ਰਿਫਾਇਨਰੀ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਵਜੀਫਾ ਵੰਡਣ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ,13 ਸਤੰਬਰ 2024: ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸੀਐਸਆਰ ਪ੍ਰੋਗਰਾਮ ਦੇ ਅਧਾਰ ਤੇ ਨੇੜਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਤਹਿਤ ਇਸ ਸਾਲ 217 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਇਲੈਕਟਰਾਨਿਕ ਗੈਜੇਟ ਮੁਹੱਈਆ ਕਰਵਾਏ ਜਾਣਗੇ, ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸਰਕਾਰੀ ਹਾਈ ਸਕੂਲ ਪਿੰਡ ਸਿੰਗੋ ਅਤੇ ਸਰਕਾਰੀ ਹਾਈ ਸਕੂਲ ਜੱਜਲ ਤੋਂ ਕੀਤੀ ਗਈ ਹੈ। ਪਿੰਡ ਸਿੰਗੋ ਦੇ ਸਰਕਾਰੀ ਹਾਈ ਸਕੂਲ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਅੰਮ੍ਰਿਤ ਕੌਰ ਨੂੰ 60 ਹਜ਼ਾਰ ਰੁਪਏ ਨਕਦ ਅਤੇ ਲੇਨੋਵੋ ਕੰਪਨੀ ਟੈਬ, ਪ੍ਰਸ਼ੰਸਾ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੂਜੇ ਸਥਾਨ ’ਤੇ ਆਉਣ ਵਾਲੀ ਮਨਜੋਤ ਕੌਰ ਨੂੰ 50,000 ਰੁਪਏ ਅਤੇ ਲੇਨੋਵੋ ਕੰਪਨੀ ਟੈਬ, ਤੀਜੇ ਸਥਾਨ ’ਤੇ ਆਉਣ ਵਾਲੀ ਸ਼ਾਇਨਾ ਨੂੰ 40 ਹਜ਼ਾਰ ਰੁਪਏ ਦੀ ਨਕਦ ਸਕਾਲਰਸ਼ਿਪ ਅਤੇ ਲੇਨੋਵੋ ਕੰਪਨੀ ਟੈਬ ਦਿੱਤੀ ਗਈ।
ਇਸ ਤੋਂ ਇਲਾਵਾ ਦੋ ਹੋਰ ਹੋਣਹਾਰ ਵਿਦਿਆਰਥਣਾਂ ਮਨਦੀਪ ਕੌਰ ਅਤੇ ਖੁਸ਼ਦੀਪ ਕੌਰ ਨੂੰ 30-30 ਹਜ਼ਾਰ ਰੁਪਏ ਦੀ ਨਕਦ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਪਿੰਡ ਜੱਜਲ ਹਾਈ ਸਕੂਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਵੀ ਟੈਬ ਅਤੇ ਨਕਦ ਵਜ਼ੀਫੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਕਾਰੀ ਹਾਈ ਸਕੂਲ ਸਿੰਗੋ ਦੇ ਹੈੱਡ ਮਾਸਟਰ ਭਗਵਾਨ ਸਿੰਘ ਨੇ ਐਚਐਮਈਐਲ ਦੀ ਸਕਾਲਰਸ਼ਿਪ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੇ ਸਕੂਲ ਵਿੱਚ ਸਿੱਖਿਆ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ। ਅਧਿਆਪਕ ਮਲਕੀਤ ਸਿੰਘ ਨੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਹੀ ਸਮਾਜ ਦੀ ਸੋਚ ਨੂੰ ਵੀ ਬਦਲਿਆ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਬਲਕਿ ਸਿੱਖਿਆ ਵਿੱਚ ਵਧੇਰੇ ਸਮਰੱਥ ਹਨ।
ਪਿੰਡ ਜੱਜਲ ਦੇ ਹੈੱਡ ਮਾਸਟਰ ਨਵਨੀਤ ਸਿੰਘ ਨੇ ਦੱਸਿਆ ਕਿ ਐਚਐਮਈਐਲ ਵੱਲੋਂ ਪਿਛਲੇ ਸਾਲ ਉਨ੍ਹਾਂ ਦੇ ਸਕੂਲ ਵਿੱਚ ਸਟੈਮ ਲੈਬ ਖੋਲ੍ਹੀ ਗਈ ਸੀ, ਜਿਸ ਕਾਰਨ ਬੱਚਿਆਂ ਦੀ ਗਣਿਤ ਅਤੇ ਵਿਗਿਆਨ ਪ੍ਰਤੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਨ੍ਹਾਂ ਦੇ ਸਕੂਲ ਦੀ ਇਕ ਵਿਦਿਆਰਥਣ ਨੂੰ ਸਕਾਲਰਸ਼ਿਪ ਮਿਲੀ ਹੈ, ਜਦਕਿ ਮੈਰੀਟੋਰੀਅਸ ਸਕੂਲ ਲਈ 6 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਲਈ 2018 ਵਿੱਚ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ, ਜਿਸ ਤਹਿਤ ਪਿਛਲੇ 5 ਸਾਲਾਂ ਦੌਰਾਨ 1395 ਵਿਦਿਆਰਥੀਆਂ ਨੂੰ ਨਕਦ ਵਜ਼ੀਫੇ ਦਿੱਤੇ ਗਏ, ਜਿਨ੍ਹਾਂ ਵਿੱਚੋਂ 1083 ਲੜਕੀਆਂ ਸਨ ਜੋ ਧੀਆਂ ਦੀ ਸਿੱਖਿਆ ਵੱਲ ਨਿਰੰਤਰ ਕਦਮ ਦਾ ਸਬੂਤ ਹੈ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈਪਟਾਪ ਅਤੇ 10ਵੀਂ ਦੇ ਬੱਚਿਆਂ ਨੂੰ ਟੈਬ ਦਿੱਤੇ ਗਏ।