ ਦੇਣ ਲੱਗੀ ਹੈ। ਅੱਜ ਪਹਿਲੇ ਐਤਵਾਰ ਸ੍ਰੀ ਮੁਕਤਸਰ ਸਾਹਿਬ ਦੇ ਬਜ਼ਾਰਾਂ ਵਿੱਚ ਚਹਿਲ ਪਹਿਲ ਰਹੀ ਤੇ ਦੁਕਾਨਦਾਰ ਸਰਕਾਰ ਤੇ ਪ੍ਰਸ਼ਾਸ਼ਨ ਦਾ ਸ਼ੁਕਰਾਨਾ ਕਰਦੇ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਤਵਾਰ ਲਾਕਡਾਊਨ ਖਤਮ ਕਰਕੇ ਵੱਡਾ ਫੈਸਲਾ ਕੀਤਾ ਹੈ ਕਿਉਂਕਿ ਅੱਗੇ ਤਿਉਹਾਰਾਂ ਦਾ ਸੀਜ਼ਨ ਹੈ ਤੇ ਅਜਿਹੇ ਸਮੇਂ ਵਿੱਚ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋਣ ਦੀ ਉਮੀਦ ਜਾਗੀ ਹੈ।
ਅਨਲਾਕ ਹੋਏ ਪਹਿਲੇ ਐਤਵਾਰ ਦਾ ਦਿ੍ਰਸ਼ ਵੀ ਰਿਹਾ ਲਾਕਡਾਊਨ ਵਾਂਗ
ਲਾਕਡਾਊਨ ਦੌਰਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਈ ਦੁਕਾਨਦਾਰੀ ਲਈ ਭਾਵੇਂ ਐਤਵਾਰ ਅਨਲਾਕ ਵਧੀਆ ਫੈਸਲਾ ਹੈ, ਪਰ ਫ਼ਿਰ ਵੀ ਸ੍ਰੀ ਮੁਕਤਸਰ ਸਾਹਿਬ ਦੇ ਬਜ਼ਾਰਾਂ ’ਚ ਤਾਂ ਭਾਵੇਂ ਰੌਣਕ ਰਹੀ, ਪਰ ਦੁਕਾਨਾਂ ’ਤੇ ਗ੍ਰਾਹਕਾਂ ਦੀ ਆਮਦ ਪਹਿਲਾਂ ਵਾਂਗ ਹੀ ਦਿਖਾਈ ਦਿੱਤੀ। ਅਨਲਾਕ ਹੋਏ ਐਤਵਾਰ ਦਾ ਦਿ੍ਰਸ਼ ਵੀ ਲਾਕਡਾਊਨ ਵਾਂਗ ਹੀ ਰਿਹਾ। ਦੁਕਾਨਾਂ ’ਤੇ ਗ੍ਰਾਹਕਾਂ ਦੀ ਆਮਦ ਪਹਿਲਾਂ ਵਾਂਗ ਹੀ ਰਹੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਬੜੇ ਲੰਬੇ ਸਮੇਂ ਬਾਅਦ ਐਤਵਾਰ ਲਾਕਡਾਊਨ ਦੀ ਸਮਾਪਤੀ ਹੋਈ ਹੈ, ਪਰ ਦੁਕਾਨਾਂ ’ਤੇ ਗ੍ਰਾਹਕਾਂ ਦਾ ਆਉਣਾ ਅਜੇ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਅਨਲਾਕ ਦਾ ਫੈਸਲਾ ਦੇਰੀ ਨਾਲ ਲਿਆ ਹੈ, ਪਰ ਆਉਣ ਵਾਲੇ ਤਿਉਹਾਰਾਂ ਵਿੱਚ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋਣ ਦੀ ਉਮੀਦ ਜਾਗੀ ਹੈ। ਸਰਕਾਰ ਦੀਆਂ ਨਵੀਂਆਂ ਗਾਈਡਲਾਈਨਾਂ ਦੀ ਪੂਰੀ ਜਾਣਕਾਰੀ ਹਰ ਵਰਗ ਕੋਲ ਨਾ ਪੁੱਜਣਾ ਵੀ ਇਸਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਕੋਵਿਡ-19 ਨਿਯਮਾਂ ਲਈ ਸਰਕਾਰ ਤੇ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
ਭਾਵੇਂ ਕਿ ਸਰਕਾਰ ਨੇ ਅਨਲਾਕ-5 ਗੇੜ ਤਹਿਤ ਐਤਵਾਰ ਲਾਕਡਾਊਨ ਨੂੰ ਵੀ ਖ਼ਤਮ ਕਰ ਦਿੱਤਾ ਹੈ, ਪਰ ਕੋਰੋਨਾ ਦੇ ਕੇਸਾਂ ਵਿੱਚ ਹੁੰਦੇ ਵਾਧੇ ਦੇ ਮੱਦੇਨਜ਼ਰ ਸਰਕਾਰ ਲਗਾਤਾਰ ਜਾਗਰੂਕਤਾ ਵੱਲ ਧਿਆਨ ਦੇ ਰਹੀ ਹੈ। ਸਰਕਾਰੀ ਆਦੇਸ਼ਾਂ ਤਹਿਤ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ’ਚ ਰੁੱਝਿਆ ਹੋਇਆ ਹੈ। ਗੱਲ ਸ੍ਰੀ ਮੁਕਤਸਰ ਸਾਹਿਬ ਦੀ ਕਰੀਏ ਤਾਂ ਜ਼ਿਲ੍ਹੇ ਅੰਦਰ ਰੋਜ਼ਾਨਾ ਹੀ ਦਰਜਨਾਂ ਦੇ ਹਿਸਾਬ ਨਾਲ ਕੋਰੋਨਾ ਦੇ ਕੇਸ ਵੇਖੇ ਜਾ ਰਹੇ ਹਨ, ਜਦੋਂਕਿ ਮੌਤਾਂ ਦੀ ਦਰ ਵੀ ਆਏ ਦਿਨ ਵੱਧਦੀ ਜਾ ਰਹੀ ਹੈ।
ਇੱਕ ਪਾਸੇ ਜਿੱਥੇ ਪ੍ਰਸ਼ਾਸ਼ਨ ਲਗਾਤਾਰ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਿਹਾ ਹੈ, ਉਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰਾਂ ਤੇ ਪਿੰਡਾਂ ਅੰਦਰ ਲਗਾਤਾਰ ਸੈਂਪਿਗ ਲੈ ਰਹੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਲਾਕਡਾਊਨ ਦੀ ਸਮਾਪਤੀ ਕਰ ਦਿੱਤੀ ਗਈ ਹੈ, ਪਰ ਕੋਰੋਨਾ ਤੋਂ ਬਚਾਅ ਲਈ ਲੋਕ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਹੱਥਾਂ ਦੀ ਸਾਫ਼ ਸਫਾਈ ਵੱਲ ਵਧੇਰੇ ਤਵੱਜ਼ੋਂ ਦਿੰਦੇ ਰਹਿਣ। ਸੂਬਾ ਕੋਰੋਨਾ ਮੁਕਤ ਹੋਵੇ, ਇਸ ਲਈ ਸਰਕਾਰ ਲੋਕਾਂ ਨੂੰ ਅਹਿਤਿਆਤ ਲਈ ਕਹਿ ਰਿਹਾ ਹੈ।