ਪੰਜਾਬ ਨੂੰ ਅਕਤੂਬਰ ਮਹੀਨੇ ਦੌਰਾਨ 1060.76 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ, ਪਿਛਲੇ ਸਾਲ ਨਾਲੋਂ 14.12 ਫੀਸਦੀ ਇਜਾਫ਼ਾ
ਪਿਛਲੇ ਸਾਲ ਅਕਤੂਬਰ ਮਹੀਨੇ 929.52 ਕਰੋੜ ਰੁਪਏ ਮਾਲੀਆ ਇਕੱਤਰ ਹੋਇਆ
ਚੰਡੀਗੜ, 5 ਨਵੰਬਰ, 2020 :
ਪੰਜਾਬ ਦਾ ਅਕਤੂਬਰ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1060.76 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 929.52 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 14.12 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਆਰਥਿਕ ਗਤੀਵਿਧੀਆਂ ਦੀ ਮੱਠੀ ਰਫਤਾਰ ਤੋਂ ਬਾਅਦ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਜੀ.ਐਸ.ਟੀ. ਇਕੱਠਾ ਕਰਨ ਵਿੱਚ ਭਾਰੀ ਗਿਰਾਵਟ ਉਪਰੰਤ ਪਿਛਲੇ ਦੋ ਮਹੀਨਿਆਂ ਵਿੱਚ ਅਰਥ ਵਿਵਸਥਾ ਦੇ ਮੁੜ ਪੈਰਾਂ ਉਤੇ ਖੜਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।
ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰੈਲ ਤੋਂ ਅਕਤੂਬਰ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 5746.48 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨਾਂ ਛੇ ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 7719.86 ਕਰੋੜ ਰੁਪਏ ਸੀ। ਇਸ ਤਰਾਂ 25.56 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1060 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ ਕਰੀਬ 44 ਫੀਸਦੀ ਬਣਦਾ ਹੈ। ਇਸ ਤਰਾਂ ਅਕਤੂਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1343 ਕਰੋੜ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰਾਂ ਅਪਰੈਲ ਤੋਂ ਸਤੰਬਰ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 10,843 ਕਰੋੜ ਰੁਪਏ ਬਣਦੀ ਹੈ ਜੋ ਕਿ ਬਾਕਾਇਆ ਪਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਅਕਤੂਬਰ 2020 ਦੇ ਮਹੀਨੇ ਦੌਰਾਨ 1,05,155 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਅਕਤੂਬਰ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 95,380 ਕਰੋੜ ਰੁਪਏ ਇਕੱਤਰ ਹੋਇਆ। ਉਨਾਂ ਅੱਗੇ ਦੱਸਿਆ ਕਿ ਅਪਰੈਲ ਤੋਂ ਅਕਤੂਬਰ 2020 ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ 5,59,746 ਕਰੋੜ ਰੁਪਏ ਇਕੱਤਰ ਹੋਇਆ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ 2019 ਵਿੱਚ 7,01,673 ਕਰੋੜ ਰੁਪਏ ਇਕੱਤਰ ਹੋਇਆ ਸੀ। ਇਸ ਤਰਾਂ ਇਸ ਸਾਲ ਪਿਛਲੇ ਸਾਲ ਨਾਲੋਂ 20.22 ਫੀਸਦੀ ਗਿਰਾਵਟ ਦਰਜ ਕੀਤੀ ਗਈ।
ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਅਕਤੂਬਰ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 536.33 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਅਕਤੂਬਰ 2019 ਦੇ ਮਹੀਨੇ ਲਈ ਇਹ ਕਲੈਕਸ਼ਨ 447.17 ਕਰੋੜ ਰੁਪਏ ਸੀ। ਇਸ ਤਰਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 21.14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਅਕਤੂਬਰ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 3037.67 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 3176.64 ਕਰੋੜ ਰੁਪਏ ਸੀ, ਜੋ ਕਿ 3.97 ਫੀਸਦੀ ਦੀ ਗਿਰਾਵਟ ਨੂੰ ਦਰਸਾਉਦਾ ਹੈ।
ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਨੂੰ ਜੇ ਇਕੱਠਿਆਂ ਵਾਚਿਆ ਜਾਵੇ ਤਾਂ ਅਕਤੂਬਰ 2020 ਦੌਰਾਨ ਕਰ ਦੀ ਉਗਰਾਹੀ 1597.09 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਅਕਤੂਬਰ 2019 ਦੌਰਾਨ ਇਹੋ ਉਗਰਾਹੀ 1376.69 ਕਰੋੜ ਰੁਪਏ ਸੀ। ਇਸ ਤਰਾਂ ਸਤੰਬਰ ਮਹੀਨੇ ਸਾਲ 2020 ਦੀ ਉਗਰਾਹੀ ਬੀਤੇ ਵਰੇ ਨਾਲੋਂ 220.40 ਕਰੋੜ ਰੁਪਏ (16 ਫੀਸਦੀ) ਵੱਧ ਰਹੀ।
-------
ਪੰਜਾਬ ਵਿੱਚ ਜੀ.ਐਸ.ਟੀ. ਮਾਲੀਆ ਇਕੱਤਰ ਦਾ ਤੁਲਨਾਤਮਕ ਅਧਿਐਨ:-
ਮਹੀਨਾ 2019 (ਕਰੋੜਾਂ ਰੁਪਏ ਵਿੱਚ) 2020 (ਕਰੋੜਾਂ ਰੁਪਏ ਵਿੱਚ)
ਅਪਰੈਲ 1304.13 156.28
ਮਈ 998.13 514.03
ਜੂਨ 950.36 869.66
ਜੁਲਾਈ 1548.15 1103.31
ਅਗਸਤ 1014.03 987.20
ਸਤੰਬਰ 974.96 1055.24
ਅਕਤੂਬਰ 929.52 1060.76