ਗੁਰਦਾਸ ਮਾਨ ਨੇ ਕੋਲਕਾਤਾ ਦਾ ਸ਼ੋ ਕੀਤਾ ਰੱਦ -ਕਿਹਾ ਮੈਂ ਸਿੱਖ ਧਰਮ ਦੀ ਬੇਅਦਬੀ ਸਹਿਣ ਨਹੀਂ ਕਰਾਂਗਾ
ਬਲਜੀਤ ਬੱਲੀ
ਚੰਡੀਗੜ੍ਹ , 7 ਅਕਤੂਬਰ , 2019 : ਪਿਛਲੇ ਦਿਨੀਂ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ ਨੇ ਸਿੱਖੀ ਦੀ ਮਰਿਆਦਾ ਦੀ ਉਲੰਘਣਾ ਦੇ ਮੁੱਦੇ ਤੇ ਕੋਲਕਾਤਾ ਵਿਖੇ ਦੁਰਗਾ ਪੂਜਾ ਮੌਕੇ ਹੋਣ ਵਾਲਾ ਆਪਣਾ ਸ਼ੋ ਰੱਦ ਕਰ ਦਿੱਤਾ ਹੈ . ਕੱਲ੍ਹ 6 ਅਕਤੂਬਰ ਦੀ ਰਾਤ ਨੂੰ ਹੋਣ ਵਾਲੇ ਇਸ ਸ਼ੋ ਨੂੰ ਰੱਦ ਕਰਨ ਦਾ ਕਾਰਨ ਦੁਰਗਾ ਪੂਜਾ ਦੇ ਉਸ ਪੰਡਾਲ ਵਿਚ ਹਰਿਮੰਦਰ ਸਾਹਿਬ ਦਾ ਮਾਡਲ ਬਣਾਏ ਜਾਣਾ ਬਣਿਆ .
ਗੁਰਦਾਸ ਮਾਨ ਨੇ ਸਿੱਖ ਮਰਿਆਦਾ ਦੀ ਉਲੰਘਣਾ ਕਰਕੇ ਬਣੇ ਪੰਡਾਲ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਕਰਕੇ ਬਣਾਏ ਮਾਡਲ ਸਦਕਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ.
ਗੁਰਦਾਸ ਦੀ ਪਤਨੀ ਮਨਜੀਤ ਮਾਨ ਨੇ ਬਾਬੂਸ਼ਾਹੀ ਨਾਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕੋਲਕਾਤਾ ਜਾ ਰਹੇ ਸਨ ਤਾਂ ਜਹਾਜ਼ ਵਿਚ ਕਿਸੇ ਨੇ ਇਸ ਮਸਲੇ ਦੀ ਜਾਣਕਾਰੀ ਦਿੱਤੀ ਅਤੇ ਉਹ ਮਾਡਲ ਦਿਖਾਇਆ ਜਿਸ ਤੇ ਗੁਰਦਾਸ ਮਾਨ ਭਾਵੁਕ ਤੇ ਉਦਾਸ ਹੋ ਗਏ ਅਤੇ ਉਸੇ ਵੇਲੇ ਹੀ ਸ਼ੋ ਰੱਦ ਕਰਨ ਦਾ ਫ਼ੈਸਲਾ ਕਰ ਲਿਆ .ਮੁੰਬਈ ਤੋਂ ਫ਼ੋਨ ਤੇ ਗੱਲਬਾਤ ਕਰਦੇ ਹੋਏ ਮਨਜੀਤ ਮਾਨ ਨੇ ਦੱਸਿਆ ਕਿ ਏਅਰਪੋਰਟ ਤੇ ਉੱਤਰ ਕੇ ਉਨ੍ਹਾਂ ਆਪਣੇ ਦਫ਼ਤਰ ਨੂੰ ਕਹਿ ਕੇ ਵਾਪਸੀ ਦੀਆਂ ਟਿਕਟ ਬੁੱਕ ਕਰਾ ਲਈ . ਉਸ ਨੇ ਕਿਹਾ ਕਿ ਗੁਰਦਾਸ ਮਾਨ ਨੇ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਪਰ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਹਰਕਤ ਨਾਲ ਉਹ ਸਹਿਮਤ ਨਹੀਂ।
ਇਸ ਮੰਦਭਾਗੀ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਪ੍ਰਬੰਧਕਾਂ ਨੇ ਦਰਬਾਰ ਸਾਹਿਬ ਦੀ ਨਕਲ ਕਰਕੇ ਜਿਹੜਾ ਪੰਡਾਲ ਬਣਾਇਆ ਸੀ ਉਸ ਵਿੱਚ ਲੋਕ ਨੰਗੇ ਸਿਰ ਅਤੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਘੁੰਮ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਸੱਟ ਵੱਜੀ ਅਤੇ ਉਨ੍ਹਾਂ ਨੇ ਉਸੇ ਵੇਲੇ ਫ਼ੈਸਲਾ ਕੀਤਾ ਕਿ ਕਿਸੇ ਵੀ ਕੀਮਤ ਉੱਤੇ ਇਹ ਸ਼ੋਅ ਨਹੀਂ ਕਰਨਗੇ।
ਦਰਬਾਰ ਸਾਹਿਬ ਦੀ ਕੀਤੀ ਨਕਲ ਤੋਂ ਖ਼ਫ਼ਾ ਹੋਏ ਗੁਰਦਾਸ ਮਾਨ ਨੇ ਗੁਰਦਾਸ ਮਾਨ ਨੇ ਪ੍ਰਬੰਧਕਾਂ ਦੀ ਨਿਰਾਸ਼ਾ ਦੀ ਪ੍ਰਵਾਹ ਕੀਤੇ ਬਿਨਾਂ ਸ਼ੋਅ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਗੁਰਦਾਸ ਮਾਨ ਨੇ ਕਿਹਾ, ਕਿ ਮੈਂ ਆਪਣੇ ਧਰਮ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਉਨ੍ਹਾਂ ਲਈ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਉਲੰਘਣਾ ‘ਤੇ ਕਾਫ਼ੀ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਨਾਲ ਸਬੰਧਿਤ ਹੋਣ ਕਰਕੇ ਇਹ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ ਕਿ ਕੋਈ ਦਰਬਾਰ ਸਾਹਿਬ ਦੀ ਨਕਲ ਕਰੇ ਜਾਂ ਕਿਸੇ ਵੀ ਤਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ, ਇਸ ਲਈ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਆਪਣਾ ਸ਼ੋਅ ਰੱਦ ਕਰ ਦਿੱਤਾ। ਉਨ੍ਹਾਂ ਨੇ ਇਸ ਘਟਨਾ ਸੰਬੰਧੀ ਪ੍ਰੋਗਰਾਮ ਦੇ ਪ੍ਰਬੰਧਕਾਂ ਤੋਂ ਸਪਸ਼ਟੀਕਰਨ ਦੀ ਮੰਗ ਵੀ ਕੀਤੀ ਹੈ.
ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਏਅਰਪੋਰਟ ਦੇ ਬਾਹਰ ਪੰਜਾਬੀਆਂ ਦਾ ਇੱਕ ਗਰੁੱਪ ਗੁਰਦਾਸ ਮਾਨ ਦੇ ਖਿਲਾਫ ਰੋਸ ਕਰਨ ਲਈ ਵੀ ਖੜ੍ਹਾ ਸੀ ਕਿਓਂਕਿ ਪਹਿਲਾਂ ਹੀ ਉਹ ਪਾਉਣਾ ਪ੍ਰੋਗਰਾਮ ਰੱਦ ਕਰ ਚੁੱਕੇ ਸੀ .
6 ਅਕਤੂਬਰ ਨੂੰ ਕੋਲਕਾਤਾ ਏਅਰਪੋਰਟ ਦੇ ਬਾਹਰ ਪੰਜਾਬੀ ਦੇ ਮੁੱਦੇ ਤੇ ਗੁਰਦਾਸ ਮਾਨ ਦਾ ਵਿਰੋਧ ਕਰਨ ਪੁੱਜੇ ਪੰਜਾਬੀ