ਸਰਸ ਮੇਲਾ: ਕੱਚੀ ਮਿੱਟੀ ਦੇ ਭਾਂਡੇ ਮੇਲੀਆਂ ਵੱਲੋਂ ਕੀਤੇ ਜਾ ਰਹੇ ਨੇ ਪਸੰਦ
ਹਰਜਿੰਦਰ ਸਿੰਘ ਭੱਟੀ
- ਸਰਸ ਮੇਲੇ ਵਿੱਚ ਲੱਗੇ ਕੱਚੀ ਮਿੱਟੀ ਦੇ ਭਾਂਡਿਆਂ ਦੇ ਸਟਾਲ ਮੇਲੇ ਨੂੰ ਲਗਾ ਰਹੇ ਨੇ ਚਾਰ-ਚੰਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਅਕਤੂਬਰ 2024:- ਮੋਹਾਲੀ ਵਿਖੇ ਚੱਲ ਰਹੇ ਸਰਸ ਮੇਲੇ ਦੌਰਾਨ ਜਿੱਥੇ ਕਿ ਰੋਜ਼ਾਨਾ ਵਰਤੋਂ, ਖਾਣ-ਪੀਣ ਅਤੇ ਪਹਿਨਣ ਦੀਆਂ ਵਸਤਾਂ ਦੇ ਵੱਖ-ਵੱਖ ਸਟਾਲ ਲੱਗੇ ਹੋਏ ਹਨ ਉੱਥੇ ਹੀ ਹਰਿਆਣਾ ਦੇ ਜ਼ਿਲ੍ਹਾ ਨੂੰਹ ਦੀ ਸਵਿਤਰੀ ਵੱਲੋਂ ਕੱਚੀ ਮਿੱਟੀ ਦੇ ਭਾਂਡਿਆਂ ਦਾ ਸਟਾਲ ਲਗਾਇਆ ਹੋਇਆ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੱਚੇ ਭਾਂਡਿਆਂ ਨੂੰ ਤਿਆਰ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਪਹਿਲਾਂ ਖੇਤਾਂ ਵਿੱਚ ਮਿੱਟੀ ਪੁੱਟ ਕੇ ਲਿਆਉਣੀ, ਫਿਰ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਨ੍ਹਾਂ ਭਾਂਡਿਆਂ ਲਈ ਤਿਆਰ ਕੀਤਾ ਜਾਂਦਾ ਹੈ। ਭਾਂਡੇ ਬਣਾਉਣ ਲਈ ਚਿੱਕਣੀ ਕਾਲ਼ੀ ਮਿੱਟੀ, ਲਾਲ ਮਿੱਟੀ ਅਤੇ ਪੀਲ਼ੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਂਡੇ ਤਿਆਰ ਕਰਕੇ ਫਿਰ ਉਸ ਨੂੰ ਪਕਾਉਣ ਲਈ ਲੱਕੜ ਦੇ ਬਰਾਦੇ ਦੀ ਵਰਤੋਂ ਕੀਤੀ ਜਾਂਦੀ ਹੈ।
ਭਾਂਡਿਆਂ ਨੂੰ ਪੱਕਣ ਕਾਫੀ ਸਮਾਂ ਲੱਗ ਜਾਂਦਾ ਹੈ। ਭਾਂਡਿਆਂ ਦੀ ਮਾਲਕ ਨੇ ਦੱਸਿਆ ਕਿ ਅੱਜ ਦੀ ਨਵੀਂ ਪੀੜੀ ਇਨ੍ਹਾਂ ਭਾਂਡਿਆਂ ਵਿੱਚ ਖਾਣਾ ਖਾਣ ਜਾਂ ਪਕਾਉਣ ਲਈ ਕੰਨੀ ਕਤਰਾਉਂਦੀ ਹੈ, ਜਦੋਂ ਕਿ ਪਿੰਡਾਂ ਦੀ ਸਾਦੀ ਮਿੱਟੀ ਤੋਂ ਤਿਆਰ ਕੀਤੇ ਗਏ ਭਾਂਡੇ ਰੋਜ਼ਾਨਾਂ ਵਰਤੋਂ ਲਈ ਬਹੁਤ ਲਾਭਦਾਇਕ ਹਨ ਅਤੇ ਪੁਰਾਣੇ ਲੋਕਾਂ ਵੱਲੋਂ ਘਰਾਂ ਵਿੱਚ ਕੱਚੀ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਸੀ।
ਤਿਉਹਾਰਾਂ ਦੇ ਦਿਨਾਂ ਵਿੱਚ ਚੱਲ ਰਹੇ ਇਸ ਸਰਸ ਮੇਲੇ ਦੌਰਾਨ ਲੋਕਾਂ ਵੱਲੋਂ ਇਨ੍ਹਾਂ ਭਾਂਡਿਆਂ ਦੀ ਭਾਰੀ ਮਾਤਰਾ ਵਿੱਚ ਖਰੀਦਦਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਖਾਸ ਤੌਰ ਤੇ ਦੀਵਾਲੀ ਨੂੰ ਰੁਸ਼ਨਾਉਣ ਵਾਲੇ ਮਿੱਟੀ ਦੇ ਦੀਵੇ, ਫਲਾਵਰ ਪੋਟ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀ ਤੋਂ ਬਣੀਆਂ ਸਜਾਵਟੀ ਵਸਤੂਆਂ ਸ਼ਾਮਿਲ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਫਲਾਵਰ ਪੋਟ ਤਿਆਰ ਕਰਨ ਲਈ ਰੇਤ, ਫੈਵੀਕੋਲ ਅਤੇ ਚਿੱਟੇ ਸੀਮਿੰਟ ਦੀ ਵਰਤੋਂ ਕੀਤੀ ਜਾਂਦੀ ਹੈ। ਮਿੱਟੀ ਦੇ ਭਾਂਡਿਆ ਦੇ ਲੱਗੇ ਸਟਾਲਾਂ ਤੇ ਜਿੱਥੇ ਲੋਕ ਤਿਉਹਾਰਾਂ ਦੇ ਦਿਨਾਂ ਵਿੱਚ ਖਰੀਦਦਾਰੀ ਕਰ ਰਹੇ ਹਨ ਉੱਥੇ ਇਹ ਪੇਂਡੂ ਵਿਰਾਸਤੀ ਭਾਂਡੇ ਮੇਲੇ ਨੂੰ ਚਾਰ ਚੰਨ ਲਗਾ ਰਹੇ ਹਨ।