ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਲੋਕ ਅਰਪਨ
ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਵੀ ਕਰਵਾਇਆ
ਚੰਡੀਗੜ੍ਹ, 9 ਨਵੰਬਰ 2024 : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸ਼ੁੱਕਰਵਾਰ ਨੂੰ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ’ ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਨੇ ਪ੍ਰਿੰ. ਗੋਸਲ ਰਚਿਤ ਗੀਤ “ਦਿੱਲੀ ਨਾ ਕਦੇ ਦਰਦ ਜਾਣਿਆ, ਪੰਜਾਬੀ ਸਿੰਘਾਂ ਸਰਦਾਰਾਂ ਦਾ, ਫਰੋਲ ਕੇ ਭਾਵੇਂ ਇਤਿਹਾਸ ਦੇਖ ਲਓ ਸਾਲਾਂ ਕਈ ਹਜ਼ਾਰਾਂ ਦਾ” ਗਾ ਕੇ ਸਰੋਤਿਆਂ ਨੂੰ ਕੀਲ ਲਿਆ। ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਪੁਸਤਕ ਦੇ ਵਿੱਚ ਲਿਖੇ ਮੁੱਖ ਸਾਹਿਤਕ ਸਿਤਾਰਿਆਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਹਾਜ਼ਰ ਸਾਹਿਤਕ ਸਿਤਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਦੀ ਸਾਹਿਤਕ ਮਿਲਣੀ ਇਕ ਵਿਲੱਖਣ ਉਪਰਾਲਾ ਹੈ, ਜਿਸ ਵਿਚ ਟ੍ਰਾਈਸਿਟੀ ਦੇ ਉੱਘੇ ਬੁਧੀਜੀਵੀ, ਪ੍ਰਸਿੱਧ ਸਾਹਿਤਕਾਰ ਅਤੇ ਕਵੀ ਹਾਜ਼ਰ ਹੋਏ ਹਨ।
ਸਮਾਗਮ ਦੇ ਪਹਿਲੇ ਪੜਾਅ ਵਿਚ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਪ੍ਰਿੰ. ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ ਕੀਤਾ ਗਿਆ। ਇਸ ਪੁਸਤਕ ਤੇ ਵਿਚਾਰ ਚਰਚਾ ਕਰਦੇ ਹੋਏ ਕਰਨਲ ਜਗਤਾਰ ਸਿੰਘ ਮੁਲਤਾਨੀ, ਪਰਮਜੀਤ ਕੌਰ ਪਰਮ, ਗੁਰਮੀਤ ਸਿੰਘ ਜੋੜਾ, ਮੈਡਮ ਹਰਦੀਪ ਵਿਰਕ ਅਤੇ ਜਗਤਾਰ ਸਿੰਘ ਜੋਗ, ਬਲਜਿੰਦਰ ਕੌਰ ਸ਼ੇਰਗਿੱਲ ਨੇ ਪੁਸਤਕ ਵਿਚਲੇ ਸਾਹਿਤਕ ਸਿਤਾਰਿਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਪ੍ਰਿੰ. ਗੋਸਲ ਨੂੰ ਇਸ ਕਾਰਜ ਲਈ ਵਧਾਈ ਦਿੱਤੀ।
ਜਸਵਿੰਦਰ ਸਿੰਘ ਕਾਈਨੌਰ ਨੇ ਕਿਹਾ ਕਿ 103 ਪੁਸਤਕਾਂ ਦੇ ਰਚੇਤਾ ਪ੍ਰਿੰ. ਗੋਸਲ ਦੀ ਇਸ 104ਵੀਂ ਪੁਸਤਕ ’ਚ ਜਿਨ੍ਹਾਂ 20 ਸਾਹਿਤ ਦੇ ਸਿਤਾਰਿਆਂ ਦੀ ਜੀਵਨੀ ਬਾਰੇ ਲਿਖਿਆ ਹੈ ਉਨ੍ਹਾਂ ਦੇ ਨਾਂ ਹਨ ; ਭਾਈ ਗੁਰਦਾਸ ਜੀ, ਸਆਦਤ ਹਸਨ ਮੰਟੋ, ਧਨੀ ਰਾਮ ਚਾਤ੍ਰਿਕ, ਬੁੱਲੇ ਸ਼ਾਹ। ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ, ਵਾਰਿਸ ਸ਼ਾਹ, ਬਾਬਾ ਫਰੀਦ, ਮਾਸਟਰ ਬਾਬੂ ਸਿੰਘ ਚੌਹਾਨ, ਮਹਿੰਦਰ ਸਿੰਘ ਮਾਨੂੰਪੁਰੀ, ਰਘਬੀਰ ਸਿੰਘ ਭਰਤ, ਜਗਜੀਤ ਮੁਕਤਸਰੀ, ਦਲਬੀਰ ਸਿੰਘ ਸਰੋਆ, ਬਾਬੂ ਰਾਮ ਦੀਵਾਨਾ, ਪਰਮਜੀਤ ਪਰਮ, ਸ਼੍ਰੀ ਸੁਭਾਸ਼ ਭਾਸਕਰ, ਗੁਰਚਰਨ ਬੱਧਣ, ਰਾਜਿੰਦਰ ਸਿੰਘ ਧੀਮਾਨ, ਮਨਜੀਤ ਕੋਰ ਮੀਤ ਅਤੇ ਕਮਲਜੀਤ ਸਿੰਘ ਬਨਵੈਤ।ਉਨ੍ਹਾਂ ਇਹ ਵੀ ਆਸ ਕੀਤੀ ਕਿ ਪ੍ਰਿੰ. ਗੋਸਲ ਭਵਿੱਖ ‘ਚ ਵੀ ਹੋਰ ਵੀ ਮੁੱਲਵਾਨ ਕਿਰਤਾਂ ਪੰਜਾਬੀ ਸਾਹਿਤ ਨੂੰ ਦਿੰਦੇ ਰਹਿਣਗੇ।
ਸਮਾਗਮ ਦੇ ਦੂਜੇ ਪੜਾਅ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਨਾਮੀ ਕਵੀਆਂ ਅਤੇ ਗੀਤਕਾਰਾਂ ਨੇ ਆਪਣੀਆਂ ਨਿਵੇਕਲੀਆਂ ਕਵਿਤਾਵਾਂ ਅਤੇ ਦੂਜੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਜਿਹਨਾਂ ਕਵੀਆਂ ਨੇ ਕਵੀ ਦਰਬਾਰ ਵਿਚ ਹਿੱਸਾ ਲਿਆ, ਉਹਨਾਂ ਵਿਚ ਮਲਕੀਅਤ ਔਜਲਾ, ਬਲਜਿੰਦਰ ਕੌਰ ਸ਼ੇਰਗਿੱਲ, ਹਰਦੀਪ ਵਿਰਕ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀਂ, ਮੈਡਮ ਸੰਗੀਤਾ ਸ਼ਰਮਾ, ਸ੍ਰੀ ਪ੍ਰੇਮ ਵਿਜ, ਜਸਪਾਲ ਸਿੰਘ ਕੰਵਲ, ਰਾਜ ਕੁਮਾਰ ਸਾਹੋਵਾਲੀਆ, ਬਾਬੂ ਰਾਮ ਦੀਵਾਨਾ, ਮਨਜੀਤ ਕੌਰ ਮੀਤ, ਭੁਪਿੰਦਰ ਭਾਗੋਮਾਜਰੀਆ, ਡਾ. ਪੰਨਾ ਲਾਲ ਮੁਸਤਫਾਬਾਦੀ, ਪਾਲ ਅਜਨਵੀਂ, ਦਲਬੀਰ ਸਰੋਆ, ਅਮਰਜੀਤ ਬਠਲਾਣਾ, ਰਾਜਵਿੰਦਰ ਗੱਡੂ, ਜਗਤਾਰ ਸਿੰਘ ਜੋਗ, ਬਲਕਾਰ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਸਿੱਧੂ ਸ਼ਾਮਲ ਸਨ।
ਸਮਾਗਮ ਦੇ ਤੀਜੇ ਪੜਾਅ ਸਮੇਂ ਪੁਸਤਕ ਵਿਚ ਰਚਿਤ ਜੀਵਨੀਆਂ ਵਾਲੇ ਸਾਹਿਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਵਿਚ ਬਾਬੂ ਰਾਮ ਦੀਵਾਨਾ, ਪਰਮਜੀਤ ਕੌਰ ਪਰਮ, ਕਮਲਜੀਤ ਬਨਵੈਤ, ਸੁਭਾਸ਼ ਭਾਸਕਰ, ਗੁਰਚਰਨ ਬੱਧਨ, ਦਲਬੀਰ ਸਿੰਘ ਸਰੋਆ, ਮਨਜੀਤ ਕੌਰ ਮੀਤ ਦੇ ਨਾਂ ਸ਼ਾਮਲ ਸਨ| ਇਹਨਾਂ ਸਾਹਿਤ ਦੇ ਸਿਤਾਰਿਆਂ ਨੂੰ ਇਕ-ਇਕ ਸ਼ਾਲ, ਇਕ ਪੁਸਤਕ, ਗੋਲਡ ਮੈਡਲ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਕਮਲਜੀਤ ਸਿੰਘ ਬਨਵੈਤ ਦਾ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਨੂੰ ਸੰਸਥਾ ਵਲੋਂ ਇਕ ਸ਼ਾਲ, ਇਕ ਮੋਮੈਂਟੋ, ਗੁਲਦਸਤੇ, ਗੋਲਡ ਮੈਡਲ ਅਤੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਢੋਲ ਦਾ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਨਮਾਨ ਕੀਤਾ ਗਿਆ। ਉਹਨਾਂ ਦਾ ਇਹ ਸਨਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਦੂਜੇ ਅਹੁਦੇਦਾਰਾਂ ਵਲੋਂ ਕੀਤਾ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਸਾਬਕਾ ਆਈ.ਏ.ਐਸ., ਬਲਵਿੰਦਰ ਸਿੰਘ, ਕੁਲਜੀਤ ਕੌਰ, ਕਮਲਜੀਤ, ਸੰਦੀਪ ਸਿੰਘ, ਉਦੇ ਕੁਮਾਰ, ਇੰਦਰ ਕੁਮਾਰ, ਬਾਬਾ ਬਲਬੀਰ ਸਿੰਘ ਪੀ.ਜੀ.ਆਈ. ਲੰਗਰ ਵਾਲੇ, ਅਜਾਇਬ ਔਜਲਾ, ਹਰਮਿੰਦਰ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਕੁੰਵਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਜਸਪਾਲ ਸਿੰਘ ਕੰਵਲ ਵੀ ਹਾਜ਼ਰ ਸਨ।
ਸਮਾਗਮ ਦੇ ਅੰਤ ਵਿਚ ਸੰਸਥਾ ਦੇ ਮੀਤ ਪ੍ਰਧਾਨ ਭੁਪਿੰਦਰ ਭਾਗੋਮਾਜਰਾ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੇ ਸਟੇਜ ਸੰਚਾਲਨ ਦੀ ਸੇਵਾ ਉਪ ਪ੍ਰਧਾਨ ਦਰਸ਼ਨ ਸਿੰਘ ਸਿੱਧੂ ਵਲੋਂ ਬਾਖੂਬੀ ਨਿਭਾਈ ਗਈ। ਇਹ ਸਮਾਗਮ ਨਵੀਆਂ ਪੈੜਾਂ ਪਾਉਂਦਾ ਹੋਇਆ ਸਾਹਿਤਕ ਮਿਲਣੀ ਦੀਆਂ ਨਵੀਆਂ ਯਾਦਾਂ ਨਾਲ ਸਮਾਪਤ ਹੋਇਆ।