ਅਗਨੀਪਥ ਯੋਜਨਾ ਖਿਲਾਫ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ
ਅਸ਼ੋਕ ਵਰਮਾ
ਰਾਮਪੁਰਾ ਫੂਲ, 24ਜੂਨ2022: “ਅਗਨੀਪਥ“ ਯੋਜਨਾ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਕਿਸਾਨਾਂ ਅਤੇ ਨੌਜਵਾਨਾਂ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਫੌਜ ’ਚ ਇਹ ਰੱਦੀ ਕਿਸਮ ਦੇ ਪ੍ਰਬੰਧ ਲਾਗੂ ਨਾਂ ਕਰਨ ਦੀ ਮੰਗ ਕੀਤੀ। ਧਰਨੇ ਉਪਰੰਤ ਕਿਸਾਨ ਆਗੂਆਂ ਨੇ ਇਸ ਸਕੀਮ ਖਿਲਾਫ ਪ੍ਰਸ਼ਾਸ਼ਨ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ। ਸਬ-ਡਿਵੀਜ਼ਨ ਫੂਲ਼ ਵਿਖੇ ਐਸਡੀਐਮ ਦਫ਼ਤਰ ਅੱਗੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ‘ਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਬਲਾਕ ਫੂਲ਼, ਬਲਾਕ ਰਾਮਪੁਰਾ ਅਤੇ ਬਲਾਕ ਭਗਤਾ ਭਾਈ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਚ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਨੇ ਭਾਗ ਲਿਆ।
ਵਿਰੋਧ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਇਸ ਯੋਜਨਾ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ । ਇਸ ਮੌਕੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਫੌਜ ਚ ਭਰਤੀ ਪ੍ਰਕਿਰਿਆ ਰੁਕੀ ਹੋਈ ਸੀ ਜਿਸ ਕਰਕੇ ਹੁਣ ਕੇਂਦਰ ਸਰਕਾਰ ਨੇ ਫੌਜ ’ਚ ਠੇਕਾ ਅਧਾਰਿਤ ਭਰਤੀ ਯੋਜਨਾ ‘ਅਗਨੀਪਥ’ ਤਹਿਤ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਭਰਤੀ ਕਰਨ ਦੀ ਯੋਜਨਾ ਬਣਾਈ ਹੈ ਜੋ ਕਿ ਕਿਸੇ ਵੀ ਹਿਸਾਬ ਨਾਲ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ ਹੈ। ਬੁਲਾਰਿਆਂ ਕਿਹਾ ਕਿ ਪਹਿਲਾਂ ਨੌਜਵਾਨ ਫੌਜ ਚ ਭਰਤੀ ਹੋਕੇ ਫੌਜੀ ਅਖਵਾਉਂਦੇ ਸਨ ਪਰ ਇਸ ਯੋਜਨਾ ਤਹਿਤ ਚਾਰ ਸਾਲ ਸੇਵਾਵਾਂ ਦੇਣ ਮਗਰੋਂ ਉਹ ਅਗਨੀਵੀਰ ਅਖਵਾਉਣਗੇ । ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਕਿਸੇ ਵੀ ਤਰੀਕੇ ਨਾਲ ਨੌਜਵਾਨਾਂ ਦਾ ਭਵਿੱਖ ਨਹੀਂ ਸੁਧਾਰਿਆ ਜਾ ਸਕਦਾ।
ਬੁਲਾਰਿਆਂ ਆਖਿਆ ਕਿ ਪਹਿਲਾਂ ਮੋਦੀ ਹਕੂਮਤ ਤਿੰਨ ਕਾਲੇ ਕਾਨੂੰਨ ਲੈਕੇ ਆਈ ਜਿਸ ਨਾਲ ਕਿਸਾਨਾਂ ਦੀਆਂ ਜਮੀਨਾਂ ਨੂੰ ਕਾਰਪੋਰੇਟ ਹੱਥਾਂ ਚ ਸੌਂਪਨ ਦਾ ਟੀਚਾ ਸੀ ਪਰ ਕਿਸਾਨਾਂ ਦੇ ਸੰਘਰਸ਼ ਕਾਰਨ ਵਾਪਿਸ ਲੈਣੇ ਪਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੌਜਵਾਨਾਂ ਦੇ ਭਵਿੱਖ ਨੂੰ ਵੀ ਖਤਰੇ ਚ ਪਾ ਰਹੀ ਹੈ ਕਿਓਂਕਿ ਅਗਨੀਪਥ ਯੋਜਨਾ ਫੌਜ ਨੂੰ ਵੀ ਹੌਲੀ ਹੌਲੀ ਕਾਰਪੋਰੇਟਾਂ ਹੱਥ ਸੌੰਪਣ ਦਾ ਇਹ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਵਰਗ ਸੂਝਵਾਨ ਹੋਣ ਕਰਕੇ ਮੋਦੀ ਹਕੂਮਤ ਦੀਆਂ ਚਾਲਾਂ ਨੂੰ ਸਮਝ ਗਿਆ ਤੇ ਇਸ ਯੋਜਨਾ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਉਪਰ ਦੇ ਮੈਦਾਨ ’ਚ ਨਿੱਤਰ ਆਇਆ ਹੈ।
ਇਸ ਮੌਕੇ ਕਰਮਜੀਤ ਜੇਈ ਜ਼ਿਲ੍ਹਾ ਖਜਾਨਚੀ, ਬਲਾਕ ਫੂਲ਼ ਪ੍ਰਧਾਨ ਦਰਸ਼ਨ ਢਿੱਲੋਂ, ਫੂਲ਼ ਬਲਾਕ ਸਕੱਤਰ ਤੀਰਥ ਰਾਮ, ਰਾਮਪੁਰਾ ਬਲਾਕ ਪ੍ਰਧਾਨ ਗੁਰਜੰਟ ਸਿੰਘ, ਜ਼ਿਲਾ ਪ੍ਰੈਸ ਸਕੱਤਰ ਸੁਖਮੰਦਰ ਸਿੰਘ ਅਤੇ ਜਰਨੈਲ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ । ਸਟੇਜ ਦੀ ਕਾਰਵਾਈ ਬਲਾਕ ਰਾਮਪੁਰਾ ਸਕੱਤਰ ਰਣਜੀਤ ਸਿੰਘ ਮੰਡੀ ਕਲਾਂ ਨੇ ਚਲਾਈ।