ਪੱਟੀ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਵਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ
- ਡਾਕਟਰ ਪਾਤਰ ਦੇ ਚਲੇ ਜਾਣ ਨਾਲ ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,12 ਮਈ 2024 - ਪੱਟੀ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਾਇਰ ਸੁਰਜੀਤ ਪਾਤਰ ਦੇ ਅਕਾਲ ਚਲਾਣਾ ਕਰਨ 'ਤੇ ਸ਼ਰਧਾਂਜਲੀ ਦੇਣ ਲਈ ਸਮਾਗਮ ਬੀਬੀ ਰਜਨੀ ਚੌਂਕਾ ਵਿਖੇ ਕਰਵਾਇਆ ਗਿਆ।ਬੀਤੇ ਸ਼ਨੀਵਾਰ ਪੰਜਾਬੀ ਸਾਹਿਤ ਦੇ ਸਿਰਮੌਰ ਸ਼ਾਇਰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਡਾਕਟਰ ਸੁਰਜੀਤ ਪਾਤਰ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਇਹ ਖ਼ਬਰ ਆਉਂਦਿਆਂ ਹੀ ਸਾਹਿਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।ਸ਼ਾਇਰ ਪਾਤਰ ਦੇ ਅਕਾਲ ਚਲਾਣਾ ਕਰਨ 'ਤੇ ਪੱਟੀ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਮਲਕੀਤ ਸਿੰਘ ਕਾਲੇਕੇ ਅਤੇ ਕੁਲਵੰਤ ਸਿੰਘ ਕੋਮਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਡਾ.ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ,ਜਤਿਨ ਸ਼ਰਮਾ,ਮੰਗਤ ਰਾਮ,ਅਜੇ ਸ਼ਰਮਾ,ਸੁਖਬੀਰ ਸਿੰਘ ਅਤੇ ਪ੍ਰਿੰਸ ਧੁੰਨਾ ਵੱਲੋਂ ਆਪਣੇ ਵਿਚਾਰਾਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਉਹਨਾਂ ਵੱਲੋਂ ਸਿਰਜੀਆਂ ਰਚਨਾਵਾਂ ਆਮ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਡਾਕਟਰ ਪਾਤਰ ਬਾਬਾ ਬੋਹੜ ਵੱਲੋਂ ਜਾਣੇ ਜਾਂਦੇ ਹਨ।ਉਹਨਾਂ ਨੇ ਲੋਕਾਂ ਦੀ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਕੀਤੀ।
ਉਹਨਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਸਾਹਿਤ ਪ੍ਰੇਮੀਆਂ ਵੱਲੋਂ ਵਿਛੜੀ ਹੋਈ ਆਤਮਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਅਤੇ ਉਹਨਾਂ ਦੀ ਤਸਵੀਰ ਤੇ ਫੁੱਲ ਅਰਪਣ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਨਪ੍ਰੀਤ ਸਿੰਘ,ਸਤਵਿੰਦਰ ਜੀਤ ਸਿੰਘ ਫ਼ੌਜੀ,ਵਿਕਰਮ ਜੀਤ ਸਿੰਘ ਜੱਸਾ,ਗੁਰਵਿੰਦਰ ਸਿੰਘ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜ਼ਰ ਸਨ।