ਵਿਕਾਸ ਵਿੱਚ ਅੜਿਕਾ ਕੌਣ: ਪ੍ਰਧਾਨ ਧੜੇ ਵੱਲੋਂ ਆਪਣੀ ਸਫਾਈ ਲਈ ਬਿਜਲੀ ਦੇ ਖੰਭਿਆਂ ਉੱਪਰ ਲਗਵਾਈਆਂ ਫਲੈਕਸੀਆਂ
ਦੀਪਕ ਜੈਨ
ਜਗਰਾਉਂ 22 ਨਵੰਬਰ 2024- ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਜਗਰਾਓ ਅੰਦਰ ਜਿੱਥੇ ਵਿਕਾਸ ਦੇ ਕੰਮ ਠੱਪ ਹੋਏ ਪਏ ਹਨ। ਉਥੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਸ ਦੇ ਸਾਥੀ ਕੌਂਸਲਰਾਂ ਵੱਲੋਂ ਜਾਤੀ ਤੌਰ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਉਹਨਾਂ ਦੇ ਹਮਾਇਤੀ ਕੌਂਸਲਰਾਂ ਦੇ ਖਿਲਾਫ ਵਿਕਾਸ ਵਿੱਚ ਅੜਿਕਾ ਬਣਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਪਿਛਲੇ ਦਿਨੀ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ, ਜਿਸ ਵਿੱਚ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਅਤੇ ਕਈ ਕੌਂਸਲਰ ਵੀ ਮੌਜੂਦ ਸਨ, ਕਿਹਾ ਸੀ ਕਿ ਵਿਧਾਇਕ ਅਤੇ ਉਸ ਦੇ ਸਾਥੀ ਕੌਂਸਲਰਾਂ ਵੱਲੋਂ ਵਿਕਾਸ ਲਈ ਕੋਈ ਅੜਚਨ ਨਹੀਂ ਪੈਦਾ ਕੀਤੀ ਜਾ ਰਹੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਸਾਥੀ ਕੌਂਸਲਰਾਂ ਵੱਲੋਂ ਹੀ ਮਾਨਯੋਗ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਵਿਕਾਸ ਦੇ ਕੰਮ ਰੋਕੇ ਹੋਏ ਹਨ। ਜਦਕਿ ਇਸ ਬਾਬਤ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੀ ਆਪਣੇ ਵੱਲੋਂ ਵਿਕਾਸ ਦੇ ਕੰਮਾਂ ਨੂੰ ਰੁਕਣ ਲਈ ਸਫਾਈ ਦਿੰਦੇ ਹੋਏ ਕਹਿ ਰਹੇ ਹਨ ਕਿ ਉਹਨਾਂ ਵੱਲੋਂ ਕਿਸੇ ਕਿਸਮ ਦਾ ਅੜਿਕਾ ਨਹੀਂ ਪਾਇਆ ਗਿਆ ਹੈ ਅਤੇ ਵਿਰੋਧੀ ਧੜੇ ਤੇ ਅੱਠ ਕੌਂਸਲਰਾਂ ਵੱਲੋਂ ਆਪਣੀ ਮੋਹਰ ਅਤੇ ਹਸਤਾਖਰ ਕਰਕੇ ਇੱਕ ਪੱਤਰ ਸਰਕਾਰ ਨੂੰ ਕੰਮ ਰੁਕਵਾਉਣ ਲਈ ਲਿਖਿਆ ਗਿਆ ਸੀ। ਜਿਸ ਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਗਰਾਓ ਅੰਦਰ ਵਿਕਾਸ ਦੇ ਕੰਮ ਰੋਕ ਦਿੱਤੇ ਗਏ ਹਨ। ਇਸ ਮਾਮਲੇ ਲਈ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਦੋਸ਼ ਲਗਾਉਂਦੇ ਹੋਏ ਖੁੱਲੀ ਬਹਿਸ ਦਾ ਵੀ ਸੱਦਾ ਦਿੱਤਾ ਸੀ ਅਤੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੱਲੋਂ ਆਪਣੀ ਸਫਾਈ ਜਾਹਰ ਕਰਨ ਲਈ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਉਪਰ ਲੱਗੇ ਬਿਜਲੀ ਦੇ ਖੰਭਿਆਂ ਉੱਪਰ ਫਲੈਕਸੀਆਂ ਵੀ ਲਗਵਾਈਆਂ ਗਈਆਂ ਹਨ। ਜਿਸ ਵਿੱਚ ਉਹਨਾਂ ਨੇ ਆਪਣੀ ਅਤੇ ਆਪਣੇ ਸਾਥੀ ਕੌਂਸਲਰਾਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਉਸ ਚਿੱਠੀ ਦਾ ਵੀ ਹਵਾਲਾ ਦਿੱਤਾ ਗਿਆ ਹੈ। ਜਿਸ ਵਿੱਚ ਕੰਮ ਰੋਕਣ ਦਾ ਵੇਰਵਾ ਦਰਜ ਹੈ। ਇਸ ਫਲੈਕਸੀਆਂ ਲਗਾਉਣ ਦੇ ਮਾਮਲੇ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਫਲੈਕਸੀਆਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਗੈਰ ਲਗਾਈਆਂ ਗਈਆਂ ਹਨ ਅਤੇ ਇਹਨਾਂ ਨੂੰ ਲਗਾਉਣ ਲਈ ਨਗਰ ਕੌਂਸਲ ਵੱਲੋਂ ਨਿਰਧਾਰਿਤ ਕੀਤੀ ਫੀਸ ਵੀ ਜਮਾ ਨਹੀਂ ਕਰਵਾਈ ਗਈ। ਜਿਸ ਤੇ ਉਹ ਕੱਲ ਨੂੰ ਇਹਨਾਂ ਨਜਾਇਜ਼ ਫਲੈਕਸੀਆਂ ਨੂੰ ਉਤਰਵਾ ਦੇਣਗੇ। ਬਿਜਲੀ ਦੇ ਖੰਭਿਆਂ ਉੱਪਰ ਫਲੈਕਸੀਆਂ ਲਗਾਏ ਜਾਣ ਬਾਰੇ ਜਦੋਂ ਬਿਜਲੀ ਵਿਭਾਗ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਮੌਕੇ ਤੇ ਜਾ ਕੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨਗੇ।