ਪੀ.ਏ.ਯੂ. ਨੇ ਡਾ. ਸੁਰਜੀਤ ਪਾਤਰ ਅਤੇ ਡਾ. ਕਰਮ ਸਿੰਘ ਨੰਦਪੁਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ
ਲੁਧਿਆਣਾ 15 ਮਈ 2024 - ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਬੀਤੇ ਦਿਨੀਂ ਵਿਛੜ ਗਏ ਦੋ ਕਰਮਯੋਗੀਆਂ ਦੀ ਦੇਣ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ| ਇਹਨਾਂ ਵਿਛੜੀਆਂ ਸ਼ਖਸੀਅਤਾਂ ਵਿਚ ਸੰਸਾਰ ਪ੍ਰਸਿੱਧ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪ੍ਰਸਿੱਧ ਸਬਜ਼ੀ ਵਿਗਿਆਨੀ ਡਾ. ਕਰਮ ਸਿੰਘ ਨੰਦਪੁਰੀ ਨੂੰ ਯਾਦ ਕੀਤਾ ਗਿਆ|
ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸੁਰਜੀਤ ਪਾਤਰ ਦੀ ਮੌਤ ਉੱਪਰ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਪਾਤਰ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਜਗਤ ਦਾ ਮਾਣ ਸਨ| ਉਹਨਾਂ ਨੇ ਇਕ ਕਵੀ ਅਤੇ ਇਕ ਚਿੰਤਕ ਦੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਕਵਿਤਾ ਦੇ ਮਾਧਿਅਮ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਇਆ| ਉਹਨਾਂ ਨੂੰ ਸਾਹਿਤ ਅਕੈਡਮੀ ਐਵਾਰਡ ਅਤੇ ਸਰਸਵਤੀ ਐਵਾਰਡ ਸਮੇਤ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਨਿਵਾਜ਼ ਕੇ ਪੰਜਾਬੀ ਸਾਹਿਤ ਜਗਤ ਦਾ ਮਾਣ ਬੁਲੰਦ ਕੀਤਾ ਗਿਆ| ਉਹਨਾਂ ਦੇ ਜਾਣ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਨਾ ਪੂਰਿਆ ਜਾਣ ਵਾਲਾ ਖਲਾਅ ਪੈਦਾ ਹੋਇਆ ਹੈ|
ਡਾ. ਕਰਮ ਸਿੰਘ ਨੰਦਪੁਰੀ ਨੂੰ ਯਾਦ ਕਰਦਿਆਂ ਵਾਈਸ ਚਾਂਸਲਰ ਨੇ ਉਹਨਾਂ ਨੂੰ ਪੰਜਾਬ ਦੇ ਖਿੱਤੇ ਵਿਚ ਸਬਜ਼ੀਆਂ ਦੀਆਂ ਕ੍ਰਾਂਤੀਕਾਰੀ ਖੋਜਾਂ ਕਰਨ ਵਾਲਾ ਮਾਹਿਰ ਕਿਹਾ| ਉਹਨਾਂ ਕਿਹਾ ਕਿ ਡਾ. ਨੰਦਪੁਰੀ ਨੇ ਨਾ ਸਿਰਫ ਵੱਖ-ਵੱਖ ਸਬਜ਼ੀਆਂ ਜਿਵੇਂ ਖਰਬੂਜ਼ਿਆਂ, ਟਮਾਟਰਾਂ ਦੀਆਂ ਕਿਸਮਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ ਬਲਕਿ ਸਬਜ਼ੀ ਨੂੰ ਆਮ ਕਿਸਾਨ ਦੇ ਖੇਤ ਤੱਕ ਪਹੁੰਚਾਉਣ ਵਿਚ ਅਣਥੱਕ ਮਿਹਨਤ ਕੀਤੀ| ਡਾ. ਗੋਸਲ ਨੇ ਕਿਹਾ ਕਿ ਇਹਨਾਂ ਦੋਵਾਂ ਹਸਤੀਆਂ ਦਾ ਕਾਰਜ ਨਾ ਸਿਰਫ ਪੀ.ਏ.ਯੂ. ਬਲਕਿ ਸਮੁੱਚੇ ਪੰਜਾਬ ਲਈ ਚਾਨਣ ਮੁਨਾਰੇ ਵਾਂਗ ਰਾਹ ਦਿਸੇਰਾ ਬਣਿਆ ਰਹੇਗਾ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਬਜ਼ੀ ਵਿਗਿਆਨ ਦੇ ਖੇਤਰ ਵਿਚ ਕੀਤੀ ਖੋਜ ਲਈ ਡਾ. ਕਰਮ ਸਿੰਘ ਨੰਦਪੁਰੀ ਦੇ ਕਾਰਜ ਨੂੰ ਸਲਾਹਿਆ| ਉਹਨਾਂ ਕਿਹਾ ਕਿ ਡਾ. ਨੰਦਪੁਰੀ ਵੱਲੋਂ ਵਿਕਸਿਤ ਕੀਤੀਆਂ ਵੱਧ ਝਾੜ ਵਾਲੀਆਂ ਅਨੇਕ ਕਿਸਮਾਂ ਅੱਜ ਪੰਜਾਬ ਦੇ ਸਬਜ਼ੀ ਉਤਪਾਦਕਾਂ ਲਈ ਲਾਹੇਵੰਦ ਬਣੀਆਂ ਹੋਈਆਂ ਹਨ| ਤਰਨਤਾਰਨ ਦੇ ਖਿੱਤੇ ਤੋਂ ਉੱਠ ਕੇ ਡਾ. ਨੰਦਪੁਰੀ ਨੇ ਖੇਤੀ ਖੇਤਰ ਵਿਚ ਆਪਣੇ ਮਿਹਨਤ ਰਾਹੀਂ ਡੂੰਘੀਆਂ ਅਤੇ ਪਕੇਰੀਆਂ ਪੈੜਾਂ ਪਾਈਆਂ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਨੇ ਜ਼ਿਲ•ਾ ਕਪੂਰਥਲਾ ਦੇ ਪਿੰਡ ਪੱਤੜਕਲਾਂ ਵਿਚ ਪੈਦਾ ਹੋ ਕੇ ਪੰਜਾਬੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ| ਉਹਨਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਡਾ. ਸੁਰਜੀਤ ਪਾਤਰ ਦੀ ਕਰਮਸਥਲੀ ਪੀ.ਏ.ਯੂ. ਰਹੀ| ਉਹਨਾਂ ਨੇ ਆਪਣੀ ਕਵਿਤਾ, ਅਨੁਵਾਦ, ਟੀ ਵੀ ਪਟਕਥਾਵਾਂ ਅਤੇ ਹੋਰ ਕਾਰਜਾਂ ਰਾਹੀਂ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਸਪੂਤ ਸਾਬਿਤ ਕੀਤਾ|
ਵਿਛੜੀਆਂ ਰੂਹਾਂ ਦੀ ਯਾਦ ਵਿਚ ਕੁਝ ਪਲਾਂ ਦਾ ਮੌਨ ਧਾਰਨ ਕਰਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ ਗਈ ਅਤੇ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਹੋਈ ਕਿ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਸਹਿਣ ਦਾ ਬਲ ਪ੍ਰਦਾਨ ਕਰਨ|