ਦੇਸ਼ ਵੰਡ ਵੇਲੇ ਹੋਏ ਕਤਲਾਮ ਬਾਰੇ ਰਾਮਾ ਨੰਦ ਸਾਗਰ ਦਾ ਉਰਦੂ ਨਾਵਲ” ਤੇ ਇਨਸਾਨ ਮਰ ਗਿਆ” ਪੰਜਾਬੀ ਵਿੱਚ ਛਪਣਾ ਇਤਿਹਾਸਕ ਕਾਰਜ— ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 8 ਨਵੰਬਰ 2024 - ਲਾਹੌਰ ਜ਼ਿਲ੍ਹੇ ਦੇ ਪਿੰਡ “ਆਸਲ ਗੁਰੂ ਕੇ ” ਵਿੱਚ 29 ਦਸੰਬਰ 1917 ਨੂੰ ਜਨਮੇ ਉੱਘੇ ਫ਼ਿਲਮ- ਸਾਜ਼,ਰਾਮਾਇਣ ਤੇ ਹੋਰ ਅਨੇਕਾਂ ਚਰਚਿਤ ਟੀ ਵੀ ਸੀਰੀਅਲਜ਼ ਦੇ ਲੇਖਕ, ਪੇਸ਼ਕਾਰ ਤੇ ਨਿਰਮਾਤਾ ਸ਼੍ਰੀ ਰਾਮਾ ਨੰਦ ਸਾਗਰ ਜੀ ਦਾ 1947 ਦੀ ਦੇਸ਼ ਵੰਡ ਬਾਰੇ ਦਿਲ-ਚੀਰਵਾਂ ਇਹ ਉਰਦੂ ਨਾਵਲ ਪਹਿਲੀ ਵਾਰ 1949 ਵਿੱਚ ਛਪਿਆ। ਹੁਣ ਪ੍ਰੋ. ਜਸਪਾਲ ਘਈ ਜੀ ਨੇ ਇਸ ਦਾ ਪੰਜਾਬੀ ਰੂਪ ਵੀ ਪਹਿਲੀ ਵਾਰ ਹੀ ਹੁਣ ਪੰਜਾਬੀ ਪਾਠਕਾਂ ਸਨਮੁਖ ਪੇਸ਼ ਕੀਤਾ ਹੈ। ਗੌਰਮਿੰਟ ਕਾਲਿਜ ਲਾਹੌਰ ਤੋਂ 1942 ਵਿੱਚ ਗਰੈਜੂਏਟ ਹੋਏ ਇਸ ਲੇਖਕ ਨੇ ਸਿਰਫ਼ ਇਹੀ ਇੱਕ ਨਾਵਲ ਲਿਖਿਆ ਹੈ। ਇਸ ਲਿਖਤ ਵਿੱਚੋਂ ਸਿੰਮਦਾ ਦਰਦ ਸਾਨੂੰ ਝੰਜੋੜਦਾ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ”ਅੱਜ ਆਖਾਂ ਵਾਰਿਸ ਸ਼ਾਹ ਨੂੰ” ਵਾਂਗ। ਦੇਸ਼ ਵੰਡਾਰੇ ਵੇਲੇ ਪੱਲੇ ਪਏ ਦਰਦਾਂ ਦੇ ਵਿਹੁ -ਵਲਿੱਸੇ ਕਿੱਸੇ ਜੋੜਾਂ ਦੀਆਂ ਪੀੜਾਂ ਵਾਂਗ ਟੱਸ ਟੱਸ ਕਰਦੇ ਹਨ।
ਪੁਸ਼ਤਾਂ ਤੋਂ ਪਿੱਛਾ ਕਰ ਰਹੇ ਹਨ, ਇਹ ਰੱਤ ਭਿੱਜੇ ਅਣਚਾਹੇ, ਅਣਚਿਤਵੇ ਕਹਿਰੀ ਤੇ ਜ਼ਾਲਮ ਵਰਕੇ। ਹਰਫ਼ ਹਰਫ਼ ਅੱਜ ਵੀ ਦਰਦ ਨਾਲ ਕਰਾਹ ਰਿਹਾ ਹੈ ਇਸ ਨਾਵਲ ਵਿੱਚ। ਇਸ ਨਾਵਲ ਦੀ ਦਰਦ ਗਾਥਾ ਸਮੁੱਚੇ ਦੇਸ਼ -ਵੰਡ ਸਾਹਿੱਤ ਤੋਂ ਨਿਵੇਕਲੀ ਹੈ। ਇਸ ਵਿੱਚ ਪੇਸ਼ ਇਨਸਾਨੀਅਤ ਦੀ ਮੌਤ ਮੁੱਖ ਸਥਾਨ ਤੇ ਵਿਖਾਈ ਹੈ। ਜਨਮ ਭੂਮੀ ਵਾਲਾ ਦੇਸ਼ ਛੱਡਣ ਵੇਲੇ 32 ਸਾਲ ਦੇ ਪੜ੍ਹੇ ਲਿਖੇ ਇਸ ਪੰਜਾਬੀ ਪੁੱਤਰ ਰਾਮਾ ਨੰਦ ਸਾਗਰ ਨੇ ਦਰਦ ਦੀ ਜੀਵੰਤ ਹਾਲ-ਬਿਆਨੀ ਕਰਕੇ ਵਕਤ ਨੂੰ ਫਰੇਮ ਵਿੱਚ ਲੈ ਆਂਦਾ ਹੈ। 12 ਦਸੰਬਰ 2005 ਨੂੰ ਸਾਥੋਂ ਵਿੱਛੜੇ ਇਸ ਮਹਾਨ ਲੇਖਕ ਨੂੰ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਇਸ ਨਾਵਲ ਨੂੰ ਵੱਧ ਤੋਂ ਵੱਧ ਸੰਵੇਦਨਸ਼ੀਲ ਪੰਜਾਬੀ ਪਾਠਕਾਂ ਤੀਕ ਪਹੁੰਚਾਈਏ ਤਾਂ ਜੋ ਇਨਸਾਨੀਅਤ ਦਾ ਕਤਲੇ-ਆਮ ਕਰਨ ਵਾਲੀਆਂ ਸ਼ਕਤੀਆਂ ਅੱਗੇ ਅਸੀਂ ਭਵਿੱਖ ਵਿੱਚ ਕਦੇ ਵੀ ਬਾਲਣ ਨਾ ਬਣੀਏ।
ਮਾਝੇ ਦੀ ਰਸਵੰਤੀ ਪੰਜਾਬੀ ਜ਼ੁਬਾਨ ਬੋਲਦੇ ਪੁੱਤਰ ਰਾਮਾ ਨੰਦ ਸਾਗਰ ਦੀ ਇਹ ਲਿਖਤ ਉਸ ਲਾਲਟੈਣ ਵਰਗੀ ਹੈ ਜੋ ਬੰਦੇ ਦੇ ਅੱਗੇ ਅੱਗੇ ਜਗਦੀ ਜਾਗਦੀ ਤੁਰ ਰਹੀ ਹੋਏ,ਟੋਏ ਟਿੱਬਿਆਂ ਵਿੱਚ ਲੱਗਣ ਵਾਲੇ ਠੇਡਿਆਂ ਤੋਂ ਬਚਾਉਂਦੀ ਹੋਈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮਹੱਤਵਪੂਰਨ ਨਾਵਲ ਦੇ ਸੁੰਦਰ ਅਨੁਵਾਦ ਲਈ ਪ੍ਰੋ. ਜਸਪਾਲ ਘਈ ਤੇ ਵਧੀਆ ਪ੍ਰਕਾਸ਼ਨ ਲਈ ਪ੍ਰਕਾਸ਼ਕ ਸ. ਗੁਰਦੀਪ ਸਿੰਘ ਮਾਲਕ “ਬੁੱਕ ਹਾਈ ਵੇਅ” ਨੂੰ ਮੁਬਾਰਕ ਦਿੱਤੀ ਹੈ। ਇਸ ਨਾਵਲ ਦਾ ਮੁੱਖ ਬੰਦ ਖਵਾਜਾ ਅਹਿਮਦ ਅੱਬਾਸ ਜੀ ਨੇ ਲਿਖਿਆ ਹੈ। ਇਹ ਨਾਵਲ ਖਾਲਸਾ ਕਾਲਿਜ ਅੰਮ੍ਰਿਤਸਰ ਵਿੱਚ 19 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੁਸਤਕ ਮੇਲੇ ਵਿੱਚ ਲੋਕ ਅਰਪਨ ਕੀਤਾ ਜਾਵੇਗਾ।