ਅਸ਼ੋਕ ਵਰਮਾ
ਬਰਨਾਲਾ, 31 ਦਸੰਬਰ 2020 - ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ ਤੇ ਸਾਲ2020 ਨੂੰ ਅਲਵਿਦਾ ਆਖਦਿਆਂ ਜੁਝਾਰੂ ਕਾਫਲਿਆਂ ਨੇ ਸੰਘਰਸ਼ ਤੇਜ ਕਰਨ ਦੇ ਅਹਿਦ ਨਾਲ ਸਾਲ2021 ਨੂੰ ਸੰਗਰਾਮੀ ਮੁਬਾਰਕ ਦੇਣ ਦਾ ਫੈਸਲਾ ਲਿਆ ਹੈ।ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਘੋਲ ਦੌਰਾਨ ਪਹਿਲੀ ਅਕਤੂਬਰ ਨੂੰ ਰੇਲਵੇ ਪਟੜੀਆਂ ਮੱਲਣ ਤੋਂ ਬਾਅਦ ਪਲੇਟਫਾਰਮ ਤੋਂ ਹੁਣ ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਹੈ। ਅੱਜ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ36 ਵੇਂ ਦਿਨ ਵੀ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ।
ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਹਰਚਰਨ ਚੰਨਾ, ਜਸਪਾਲ ਕੌਰ ਕਮਗੜ,ਪ੍ਰੇਮਪਾਲ ਕੌਰ, ਚਰਨਜੀਤ ਕੌਰ, ਗੁਰਚਰਨ ਸਿੰਘ ਸਰਪੰਚ, ਨਿਰੰਜਣ ਸਿੰਘ ਠੀਕਰੀਵਾਲ, ਲਾਭ ਸਿੰਘ ਅਕਲੀਆ ਆਦਿ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਰ ਪੜਾਅ ਉੱਪਰ ਕਿਸਾਨ ਕਾਫਲਿਆਂ ਦੇ ਵਧਦੇ ਰੋਹ ਨੇ ਹਾਕਮਾਂ ਦੀ ਨੀਂਦ ਉਡਾ ਰੱਖੀ ਹੈ। ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪੱਕਾ ਡੇਰਾ ਜਮਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ। ਕੱਲ ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ।
ਆਗੂਆਂ ਨੇ ਕਿਹਾ ਕਿ ਇਹ ਜਿੱਤ ਪੰਜਾਬ, ਹਰਿਆਣਾ, ਯੂ.ਪੀ, ਰਾਜਸਥਾਨ, ਦਿੱਲੀ ਤੋਂ ਬਾਅਦ ਧੁਰ ਦੱਖਣ (ਕਰਨਾਟਕ,ਤਾਮਿਲਨਾਡੂ, ਉੜੀਸਾ, ਕੇਰਲ, ਮਹਾਂਰਾਸ਼ਟਰ,ਪੱਛਮੀ ਬੰਗਾਲ,ਬਿਹਾਰ, ਛੱਤੀਸ਼ਗੜ, ਮੱਧ ਪ੍ਰਦੇਸ਼ ਆਦਿ) ਵਿੱਚ ਵੀ ਕਿਸਾਨ ਸੰਘਰਸ਼ਾਂ ਦੇ ਅਖਾੜੇ ਮਘਣ ਦਾ ਸਿੱਟਾ ਹੈ। ਆਗੂਆਂ ਕਿਹਾ ਕਿ ਸਾਡੇ ਲਈ ਹੱਥ ਉੱਪਰ ਹੱਥ ਧਰਕੇ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ11 ਮੈਂਬਰੀ ਜਥੇ ਵਿੱਚ ਸ਼ਿੰਦਰ ਸਿੰਘ ਭੈਣੀਜੱਸਾ, ਪ੍ਰਗਟ ਸਿੰਘ ਮੰਡੇਰ, ਵਰਿਆਮ ਸਿੰਘ ਸਹੌਰ, ਗੁਰਮੇਲ ਸ਼ਰਮਾ, ਜਗਤਾਰ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲ, ਬੂਟਾ ਸਿੰਘ ਔਲ਼ਖ, ਮੇਜਰ ਸਿੰਘ ਸਹਿਜੜਾ, ਤਰਸੇਮ ਸਿੰਘ ਸਹਿਜੜਾ, ਕੁੰਢਾ ਸਿੰਘ ਫਰਵਾਹੀ, ਗੁਰਚਰਨ ਸਿੰਘ ਚੁਹਾਣਕੇਖੁਰਦ ਸ਼ਾਮਿਲ ਹੋਏ।
ਉਹਨਾਂ ਕਿਹਾ ਕਿ ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ। ਸਗੋਂ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ, ਹੋਰ ਵਧੇਰੇ ਮਜਬੂਤੀ ਨਾਲ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜਿੱਤ ਵੱਲ ਅੱਗੇ ਵਧੇਗਾ ਅਤੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।