ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ 14 ਤੋਂ 17 ਨਵੰਬਰ ਤੱਕ ਪੁਸਤਕ ਮੇਲਾ ਅਤੇ ਸਾਹਿਤਕ ਉਤਸਵ ਪੰਜਾਬੀ ਭਵਨ ਲੁਧਿਆਣਾ ਵਿਖੇ
ਲੁਧਿਆਣਾ : 07 ਨਵੰਬਰ 2024 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 14 ਤੋਂ 17 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇੇ ਦਸਿਆ ਕਿ ਇਸ ਸਾਹਿਤ ਉਤਸਵ ਦਾ ਪਹਿਲਾ ਦਿਨ 14 ਨਵੰਬਰ ਬਾਲ ਦਿਵਸ ਨੂੰ ਸਮਰਪਤ ਕੀਤਾ ਗਿਆ ਹੈ। ਸਾਹਿਤ ਉਤਸਵ ਦਾ ਉਦਘਾਟਨ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਕਰਨਗੇ ਅਤੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਅਕਾਡਮੀ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਕਰਨਗੇ। ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ. ਅਮਰਜੀਤ ਸਿੰਘ ਟਿੱਕਾ, ਸ. ਪਿ੍ਰਤਪਾਲ ਸਿੰਘ ਅਤੇ ਸ. ਹਰਚਰਨ ਸਿੰਘ ਗੋਹਲਵੜੀਆ ਸ਼ਿਰਕਤ ਕਰਨਗੇ।
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੰਜਾਬੀ ਪਿਆਰਅਿਾਂ ਨੂੰ ਇਸ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਹੁੰਮ ਹੁੰਮਾ ਕੇ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਵਨ, ਲੁਧਿਆਣਾ ਵਿਖੇ ਏਨੀ ਵੱਡੀ ਗਿਣਤੀ ਵਿਚ ਪ੍ਰਕਾਸ਼ਕਾਂ ਅਤੇ ਪੁਸਤਕ ਵਿਕ੍ਰੇਤਾਵਾਂ ਵਲੋਂ ਪੁਸਤਕਾਂ ਦੇ ਸਟਾਲ ਲਗਾਏ ਜਾ ਰਹੇ ਹਨ ਜਿਥੋਂ ਪਾਠਕ ਆਪੋ ਆਪਣੀ ਪਸੰਦ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਹਿਤ ਉਤਸਵ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ 14 ਨਵੰਬਰ ਬਾਲ ਦਿਵਸ ਨੂੰ ਸਮਰਪਿਤ ਹੋਵੇਗਾ ਇਸ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤੱਕ ਉੱਘੇ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਹੇਠ ਪੰਜ ਚੋਣਵੇਂ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦਸਿਆ ਉਦਘਾਟਨੀ ਸੈਸ਼ਨ ਦਾ ਮੁੱਖ ਸੁਰ ਭਾਸ਼ਨ ਜੰਗ ਬਹਾਦਰ ਗੋਇਲ, ਸਾਬਕਾ ਆਈ.ਏ.ਐੱਸ. ਦੇਣਗੇ। 15 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ਇਸ ਦਿਨ ਪਹਿਲੇ ਸੈਸ਼ਨ ਵਿਚ ‘ਰੇਪ ਮਾਨਸਿਕਤਾ ਅਤੇ ਔਰਤ’ ਵਿਸ਼ੇ ’ਤੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਦੂਜੇ ਸੈਸ਼ਨ ਵਿਚ ਇਸਤਰੀ ਸ਼ਾਇਰਾਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਜਾਵੇਗਾ। 16 ਨਵੰਬਰ ਪੰਜਾਬ ਮਾਹ ਨੂੰ ਸਮਰਪਤ ਹੋਵੇਗਾ। ਇਸ ਦਿਨ ਕਵੀ ਦਰਬਾਰ ਹੋਵੇਗਾ ਅਤੇ ਦੂਜੇ ਸੈਸ਼ਨ ਵਿਚ ਦਸਤਾਵੇਜ਼ੀ ਫ਼ਿਲਮਾਂ ਦੀ ਪੇਸ਼ਕਾਰੀ ਹੋਵੇਗੀ। 17 ਨਵੰਬਰ ਦਾ ਦਿਨ ਪਿਆਰੇ ਪੰਜਾਬ ਦੇ ਭਵਿੱਖ ਨੂੰ ਸਮਰਪਤ ਹੋਵੇਗਾ। ਇਸ ਮੌਕੇ ਪੰਜਾਬ ਦਾ ਅਤੀਤ ਅਤੇ ਅੱਜ ਵਿਸ਼ੇ ’ਤੇ ਚਾਰ ਉੱਘੇ ਵਿਦਵਾਨ ਡਾ. ਗਿਆਨ ਸਿੰਘ ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਪੂੰਝੇ-ਕਪੂੰਝੇ, ਡਾ. ਬਲਵਿੰਦਰ ਸਿੰਘ ਔਲਖ ਪੰਜਬ ਦਾ ਸਿਹਤ ਸੰਕਟ, ਸ. ਗੁਰਪ੍ਰੀਤ ਸਿੰਘ ਤੂਰ ਪੰਜਾਬ ਅਤੇ ਪਰਵਾਸ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਪੰਜਾਬ : ਅਤੀਤ ਅਤੇ ਅੱਜ ਵਿਸ਼ੇ ’ਤੇ ਆਪਣੇ ਖੋਜ-ਪੱਤਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਸਾਨੂੰ ਪੂਰਨ ਆਸ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਇਸ ਉਪਰਾਲੇ ਨੂੰ ਸਮੂਹ ਪੰਜਾਬੀ ਹਿਤੈਸ਼ੀ ਭਰਪੂਰ ਸਹਿਯੋਗ ਦਿੰਦੇ ਹੋਏ ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰੋ ਦਿਨ ਸ਼ਮੂਲੀਅਤ ਕਰਕੇ ਸਾਹਿਤ ਉਤਸਵ ਦਾ ਆਨੰਦ ਮਾਣਨਗੇ।