ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਡਾ ਸੁਰਜੀਤ ਪਾਤਰ ਦੇ ਚਲਾਣੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ
ਇਟਲੀ , 12 ਮਈ 2024 : ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦੇ ਬੇਵਕਤੀ ਅਕਾਲ ਚਲਾਣੇ ਉੱਪਰ ਰੱਖੀ ਗਈ ਸ਼ੋਕ ਸਭਾ ਵਿੱਚ ਯੂਰਪੀ ਪੰਜਾਬੀ ਲੇਖਕ ਭਾਈਚਾਰੇ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਬੋਲਦੇ ਹੋਏ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਕਿਹਾ ਕਿ ਸੁਰਜੀਤ ਪਾਤਰ ਜਿਹੀਆਂ ਸਖਸ਼ੀਅਤਾਂ ਵਾਰ ਵਾਰ ਪੈਦਾ ਨਹੀਂ ਹੁੰਦੀਆਂ। ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਨੇ ਕਿਹਾ ਕਿ ਸੁਰਜੀਤ ਪਾਤਰ ਇੱਕ ਯੁੱਗ ਕਵੀ ਸਨ ਜਿਹਨਾਂ ਨੂੰ ਯੁੱਗਾਂ ਯੁਗਾਤਰਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸੁਰਜੀਤ ਪਾਤਰ ਸੁਹਜ, ਸੰਜਮ, ਸਲੀਕੇ ਨਾਲ ਗੜੁੱਚ ਅਦਬੀ ਸਖਸ਼ੀਅਤ ਸਨ ਜਿਹਨਾਂ ਨੂੰ ਪੰਜਾਬੀ ਸਾਹਿਤਕ ਜਗਤ ਵਿੱਚ ਸਦਾ ਸਤਿਕਾਰ ਨਾਲ ਚੇਤੇ ਰੱਖਿਆ ਜਾਵੇਗਾ। ਇੰਗਲੈਂਡ ਤੋਂ ਕੁਲਵੰਤ ਕੌਰ ਢਿੱਲੋਂ ਨੇ ਸੁਰਜੀਤ ਪਾਤਰ ਨੂੰ ਭਰੇ ਮਨ ਨਾਲ ਯਾਦ ਕਰਦਿਆਂ ਕਿਹਾ ਕਿ ਅਜਿਹਾ ਸ਼ਾਇਰ ਹੋਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਜਰਮਨੀ ਤੋਂ ਅਮਜਦ ਆਰਫ਼ੀ, ਨੀਲੂ ਜਰਮਨੀ, ਗਰੀਸ ਤੋਂ ਗੁਰਪ੍ਰੀਤ ਕੌਰ ਗਾਇਦੂ, ਇਟਲੀ ਤੋਂ ਪ੍ਰੋ ਜਸਪਾਲ ਸਿੰਘ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਸਤਵੀਰ ਸਾਂਝ, ਰਾਜੂ ਹਠੂਰੀਆ, ਨਿਰਵੈਲ ਸਿੰਘ, ਗੁਰਮੀਤ ਸਿੰਘ ਮੱਲੀ, ਪਰੇਮਪਾਲ ਸਿੰਘ, ਨਰਿੰਦਰ ਪੰਨੂ, ਆਦਿ ਨੇ ਵੀ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।