ਸੁਰਜੀਤ ਪਾਤਰ ਦੀ ਯਾਦ 'ਚ ਲੋਕ-ਸ਼ਰਧਾਂਜਲੀ ਅਤੇ ਸਨਮਾਨ ਸੰਗਤ ਭਲਕੇ 9 ਜੂਨ ਨੂੰ
ਦਲਜੀਤ ਕੌਰ
ਚੰਡੀਗੜ੍ਹ, 8 ਜੂਨ, 2024: ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਮਰਹੂਮ ਪੰਜਾਬੀ ਕਵੀ ਸਰਜੀਤ ਪਾਤਰ ਦੀ ਯਾਦ ਚ ਲੋਕ-ਸ਼ਰਧਾਂਜਲੀ ਤੇ ਸਨਮਾਨ ਸੰਗਤ ਕੱਲ੍ਹ ਨੂੰ ਬਰਨਾਲਾ ਵਿਖੇ ਹੋ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਅਤੇ ਕਾਫ਼ਲਾ ਟੀਮ ਮੈਂਬਰ ਪਾਵੇਲ ਕੁੱਸਾ ਤੇ ਅਮੋਲਕ ਸਿੰਘ ਨੇ ਕਿਹਾ ਕਿ ਕੱਲ੍ਹ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਪੰਜਾਬ ਦੇ ਵੱਖ-ਵੱਖ ਮਿਹਨਤਕਸ਼ ਤਬਕਿਆਂ ਦੇ ਹਜ਼ਾਰਾਂ ਲੋਕ ਅਤੇ ਪੰਜਾਬ ਦੇ ਲੋਕ ਪੱਖੀ ਸਾਹਿਤਕਾਰ ਕਲਾਕਾਰ ਜੁੜ ਬੈਠਣਗੇ ਅਤੇ ਅਜੋਕੀ ਪੰਜਾਬੀ ਕਵਿਤਾ ਦੀ ਰੂਹ ਸੁਰਜੀਤ ਪਾਤਰ ਨੂੰ ਜਿੱਥੇ ਸ਼ਰਧਾਂਜਲੀ ਦੇਣਗੇ, ਉਥੇ ਉਹਨਾਂ ਦੀ ਸਾਹਿਤਕ ਦੇਣ ਬਦਲੇ 'ਧਰਤੀ ਦਾ ਗੀਤ' ਸਨਮਾਨ ਨਾਲ ਵੀ ਸਨਮਾਨਣਗੇ। ਇਸ ਮੌਕੇ ਪੰਜਾਬ ਦੇ ਸਾਹਿਤ ਕਲਾ ਜਗਤ ਦੀਆਂ ਨਾਮਵਰ ਸਖਸ਼ੀਅਤਾਂ ਦੇ ਨਾਲ ਸੁਰਜੀਤ ਪਾਤਰ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਣਗੇ।
ਸਮਾਗਮ 'ਚ ਸ਼ਾਮਿਲ ਨਾ ਹੋ ਸਕਣ ਵਾਲੀਆਂ ਨਾਮਵਰ ਸਾਹਿਤਕ ਹਸਤੀਆਂ ਵੱਲੋਂ ਇਸ ਮੌਕੇ ਲਈ ਆਪਣੇ ਸੰਦੇਸ਼ ਭੇਜੇ ਗਏ ਹਨ। ਕੱਲ੍ਹ ਦੀ ਇਸ ਸ਼ਰਧਾਂਜਲੀ ਤੇ ਸਨਮਾਨ ਸੰਗਤ ਵਿੱਚ ਸਲਾਮ ਕਾਫਲਾ ਵੱਲੋਂ ਸੁਰਜੀਤ ਪਾਤਰ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ "ਪਿੰਜਰੇ ਤੋਂ ਪਰਵਾਜ਼ ਵੱਲ" ਅਤੇ ਉਨ੍ਹਾਂ ਬਾਰੇ ਪ੍ਰਕਾਸ਼ਿਤ ਕੀਤਾ ਗਿਆ ਸਲਾਮ ਮੈਗਜ਼ੀਨ ਦਾ ਅੰਕ ਲੋਕ ਅਰਪਣ ਕੀਤਾ ਜਾਵੇਗਾ। ਸਾਹਿਤਕਾਰਾਂ ਅਤੇ ਲੋਕ ਆਗੂਆਂ ਦੇ ਵਲਵਲਿਆਂ ਤੇ ਵਿਚਾਰਾਂ ਦੇ ਨਾਲ ਨਾਲ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸੁਰਜੀਤ ਪਾਤਰ ਦੀਆਂ ਦੇ ਗੀਤਾਂ ਕਵਿਤਾਵਾਂ 'ਤੇ ਆਧਾਰਿਤ "ਅਸੀਂ ਹੁਣ ਮੁੜ ਨਹੀਂ ਸਕਦੇ" ਦੀ ਮੰਚ-ਪੇਸ਼ਕਾਰੀ ਹੋਵੇਗੀ।
ਸਲਾਮ ਕਾਫ਼ਲਾ ਦੇ ਆਗੂਆਂ ਨੇ ਦੱਸਿਆ ਕਿ ਇਸ ਸੰਗਤ ਦੀ ਤਿਆਰੀ ਲਈ ਜਿੱਥੇ ਪੰਜਾਬ ਭਰ ਦੇ ਸਾਹਿਤਕਾਰਾਂ ਕਲਾਕਾਰਾਂ ਤੇ ਲੋਕ ਪੱਖੀ ਸਰੋਕਾਰਾਂ ਵਾਲੇ ਜਮਹੂਰੀ ਹਲਕਿਆਂ ਨੂੰ ਸੁਨੇਹੇ ਭੇਜੇ ਗਏ ਹਨ ਉਥੇ ਪੰਜਾਬ ਦੀ ਸੰਘਰਸ਼ਸ਼ੀਲ ਲੋਕ ਲਹਿਰ ਦੇ ਵੱਖ-ਵੱਖ ਹਲਕਿਆਂ ਦੀ ਲਾਮਬੰਦੀ ਲਈ ਮੀਟਿੰਗਾਂ ਦਾ ਸਿਲਸਿਲਾ ਚੱਲਿਆ ਹੈ। ਇਸ ਸੰਗਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ ਕਈ ਲੋਕ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪੰਜਾਬੀ ਸਾਹਿਤ ਅਕੈਡਮੀ , ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਲੋਕ ਸੱਭਿਆਚਾਰਕ ਮੰਚ , ਇਪਟਾ ਪੰਜਾਬ ਸਮੇਤ ਕਈ ਸਥਾਨਕ ਲੇਖਕ ਸਭਾਵਾਂ ਵੱਲੋਂ ਲੇਖਕਾਂ/ਸਾਹਿਤਕਾਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਹੈ। ਸਲਾਮ ਕਾਫਲਾ ਆਗੂਆਂ ਨੇ ਕਿਹਾ ਕਿ ਕੱਲ੍ਹ ਦਾ ਇਹ ਇਕੱਠ ਪੰਜਾਬ ਦੇ ਲੋਕ ਹੱਕਾਂ ਦੀ ਲਹਿਰ ਅਤੇ ਲੋਕ ਪੱਖੀ ਸਾਹਿਤ ਕਲਾ ਜਗਤ ਦੇ ਆਪਸੀ ਰਿਸ਼ਤੇ ਦੀ ਮਜ਼ਬੂਤੀ ਵੱਲ ਅਹਿਮ ਕਦਮ ਸਾਬਿਤ ਹੋਵੇਗਾ।