ਅੰਮ੍ਰਿਤਸਰ , 12 ਅਕਤੂਬਰ 2019 - ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਿਆ। ਗੁਰਦਾਸ ਮਾਨ ਬਾਰੇ ਕੀਤੇ ਸਵਾਲ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਜੈਜ਼ੀ ਬੀ ਨੇ ਕਿਹਾ ਕਿ 'ਗੁਰਦਾਸ ਮਾਨ ਨੇ ਜੋ ਕਹਿਣਾ ਚਾਹਿਆ ਸੀ, ਉਸਨੂੰ ਗਲਤ ਉਛਾਲਿਆ ਗਿਆ ਹੈ। ਗੁਰਦਾਸ ਮਾਨ ਨੇ ਕਹਿਣਾ ਚਾਹਿਆ ਸੀ ਕਿ 'ਪੰਜਾਬੀ ਆਪਣੀ ਮਾਂ ਬੋਲੀ ਹੈ ਤੇ ਬਾਕੀ ਦੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਜੋ ਕਿ ਬਿਲਕੁਲ ਸੱਚ ਹੈ।' ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਤੋਂ ਆਪਣੀ ਗੱਲ ਸਾਫ ਨਹੀਂ ਕਿਹਾ ਗਿਆ ਜਿਸ ਕਾਰਨ ਉਨ੍ਹਾਂ ਦੀ ਗੱਲ ਨੂੰ ਉਛਾਲ ਦਿੱਤਾ ਗਿਆ। ਜੈਜ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਗਹਿਰਾ ਦੁੱਖ ਲੱਗਾ ਸੀ ਤੇ ਉਹ ਹੁਣ ਗੁਰਦਾਸ ਮਾਨ ਨੂੰ ਬੇਨਤੀ ਕਰਦੇ ਨੇ ਕਿ ਮਾਨ ਆਪਣੀ ਗੱਲ ਨੂੰ ਮੀਡੀਆ ਸਾਹਮਣੇ ਆ ਕੇ ਸਾਫ ਕਰ ਦੇਣ। ਜੈਜ਼ੀ ਨੇ ਕਿਹਾ ਕਿ ਜਦੋਂ ਬੰਦੇ 'ਤੇ ਗੁੱਸਾ ਹਾਵੀ ਹੋਵੇ ਤਾਂ ਜਿੰਨਾ ਵੱਡਾ ਵਿਗਿਆਨੀ ਹੋਵੇ, ਉਹ ਤਿਲਕ ਹੀ ਜਾਂਦਾ ਹੈ।
ਜੈਜ਼ੀ ਬੀ ਨੇ ਕਿਹਾ ਕਿ ਜਿੰਨੀਆਂ ਵੀ ਭਾਸ਼ਾਵਾਂ ਸਿੱਖ ਲਈਆਂ ਜਾਣ ਉਹ ਉਨੀਆਂ ਹੀ ਵਧੀਆਂ ਨੇ। ਉਨ੍ਹਾਂ ਕਿਹ ਕਿ ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਜਿੰਨੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਉਨੀ ਸ਼ਾਇਦ ਹੋਰ ਕਿਸੇ ਨਾ ਕੀਤੀ ਹੋਵੇ। ਜੈਜ਼ੀ ਨੇ ਕਿਹਾ ਕਿ ਗੁਰਦਾਸ ਮਾਨ ਦੀ ਬੱਤੀ ਵਾਲੀ ਗੱਲ ਮਾੜੀ ਸੀ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜੈਜ਼ੀ ਬੀ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਆ ਕੇ ਬਹੁਤ ਹੀ ਚੰਗਾ ਮਹਿਸੂਸ ਕਰਦੇ ਹਨ। ਉਨ੍ਹਾਂ ੫੫੦ ਸਾਲਾ ਪ੍ਰਕਾਸ਼ ਪੁਰਬ ਮਨਾਉਣ ਬਾਰੇ ਕਿਹਾ ਕਿ ਉਹ ਵੀ ਆਪਣਾ ਯੋਗਦਾਨ ਇਸ 'ਚ ਪਾ ਰਹੇ ਨੇ ਤੇ ਸਮੁੱਚੀ ਨਾਨਕ ਨਾਮ ਲੇਵਾ ਲਈ ਇਹ ਘੜੀ ਬਹੁਤ ਹੀ ਸੁਭਾਗੀ ਘੜੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ 'ਤੇ ਸਾਨੂੰ ਸਾਰਿਆਂ ਨੂੰ ਪਹਿਰਾ ਦੇਣ ਦੀ ਲੋੜ ਹੈ। ਇਸ ਮੌਕੇ ਜੈਜ਼ੀ ਬੀ ਦੀ ਬੇਟੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।