ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 7 ਮਾਰਚ 2021 - ਫਰੀਦਕੋਟ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਉਰਫ ਭਲਵਾਨ ਮਾਮਲੇ 'ਚ' ਉਨ੍ਹਾਂ ਦੇ ਪਿਤਾ ਸੁਖਚੈਨ ਸਿੰਘ ਨੇ ਆਪਣੇ ਘਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਉਠਾਏ। ਇਸ ਮਾਮਲੇ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਦੇ ਨਾਮ ਸ਼ਿਕਾਇਤ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਅਸਲ ਦੋਸੀਆਂ ਨੂੰ ਫੜਨ ਦੀ ਗੁਹਾਰ ਲਗਾਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਚੈਨ ਸਿੰਘ ਨੇ ਦੱਸਿਆ 18 ਫਰਵਰੀ ਨੂੰ ਉਨ੍ਹਾਂ ਦੇ ਬੇਟੇ ਗੁਰਲਾਲ ਭਲਵਾਨ ਦੀ ਸ਼ਰੇਆਮ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਦੋ ਛੋਟੇ ਛੋਟੇ ਬੱਚੇ ਛੱਡ ਗਿਆ । ਇਸ ਮਾਮਲੇ ਵਿੱਚ ਸਭ ਤੋ ਪਹਿਲਾਂ ਦਿੱਲੀ ਪੁਲਿਸ ਨੇ ਤਿੰਨ ਗ੍ਰਿਫਤਾਰੀਆਂ ਕੀਤੀਆਂ ਸਨ ਅਤੇ ਫਰੀਦਕੋਟ ਪੁਲਿਸ ਨੇ ਵੀ ਪੰਜ ਜਾਣਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਕਿਹਾ ਲੇਕਿਨ ਹੁਣ ਤੱਕ ਪੁਲਿਸ ਇਹ ਪਤਾ ਨਹੀ ਲਗਾ ਪਾਈ ਕਿ ਉਨ੍ਹਾਂ ਦੇ ਲੜਕੇ ਦੀ ਹੱਤਿਆ ਦਾ ਅਸਲ ਕਾਰਣ ਕੀ ਸੀ।
ਸੁਖਚੈਨ ਸਿੰਘ ਨੇ ਆਰੋਪ ਲਗਾਇਆ ਕਿ ਇਸ ਮਾਮਲੇ ਵਿੱਚ ਫਰੀਦਕੋਟ ਪੁਲਿਸ ਦੁਆਰਾ 21 ਫਰਵਰੀ ਰਾਤ ਨੂੰ ਗੁਰਲਾਲ ਦੇ ਕਾਤਲਾਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਫੜਿਆ ਸੀ ਲੇਕਿਨ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਇਸਦਾ ਪਤਾ ਲਗਦੇ ਹੀ ਅਸੀਂ ਐਸ ਐਸ ਪੀ ਫਰੀਦਕੋਟ ਅਤੇ ਤਫਤੀਸ਼ ਕਰ ਰਹੇ ਅਧਿਕਾਰੀਆਂ ਨੂੰ ਪੁਛਿਆ ਕਿ ਉਨ੍ਹਾਂ ਇਸ ਮਾਮਲੇ ਵਿੱਚ ਨਾਮਜਦ ਦੋਸ਼ੀਆਂ ਨੂੰ ਇਸ ਅਧਾਰ ਤੇ ਅਤੇ ਕਿਉ ਛੱਡਿਆ ਹੈ ਤੇ ਉਹ ਟਾਲਮਟੋਲ ਕਰ ਗਏ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਪੁਲਿਸ ਦੁਆਰਾ ਇਸ ਮਾਮਲੇ ਦੇ ਗਵਾਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਤਫਤੀਸ਼ ਸਹੀ ਢੰਗ ਨਾਲ ਨਹੀ ਕੀਤੀ ਜਾ ਰਹੀ।
ਸੁਖਚੈਨ ਸਿੰਘ ਨੇ ਆਸ਼ੰਕਾ ਜਤਾਈ ਕਿ ਉਨ੍ਹਾਂ ਦੇ ਲੜਕੇ ਦੇ ਕਤਲ ਪਿੱਛੇ ਇਸ ਸ਼ਹਿਰ ਅਤੇ ਇਲਾਕੇ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਮੂਲੀਅਤ ਹੈ ਜਿਸ ਕਾਰਣ ਜਾਂਚ ਨੂੰ ਪ੍ਰਭਾਵਿਤ ਕਰ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਮੇਰਾ ਬੇਟਾ ਕਾਂਗਰਸ ਪਾਰਟੀ ਦਾ ਵਰਕਰ ਸੀ ਅਤੇ ਸਰਕਾਰ ਹੁੰਦੇ ਹੋਏ ਵੀ ਹੁਣ ਤੱਕ ਉਨ੍ਹਾਂ ਦੇ ਲੜਕੇ ਦੇ ਅਸਲ ਕਾਤਲ ਫੜੇ ਨਹੀ ਗਏ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਜੇ ਇਨਸਾਫ ਨਾ ਮਿਲਿਆ ਤਾਂ ਉਹ ਆਪਣੀ ਆਤਮਹੱਤਿਆ ਕਰ ਲੈਣਗੇ।