20 ਅਕਤੂਬਰ ਐਤਵਾਰ ਵਾਲੇ ਦਿਨ "ਕਰਵਾ ਚੌਥ" ਦਾ ਤਿਉਹਾਰ ਮਨਾਉਣ ਲਈ ਸੁਹਾਗਣਾਂ ਹੋਈਆਂ ਪੱਬਾਂ ਭਾਰ
- ਪੂਜਾ ਸਮੱਗਰੀ ਦੀ ਥਾਲੀ 'ਚ ਕਰਵਾ ਨਾ ਹੋਵੇ ਤਾਂ ਪੂਜਾ ਕਰਨਾ "ਅਸ਼ੁੱਭ" ਮੰਨਿਆ ਜਾਂਦੈ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,19 ਅਕਤੂਬਰ 2024 - ਭਾਰਤ ਅਨੇਕਾਂ ਧਰਮਾਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਸੁਹਾਗਣਾਂ ਵੱਲੋਂ "ਕਰਵਾ ਚੌਥ" ਦਾ ਤਿਉਹਾਰ ਸੁਹਾਗਣਾਂ ਵੱਲੋਂ ਬੜੇ ਉਤਸ਼ਾਹ/ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਭਾਵੇਂ ਉਨ੍ਹਾਂ ਦੇ ਘਰੇਲੂ ਹਾਲਾਤ ਜਿੱਦਾਂ ਦੇ ਵੀ ਮਰਜ਼ੀ ਹੋਣ।ਵਿਆਹੁਤਾ ਔਰਤਾਂ ਸਾਲ ਭਰ ਕਰਵਾ ਚੌਥ ਦੇ ਵਰਤ ਦੀ ਉਡੀਕ ਕਰਦੀਆਂ ਹਨ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਇਹ ਵਰਤ ਰੱਖਦੀਆਂ ਹਨ।
ਇਸ ਵਾਰ "ਕਰਵਾ ਚੌਥ" ਦਾ ਤਿਉਹਾਰ 20 ਅਕਤੂਬਰ, ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਵਰਤ ਦੌਰਾਨ, ਵਿਆਹੁਤਾ ਔਰਤਾਂ ਚੰਦ ਅਤੇ ਕਰਵਾ ਮਾਤਾ ਦੀ ਪੂਜਾ ਪੂਰੀ ਰੀਤੀ-ਰਿਵਾਜਾਂ ਨਾਲ ਕਰਦੀਆਂ ਹਨ। ਵਿਆਹੁਤਾ ਔਰਤਾਂ ਇਸ ਦਿਨ ਪੂਜਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੂਜਾ ਦੀ ਥਾਲੀ ਤਿਆਰ ਕਰਦੀਆਂ ਹਨ। ਜਿਸ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।
ਕਰਵਾ ਚੌਥ ਦੇ ਤਿਉਹਾਰ ਮੌਕੇ ਦੁਕਾਨਾਂ ਸੱਜ ਗਈਆਂ ਹਨ। ਸ਼ੁੱਕਰਵਾਰ ਵਾਲੇ ਦਿਨ ਤੋਂ ਹੀ ਮਹਿੰਦੀ ਦੀਆਂ ਫੜੀਆਂ ਅਤੇ ਬਿਊਟੀ ਪਾਰਲਰਾਂ ਵਿੱਚ ਭੀੜਾਂ/ਲਾਈਨਾਂ ਲੱਗੀਆਂ ਹੋਈਆਂ ਹਨ।ਔਰਤਾਂ ਦੇ ਪਹਿਰਾਵੇ ਨਾਲ ਸਬੰਧਤ ਸਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਮਨਿਆਰੀ ਦੀਆਂ ਦੁਕਾਨਾਂ 'ਤੇ ਵੀ ਇਸ ਤਿਉਹਾਰ ਨੂੰ ਲੈ ਕੇ ਔਰਤਾਂ ਦੀ ਭੀੜ ਲੱਗੀ ਹੋਈ ਹੈ।
ਜਿੱਥੇ ਔਰਤਾਂ ਵਿੱਚ ਕਰਵਾ ਚੋਥ ਦੇ ਤਿਉਹਾਰ ਨੂੰ ਲੈ ਕੇ ਭਰਪੂਰ ਉਤਸਾਹ ਵੇਖਿਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਸ਼ਹਿਰਾਂ/ਕਸਬਿਆਂ/ਪਿੰਡਾਂ ਦੇ ਦੁਕਾਨਦਾਰ ਕਰਵਾ ਚੌਥ ਦੇ ਤਿਉਹਾਰ 'ਤੇ ਵੀ ਮੰਦੀ ਦੀ ਮਾਰ ਨਾਲ ਪਰੇਸ਼ਾਨ ਦਿਖ ਰਹੇ ਹਨ।ਖਰੀਦਦਾਰੀ ਨੂੰ ਲੈ ਕੇ ਔਰਤਾਂ ਦੇ ਉਤਸਾਹ ਦੇ ਬਾਵਜੂਦ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ, ਆਨਲਾਈਨ ਸ਼ਾਪਿੰਗ ਅਤੇ ਕਿਸਾਨਾਂ ਨੂੰ ਫਸਲ ਦਾ ਭੁਗਤਾਨ ਨਾ ਹੋਣ ਦਾ ਅਸਰ ਮਾਰਕੀਟ ਵਿੱਚ ਆਮ ਦਿਖ ਰਿਹਾ ਹੈ ਤੇ ਪਿਛਲੇ ਸਾਲ ਨਾਲੋਂ ਬਾਜ਼ਾਰ ਵਿੱਚ ਕਾਫੀ ਮੰਦੀ ਹੈ।
ਇੱਕ ਪੰਡਿਤ ਨੇ ਗੈਰ-ਰਸਮੀ ਗੱਲਬਾਤ ਕਰਦਿਆਂ "ਕਰਵਾ ਚੌਥ" ਦਾ ਵਰਤ ਰੱਖਣ ਵਾਲੀਆਂ ਔਰਤਾਂ ਦੇ ਧਿਆਨ ਹਿਤ ਦੱਸਿਆ ਕਿ "ਕਰਵਾ ਚੌਥ" ਪੂਜਾ ਦੀ ਥਾਲੀ ਵਿੱਚ ਕਰਵਾ ਮਾਤਾ ਦੀ ਫੋਟੋ ਰੱਖੀ ਜਾਵੇ,ਕਿਉਂਕਿ ਕਰਵਾ ਚੌਥ ਦੇ ਦਿਨ ਕਰਵਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਕਰਵਾ ਚੌਥ ਪੂਜਾ ਦੀ ਥਾਲੀ ਵਿੱਚ ਧੂੜੀ ਵੀ ਰੱਖਣੀ ਚਾਹੀਦੀ ਹੈ। ਇਸ ਨੂੰ ਮਾਂ ਕਰਵਾ ਦੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਪੂਜਾ ਸਮੱਗਰੀ ਦੀ ਥਾਲੀ 'ਚ ਕਰਵਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਤੋਂ ਬਿਨਾਂ ਪੂਜਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।ਪੂਜਾ ਦੀ ਥਾਲੀ ਵਿੱਚ ਛਾਣਨੀ ਨੂੰ ਵੀ ਰੱਖਿਆ ਜਾਵੇ। ਉਨ੍ਹਾਂ ਇਸ ਮੌਕੇ "ਕਰਵਾ ਚੌਥ" ਦੀਆਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ।