ਬੂੰਦੀ ਜ਼ਿਲ੍ਹਾ ਰਾਜਸਥਾਨ ਦਾ ਕੱਚੀ ਘੋੜੀ ਲੋਕ-ਨਾਚ ਸਰਸ ਮੇਲੇ ਵਿੱਚ ਬਣਿਆ ਮੇਲੀਆਂ ਲਈ ਖਿੱਚ ਦਾ ਕੇਂਦਰ
ਹਰਜਿੰਦਰ ਸਿੰਘ ਭੱਟੀ
- ਰਾਜਸਥਾਨ ਦੇ ਲੋਕ ਨਾਚ ਅਤੇ ਲੋਕ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੇ ਵਿਹੜੇ 'ਚ ਸਜੇ ਸਰਸ ਮੇਲੇ 'ਚ ਵੱਖ ਵੱਖ ਰਾਜਾਂ ਦੇ ਕਲਾਕਾਰ ਆਪਣੀ ਕਲਾਕਾਰੀ ਅਤੇ ਮਿੱਟੀ ਦੀ ਮਹਿਕ ਨਾਲ ਜੁੜੇ ਵੱਖੋ-ਵੱਖ ਲੋਕ ਨਾਚ ਪੇਸ਼ ਕਰਕੇ ਮੇਲੇ ਵਿੱਚ ਆਏ ਲੋਕਾਂ ਦਾ ਮਨ ਮੋਹ ਰਹੇ ਹਨ। ਸੱਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਸ਼ੇਖਾਵਟੀ ਖੇਤਰ ਵਿੱਚ ਕੱਚੀ ਘੋੜੀ ਲੋਕ ਨਾਚ ਦੀ ਪੇਸ਼ਕਾਰੀ ਦਰਸ਼ਕਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਜੈਸਲਮੇਰ ਦੇ ਟਿੱਬਿਆਂ ਦੇ ਕੱਕੇ ਰੇਤੇ ਵਿੱਚੋਂ ਉਪਜਿਆ ਰਾਜਸਥਾਨ ਦੀ ਧਰਤੀ ਦਾ ਇਹ ਲੋਕ ਨਾਚ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਖਾਸ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ। ਇਹ ਨਾਚ ਸਭ ਤੋਂ ਜ਼ਿਆਦਾ ਰਾਜਸਥਾਨ ਵਿੱਚ ਪ੍ਰਚਲਿਤ ਹੈ।
ਇਸ ਲੋਕ ਨਾਚ ਦੀ ਅਗਵਾਈ ਕਰ ਰਹੇ ਗਣੇਸ਼ ਕੁਮਾਰ ਸੋਨੀ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਤੇਜਾ ਦਸਵੀਂ ਦੇ ਸਮੇਂ ਬਾਬਾ ਰਾਮਦੇਵ ਪੀਰ ਦੀ ਯਾਦ ਵਿੱਚ ਰਾਜਸਥਾਨ ਦੇ ਪੋਖਰਨ ਵਿਖੇ ਮਨਾਇਆ ਜਾਂਦਾ ਹੈ। ਇਸ ਲੋਕ-ਨਾਚ ਵਿੱਚ ਅਲਗੋਜ਼ਾ, ਢੋਲ, ਗਾਗਰ, ਖੰਜਰੀ, ਤਾਲ ਆਦਿ ਲੋਕ-ਸਾਜਾਂ ਨਾਲ਼ ਬਹਿਰੂਪ ਧਾਰ ਕੇ ਕਲਾਕਾਰ ਘੋੜੀ ਅਤੇ ਛਤਰੀਆਂ ਨਾਲ਼ ਲੋਕਾਂ ਦਾ ਮੰਨੋਰੰਜਨ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਗਰੁੱਪ 'ਚ 8 ਕਲਾਕਾਰ ਆਪਣੀਆਂ ਮਨਮੋਹਕ ਅਦਾਵਾਂ ਨਾਲ ਮੇਲੇ ਵਿਚ ਆਏ ਮੇਲੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਇਸ ਗਰੁੱਪ ਵਿੱਚ ਖੰਜਰੀ ਵਜਾ ਰਹੇ ਬਾਬੂ ਲਾਲ ਪਿਛਲੇ 40 ਸਾਲ ਤੋਂ ਅਤੇ ਅਲਗੋਜ਼ਾਵਾਦ ਅਰਜੁਨ ਪਿਛਲੇ 45 ਸਾਲ ਤੋਂ ਇਸ ਗਰੁੱਪ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੱਸਿਆ ਕਿ ਉਹ ਹਿੰਦੁਸਤਾਨ ਦੇ ਲਗਭਗ ਹਰ ਸੂਬੇ ਵਿੱਚ ਇਸ ਲੋਕ-ਨਾਚ ਦਾ ਮੁਜ਼ਾਹਰਾ ਕਰ ਚੁੱਕੇ ਹਨ। ਗਰੁੱਪ ਲੀਡਰ ਗਣੇਸ਼ ਕੁਮਾਰ ਸੋਨੀ ਨੇ ਦੱਸਿਆ ਕਿ ਇਸ ਨਾਚ ਲਈ ਲੋਕ ਸਾਜ ਖਜਰੀ, ਅਲਗੋਜ਼ਾ, ਢੋਲ, ਤਾਲ, ਗਾਗਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿੱਚ ਤੇਰਾਂਤਾਲੀ ਲੋਕ-ਨਾਚ, ਕਾਲਵੇਲੀਆ, ਘੁੰਮਰ ਲੋਕ-ਨਾਚ ਪ੍ਰਸਿੱਧ ਹਨ।