ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 6 ਅਗਸਤ 2019 - ਕਸ਼ਮੀਰ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਪੀਸ ਕਮੇਟੀ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ।। ਇਸ ਮੌਕੇ ਉਨਾਂ ਸਪੱਸ਼ਟ ਕੀਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਹਰੇਕ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਇਸ ਨਾਜ਼ੁਕ ਮੌਕੇ ਅਫਵਾਹਾਂ ਫੈਲਾਉਣ ਵਾਲਿਆਂ ਵੁਰੱਧ ਵੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੋਵਾਂ ਵੱਲੋਂ ਵੀ ਇਸ ਮੌਕੇ ਅਮਨ-ਕਾਨੂੰਨ ਬਣਾਈ ਅਤੇ ਸਾਂਤੀ ਬਣਾਈ ਰੱਖਣ ਦੀ ਵਿਸੇਸ਼ ਹਦਾਇਤਾਂ ਆਈਆਂ ਹਨ।
ਉਨਾਂ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਅਦਾਰੇ ਵਿਚ ਪੜ•ਦੇ ਕਸ਼ਮੀਰੀ ਬੱਚਿਆਂ ਨਾਲ ਰਾਬਤਾ ਰੱਖਣ ਅਤੇ ਉਨਾਂ ਨੂੰ ਭਰੋਸਾ ਦੇਣ ਕਿ ਤੁਸੀਂ ਪੰਜਾਬ ਵਿਚ ਸਭ ਤੋਂ ਸੁਰੱਖਿਅਤ ਸਥਾਨ ਉਤੇ ਬੈਠੇ ਹੋ ਅਤੇ ਇੱਥੇ ਤਹਾਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆ ਸਕਦੀ। ਡਿਪਟੀ ਕਮਿਸ਼ਨਰ ਨੇ ਸਾਰੇ ਐਸ ਡੀ ਐਮਜ਼ ਅਤੇ ਡੀ ਐਸ ਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਪੈਂਦੇ ਉਨਾਂ ਸਾਰੇ ਵਿਦਿਅਕ ਅਦਾਰਿਆਂ ਵਿਚ ਜਾਣ ਅਤੇ ਕਸ਼ਮੀਰੀ ਬੱਚਿਆਂ ਨੂੰ ਮਿਲਣ। ਉਨਾਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਬੱਚਿਆਂ ਦੀ ਹਰ ਤਰਾਂ ਦੀ ਸਹਾਇਤਾ ਲਈ ਤਿਆਰ ਹੈ ਅਤੇ ਵਿਦਿਅਕ ਅਦਾਰੇ ਦੇ ਮੁਖੀ ਕੋਸ਼ਿਸ਼ ਕਰਨ ਕਿ ਇਹ ਬੱਚੇ ਆਪਣੇ ਮਾਪਿਆਂ ਨਾਲ ਰਾਬਤਾ ਨਾ ਹੋਣ ਦੀ ਸੂਰਤ ਵਿਚ ਤਰੁੰਤ ਹੀ ਘਰ ਜਾਣ ਦੀ ਜ਼ਿਦ ਨਾ ਕਰਨ। ਉਨਾਂ ਕਿਹਾ ਕਿ ਕਸ਼ਮੀਰ ਵਿਚ ਸੰਚਾਰ ਸਾਧਨ ਬੰਦ ਹੋਣ ਕਾਰਨ ਬੱਚਿਆਂ ਵਿਚ ਮਾਪਿਆਂ ਨੂੰ ਲੈ ਕੇ ਕੋਈ ਤਖੌਲਾ ਹੋ ਸਕਦਾ ਹੈ, ਜਿਸ ਨੂੰ ਦੂਰ ਕਰਨ ਦੀ ਲੋੜ ਹੈ, ਕਿਉਂਕਿ ਕਸ਼ਮੀਰ ਵਿਚ ਹਲਾਤ ਠੀਕ ਹਨ ਅਤੇ ਕੇਵਲ ਅਫਵਾਹਾਂ ਦੇ ਡਰ ਤੋਂ ਸੰਚਾਰ ਸਾਧਨ ਖਾਸ ਕਰਕੇ ਇੰਟਰਨੈਟ ਆਦਿ ਬੰਦ ਕੀਤਾ ਹੋਇਆ ਹੈ।
ਇਸ ਮੌਕੇ ਪੀਸ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਸ. ਢਿਲੋਂ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਮਾਣ-ਮੱਤਾ ਇਤਹਾਸ ਹੈ, ਪਰ ਫਿਰ ਵੀ ਇਹ ਨਜ਼ਰ ਰੱਖੀ ਜਾਵੇ ਕਿ ਕੋਈ ਸ਼ਰਾਰਤੀ ਅਨਸਰ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣ ਵਾਲੀ ਕੋਝੀ ਹਰਕਤ ਨਾ ਕਰੇ।। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਭਾਈਚਾਰਕ ਸਾਂਝ ਵਾਲਾ ਮਾਣ ਮੱਤਾ ਵਿਰਸਾ ਹੋਣ ਕਾਰਨ ਜਿੱਥੇ ਅਸੀਂ ਮਾਣ ਮਹਿਸੂਸ ਕਰਦੇ ਹਾਂ, ਉਥੇ ਇਸ ਵਿਰਸਾਤ ਨੂੰ ਕਾਇਮ ਰੱਖਣ ਲਈ ਸਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ।। ਉਨਾਂ ਕਿਹਾ ਕਿ ਸਾਰੇ ਭਾਈਚਾਰੇ ਦੇ ਮੁਖੀ ਇਕ ਆਮ ਨਾਗਰਿਕ ਨਹੀਂ, ਬਲਕਿ ਆਪਣੇ ਭਾਈਚਾਰੇ ਦੇ ਪ੍ਰਤੀਨਿਧੀ ਹਨ ਅਤੇ ਉਨਾਂ ਨੂੰ ਇਹ ਸੰਦੇਸ਼ ਆਪਣੇ ਸਾਰੇ ਲੋਕਾਂ ਨਾਲ ਸਾਂਝਾ ਕਰਨ ਦੀ ਲੋੜ ਹੈ ਕਿ ਉਹ ਇਸ ਮੌਕੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਕਰਨ ਦਾ ਮੌਕਾ ਨਾ ਦੇਣ।
ਇਸ ਮੌਕੇ ਸੰਬੋਧਨ ਕਰਦੇ ਡੀ. ਸੀ. ਪੀ. ਸ੍ਰੀ ਜਗਮੋਹਨ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਖਦਸ਼ਾ ਪੈਦਾ ਹੁੰਦਾ ਜਾਂ ਅਫਵਾਹ ਆਦਿ ਫੈਲਣ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਕੰਟਰੋਲ ਨੰਬਰ 112 ਜਾਂ ਮੋਬਾਈਲ ਨੰਬਰ 9781100166 (ਸ਼ਹਿਰੀ ਪੁਲਿਸ) ਅਤੇ 9780003387 (ਅੰਮ੍ਰਿਤਸਰ ਦਿਹਾਤੀ) ਪੁਲਿਸ ਨਾਲ ਰਾਬਤਾ ਕਰ ਸਕਦਾ ਹੈ।
ਸੋਸ਼ਲ ਮੀਡੀਆ ਉਤੇ ਅਫਵਾਹਾਂ ਫੈਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ।
ਏ. ਡੀ. ਸੀ. ਪੀ. ਸ੍ਰੀ ਜੀ ਐਸ ਵਾਲੀਆ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਉਤੇ ਕਿਸੇ ਵੀ ਤਰਾਂ ਦੀ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।। ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਨਜ਼ਰ ਰੱਖਣ ਲਈ ਟੀਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਜਿਸ ਨੇ ਵੀ ਝੂਠੀ ਅਫਵਾਹ ਫੈਲਾਉਣ ਦੀ ਕੋਸ਼ਿਸ ਕੀਤੀ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਐਸ ਡੀ ਐਮ ਸ੍ਰੀ ਰਜਤ ਉਬਰਾਏ, ਏ ਡੀ ਸੀ ਪੀ ਸ੍ਰੀ ਸੰਦੀਪ ਮਲਿਕ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਬਿਸ਼ਪ ਸ੍ਰੀ ਪੀ ਕੇ ਸਾਮੰਤਰਾਏ, ਸ੍ਰੀ ਮਨੀਸ਼ ਅਗਰਵਾਲ, ਸ. ਗੁਰਪ੍ਰਤਾਪ ਸਿੰਘ ਟਿੱਕਾ, ਕਾਮਰੇਡ ਅਮਰਜੀਤ ਸਿੰਘ ਆਸਲ, ਸ੍ਰੀ ਮਨਜੀਤ ਸਿੰਘ ਅਟਵਾਲ ਅਤੇ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।