ਲੋਕੇਸ਼ ਰਿਸ਼ੀ
ਗੁਰਦਾਸਪੁਰ, 12 ਅਕਤੂਬਰ,2020- ਦੇਸ਼ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਵੱਲੋਂ ਸੋਮਵਾਰ ਨੂੰ ਦੇਸ਼ ਭਰ ਵਿਖੇ ਕੁੱਲ 44 ਮਹੱਤਵਪੂਰਨ ਪੁਲਾਂ ਦਾ ਉਦਘਾਟਨ ਕੀਤਾ ਗਿਆ। ਜਿਨ੍ਹਾਂ ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਕੱਸੋਵਾਲ ਪੁਲ ਵੀ ਸ਼ਾਮਿਲ ਹੈ। ਹਾਲਾਂ ਕਿ ਰਾਜਨਾਥ ਸਿੰਘ ਵੱਲੋਂ ਇਨ੍ਹਾਂ ਸਾਰੇ ਪੁਲਾਂ ਦਾ ਉਦਘਾਟਨ ਆਨਲਾਈਨ ਰਿਮੋਟ ਰਾਹੀ ਆਪਣੇ ਕਾਰਜ ਸਥਾਨ ਤੋਂ ਹੀ ਆਨ ਲਾਈਨ ਕੀਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ 44 ਪੁਲਾਂ ਵਿਚੋਂ ਗੁਰਦਾਸਪੁਰ ਦਾ ਪੁਲ ਸਭ ਤੋਂ ਵੱਡਾ ਪੁਲ ਹੋਣ ਦੇ ਨਾਲ ਨਾਲ ਦੇਸ਼ ਦੀ ਸੁਰੱਖਿਆ ਪੱਖੋਂ ਵੀ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ ਅਤੇ ਇਸ 484 ਮੀਟਰ ਲੰਮੇ ਪੁਲ ਦੇ ਬਣਨ ਨਾਲ ਨਾਂ ਸਿਰਫ਼ ਦੇਸ਼ ਦੀ ਸੈਨਾ। ਬਲ ਕਿ ਕਿਸਾਨਾਂ ਦੀ ਕਰੀਬ 4 ਹਜ਼ਾਰ ਏਕੜ ਵਾਹੀ ਯੋਗ ਜ਼ਮੀਨ ਵੀ ਸਿੱਧੇ ਰੂਪ ਵਿੱਚ ਦੇਸ਼ ਨਾਲ ਜੁੜ ਜਾਵੇਗੀ। ਕਿਉਂ ਕਿ ਅਜ਼ਾਦੀ ਦੇ ਬਾਦ ਤੋਂ ਹੀ ਇਸ ਪੁਲ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਖੀਰ ਕਿਸਾਨਾਂ ਅਤੇ ਭਾਰਤੀ ਸੈਨਾ ਦੀ ਮੰਗ ਪੂਰੀ ਹੋ ਚੁੱਕੀ ਹੈ। ਦੱਸਦੇ ਚੱਲੀਏ ਕਿ ਇਸ ਪੁਲ ਦੀ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕੀ ਬੀਤੇ ਸਮੇਂ ਦੌਰਾਨ ਸਾਲ 1962 ਅਤੇ 1971 ਦੌਰਾਨ ਹੋਈ ਜੰਗ ਵੀ ਇਸੇ ਜਗ੍ਹਾ ਤੇ ਲੜੀ ਗਈ ਸੀ।
ਹਾਲਾਂ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਆਪਣੇ ਦਿੱਲੀ ਸਥਿੱਤ ਦਫ਼ਤਰ ਵਿਖੇ ਦੇਸ਼ ਦੇ ਹੋਰ ਨੁਮਾਇੰਦਿਆਂ ਸਮੇਤ ਇਨ੍ਹਾਂ ਪੁਲਾਂ ਦਾ ਉਦਘਾਟਨ ਰਿਮੋਟ ਕੰਟਰੋਲ ਰਾਹੀ ਕੀਤਾ ਗਿਆ। ਪਰ ਗੁਰਦਾਸਪੁਰ ਵਾਲੇ ਪੁਲ ਦੇ ਉਦਘਾਟਨ ਸਮੇਂ ਭਾਰਤੀ ਫ਼ੌਜ ਦੇ ਵੱਖ ਵੱਖ ਨੁਹਾਈਦੇ ਅਤੇ ਜ਼ਿਲ੍ਹੇ ਦੇ ਏ.ਡੀ.ਸੀ ਤਜਿੰਦਰਪਾਲ ਸਿੰਘ ਵੀ ਆਪਣੇ ਹੋਰ ਸਹਿਯੋਗੀਆਂ ਸਮੇਤ ਕੱਸੋਵਾਲ ਪੁਲ ਵਿਖੇ ਮੌਜੂਦ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ (ਬੀ.ਆਰ.ਓ) ਬਾਰਡਰ ਰੋਡ ਆਰਗਨਾਈਜ਼ੇਸ਼ਨ ਦੇ ਨੁਮਾਇੰਦੇ ਅਮਿੱਤ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅੱਜ ਦੇਸ਼ ਭਰ ਵਿਖੇ ਵੱਖ ਵੱਖ ਥਾਵਾਂ ਤੇ ਕੁੱਲ 44 ਮਹੱਤਵਪੂਰਨ ਪੁਲਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿੱਚ ਗੁਰਦਾਸਪੁਰ ਦੇ ਕੱਸੋਵਾਲ ਵਾਲ ਦਾ ਪੁਲ ਜਿੱਥੇ ਸੁਰੱਖਿਆ ਦੇ ਹਿਸਾਬ ਨਾਲ ਬਹੁਤ ਮਹੱਤਵਪੂਰਨ ਹੈ। ਉੱਥੇ ਹੀ ਇਹ ਪੁਲ 484 ਮੀਟਰ ਲੰਮਾ ਹੋਣ ਕਾਰਨ ਬਾਕੀ 43 ਪੁਲਾਂ ਨਾਲੋਂ ਸਭ ਤੋਂ ਲੰਮਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੱਸੋਵਾਲ ਤੋਂ ਪਾਰਲੇ ਸਰਹੱਦੀ ਖੇਤਰ ਸਿੱਧੇ ਰੂਪ ਵਿੱਚ ਦੇਸ਼ ਨਾਲ ਜੁੜ ਜਾਣਗੇ। ਕਿਉਂ ਕਿ ਇਸ ਪੁਲਾਂ ਤੋਂ ਪਾਰ ਵਾਲੇ ਖੇਤਰ ਵਿਖੇ 3 ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਚੌਥੇ ਪਾਸੇ ਰਾਵੀ ਦਰਿਆ ਵਗਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਲ ਤੋਂ ਪਾਰ ਭਾਵੇਂ ਭਾਰਤੀ ਨਾਗਰਿਕਾਂ ਦੀ ਵਸੋਂ 150 ਤੋਂ 200 ਤੱਕ ਹੀ ਹੈ। ਪਰ ਇਸ ਇਲਾਕੇ ਵਿਖੇ ਦੇਸ਼ ਦੇ ਕਿਸਾਨਾਂ ਦੀ ਲੱਗ ਭੱਗ 4 ਹਜ਼ਾਰ ਏਕੜ ਵਾਹੀ ਯੋਗ ਜ਼ਮੀਨ ਸਥਿਤ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਦ ਤੋਂ ਹੀ ਇੱਥੇ ਪੈਨਸ਼ਨ ਪੁਲ ਸਥਾਪਿਤ ਕੀਤਾ ਜਾਂਦਾ ਸੀ। ਪਰ ਸਮੇਂ ਸਮੇਂ ਤੇ ਦਰਿਆ ਵਿੱਚ ਪਾਣੀ ਵਧਣ ਕਾਰਨ ਜਾਂ ਤਾਂ ਉਸ ਪੁਲ ਨੂੰ ਪ੍ਰਸ਼ਾਸਨ ਵੱਲੋਂ ਚੁੱਕ ਲਿਆ ਜਾਂਦਾ ਸੀ ਅਤੇ ਜਾਂ ਫਿਰ ਉਸ ਨੂੰ ਦਰਿਆ ਦਾ ਤੇਜ਼ ਵਹਾ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਸੀ। ਅਜਿਹੇ ਵਿੱਚ ਇਹ ਪੂਰਾ ਇਲਾਕਾ ਦੇਸ਼ ਨਾਲੋਂ ਸਿੱਧੇ ਰੂਪ ਵਿੱਚ ਕੱਟਿਆ ਜਾਂਦਾ ਸੀ।
ਇਸ ਦੇ ਨਾਲ ਹੀ ਅਮਿੱਤ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਸ ਪੁਲ ਦੀ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ। ਕਿ ਭਾਰਤ-ਪਾਕਿਸਤਾਨ ਦਰਮਿਆਨ ਸਾਲ 1965 ਅਤੇ 1971 ਦੌਰਾਨ ਹੋਈ ਜੰਗ ਵੀ ਇਸੇ ਇਲਾਕੇ ਵਿਖੇ ਲੜੀ ਗਈ ਸੀ ਅਤੇ ਇਸੇ ਕਾਰਨ ਹੁਣ ਭਾਰਤੀ ਫ਼ੌਜ ਵੀ ਇਸ ਖੇਤਰ ਵਿਖੇ ਸਿੱਧੇ ਰੂਪ ਵਿੱਚ ਆਪਣੀ ਪਹੁੰਚ ਬਰਕਰਾਰ ਰੱਖ ਸਕਦੀ ਹੈ।
ਉੱਥੇ ਦੂਜੇ ਪਾਸੇ ਇਸ ਪੁਲ ਦੇ ਬਣਨ ਨਾਲ ਆਮ ਸਥਾਨਕ ਲੋਕ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਲ 1947 ਤੋਂ ਹੀ ਸਥਾਨਕ ਲੋਕਾਂ ਦੀ ਇੱਕੋ ਇੱਕ ਮੰਗ ਸੀ। ਕਿ ਇਸ ਜਗ੍ਹਾ ਤੇ ਇੱਕ ਸਥਾਈ ਪੁਲ ਬਣਾਇਆ ਜਾਵੇ। ਪਰ 72 ਸਾਲਾਂ ਤੋਂ ਵੱਧ ਸਮੇਂ ਦੌਰਾਨ ਦੇਸ਼ ਅਤੇ ਸੂਬੇ ਵਿਖੇ ਅਨੇਕਾਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ। ਪਰ ਹਰੇਕ ਸਰਕਾਰ ਨੇ ਸਥਾਨਕ ਲੋਕਾਂ ਨੂੰ ਪੁਲ ਬਣਾ ਕੇ ਦੇਣ ਦਾ ਵਾਧਾ ਤਾਂ ਜ਼ਰੂਰ ਕੀਤਾ। ਪਰ ਸੱਤਾ ਪ੍ਰਾਪਤੀ ਤੋਂ ਬਾਦ ਹਰੇਕ ਸਰਕਾਰ ਨੇ ਇਸ ਜਗ੍ਹਾ ਤੇ ਪੈਨਟੂਨ ਪੁਲ ਰੱਖ ਕੇ ਖਾਨਾ ਪੂਰਤੀ ਹੀ ਕੀਤੀ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਕਿਸਾਨਾਂ ਦੀ ਹਜ਼ਾਰਾਂ ਏਕੜ ਵਾਹੀ ਯੋਗ ਜ਼ਮੀਨ ਹੈ ਅਤੇ ਪੱਕਾ ਪੁਲ ਨਾ ਹੋਣ ਕਾਰਨ ਉਸ ਫ਼ਸਲ ਦੀ ਦੇਖਭਾਲ ਲਈ ਦਰਿਆ ਪਾਰ ਜਾਣਾ ਕਾਫ਼ੀ ਮੁਸ਼ਕਿਲ ਸੀ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਪਾਣੀ ਵਧਣ ਦੌਰਾ ਆਮ ਲੋਕਾਂ ਦੇ ਸੰਦ, ਵਹੀਕਲ, ਫ਼ਸਲ ਅਤੇ ਇੱਥੋਂ ਤੱਕ ਵੀ ਬਹੁਤ ਸਾਰੇ ਲੋਕ ਰੁੜ੍ਹ ਚੁੱਕੇ ਹਨ। ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ। ਕਿ ਹੁਣ ਇੱਥੋਂ ਦੇ ਕਿਸਾਨ ਇਸ ਪੁਲ ਰਾਹੀ ਆਪਣੀ ਮਰਜ਼ੀ ਨਾਲ ਦਰਿਆਓਂ ਆਰ ਪਾਰ ਜਾ ਸਕਦੇ ਹਨ ਅਤੇ ਆਪਣੀ ਫ਼ਸਲ ਆਦਿ ਸਿੱਧਾ ਟਰਾਲੀਆਂ ਜਾਂ ਟਰੱਕਾਂ ਰਾਹੀਂ ਦਰਿਆਓਂ ਪਾਰ ਲਿਆ ਲਿਜਾ ਸਕਦੇ ਹਨ।