ਅੰਮ੍ਰਿਤਸਰ , 5 ਜਨਵਰੀ 2018 :
ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦਾ ਸ਼ੁੱਕਰਵਾਰ ਨੂੰ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿਤਾ ਗਿਆ । ਉਸ ਮੌਕੇ ਅਦਾਲਤ ਵਲੋਂ ਗਿਰਫਤਾਰੀ ਤੇ ਲਾਈ ਰੋਕ ਦੇ ਚਲਦਿਆਂ ਚਰਨਜੀਤ ਸਿੰਘ ਚੱਢਾ ਵੀ ਆਪਣੇ ਬੇਟੇ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਏ। ਇਸ ਮੌਕੇ ਰਿਸ਼ਤੇਦਾਰਾਂ , ਵੱਖ ਵੱਖ ਸਿਆਸੀ ਆਗੂਆਂ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿਚ ਸ਼ਹਿਰਵਾਸੀਆਂ ਨੇ ਚੱਢਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸਰ ਰਸੂਖ ਵਾਲੇ ਚੱਢਾ ਪਰਿਵਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਇਸ ਨਮੋਸ਼ੀ ਦੇ ਚਲਦਿਆਂ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦ ਨੂੰ ਗੋਲੀ ਮਾਰ ਲਈ । ਇਸ ਘਟਨਾ ਤੋਂ ਬਾਅਦ ਇੰਦਰਪ੍ਰੀਤ ਚੱਢਾ ਦੇ ਖ਼ੁਦਕੁਸ਼ੀ ਨੋਟ ਤੇ ਉਸ ਦੇ ਬੇਟੇ ਪ੍ਰਭਜੋਤ ਦੇ ਬਿਆਨਾਂ ਦੇ ਅਧਾਰ ਤੇ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ । ਵੀਰਵਾਰ ਦੇਰ ਸ਼ਾਮ ਚਰਨਜੀਤ ਸਿੰਘ ਚੱਢਾ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਚੱਢਾ ਦੀ ਗ੍ਰਿਫਤਾਰੀ ਤੇ 10 ਜਨਵਰੀ ਤਕ ਰੋਕ ਲਾ ਦਿਤੀ ਗਈ ਸੀ ਤਾਂ ਕਿ ਚਰਨਜੀਤ ਚੱਢਾ ਆਪਣੇ ਬੇਟੇ ਨੂੰ ਅੰਤਿਮ ਵਿਦਾਇਗੀ ਦੇ ਸਕੇ।