ਕੰਪਿਊਟਰ ਅਧਿਆਪਕਾਂ ਵੱਲੋਂ ਲੜੀਵਾਰ ਭੁੱਖ ਹੜਤਾਲ 20ਵੇ ਦਿਨ 'ਚ ਦਾਖਲ
- ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਧਰਨੇ ਵਿੱਚ ਸ਼ਮੂਲੀਅਤ
ਦਲਜੀਤ ਕੌਰ
ਸੰਗਰੂਰ, 20 ਸਤੰਬਰ, 2024: ਕੰਪਿਊਟਰ ਅਧਿਆਪਕਾਂ ਦਾ 1 ਸਤੰਬਰ ਤੋਂ ਸ਼ੁਰੂ ਹੋਇਆ ਸੰਗਰੂਰ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਅੱਜ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਅੱਜ 20 ਸਤੰਬਰ ਨੂੰ ਅਮਨਦੀਪ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਕੰਪਿਊਟਰ ਅਧਿਆਪਕਾਂ ਦੀ ਮੁੱਖ ਮੰਗ ਸਿੱਖਿਆ ਵਿਭਾਗ ਵਿੱਚ ਸਿਫਟਿੰਗ ਨੂੰ ਲੈ ਭੁੱਖ ਹੜਤਾਲ ਤੇ ਬੈਠੇ ।
ਅੱਜ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸਮੱਰਥਨ ਲਈ ਪਹੁੰਚੇ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਹਾਅ ਦਾ ਨਾਅਰਾ ਲਗਾਇਆ ਗਿਆ। ਅੱਜ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸੂਬਾ ਆਗੂ ਲਖਵਿੰਦਰ ਸਿੰਘ ਆਪਣੇ ਸਾਥੀਆਂ ਵਿਕਰਮ ਜੀਰਾ, ਮੋਹਿਤ ਸ਼ਰਮਾ, ਮਨਬੀਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਤੋਂ ਸੂਬਾ ਆਗੂ ਰਜਵੰਤ ਕੌਰ ਅਤੇ ਅਮਨ ਕੁਮਾਰ ਜੀ ਅਤੇ ਬਲਾਕ ਲਹਿਰਾਗਾਗਾ ਤੋਂ ਬਲਾਕ ਪ੍ਰਧਾਨ ਬੀਰਬਲ ਸਿੰਘ ਦੀ ਅਗਵਾਈ ਵਿੱਚ ਲੱਕੀ ਸਿੰਗਲਾ, ਅਸ਼ੋਕ ਕੁਮਾਰ, ਸੰਜੀਵ ਸ਼ਰਮਾਂ, ਹਰਦੀਪ ਸਿੰਘ, ਵੀਰਪਾਲ ਕੌਰ, ਸੀਮਾ ਰਾਣੀ, ਰੀਚਾ ਚੋਧਰੀ, ਰਾਧਾ ਰਾਣੀ, ਕੰਵਲਜੀਤ ਸਿੰਘ, ਵਿਕਾਸ ਗਾਂਧੀ, ਬਲਦੀਪ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ।
ਸ਼ੰਘਰਸ ਕਮੇਟੀ ਵੱਲੋਂ ਲੜੀਵਾਰ ਸੰਘਰਸ਼ ਦੀ ਲੜੀ ਤਹਿਤ ਕੱਲ੍ਹ ਸੰਗਰੂਰ ਵਿਖੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਧਰਨੇ ਵਾਲੇ ਸਥਾਨ ਤੋਂ ਸਦਰ ਬਜ਼ਾਰ ਵਿੱਚੋਂ ਹੁੰਦੇ ਹੋਏ ਵੱਡਾ ਚੌਂਕ ਤੱਕ ਲੇਡੀਜ਼ ਕੰਪਿਊਟਰ ਅਧਿਆਪਕਾਂ ਵੱਲੋਂ ਜਾਗੋ ਕੱਢੀ ਜਾਵੇਗੀ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲੀ ਜਾਵੇਗੀ।