ਡੂਮਵਾਲੀ ਲਾਗੇ ਪੰਜਾਬ-ਹਰਿਆਣਾ ਬਾਰਡਰ ’ਤੇ ਟਰੈਕਟਰ ਪਰੇਡ ਕਰਨ ਦਾ ਐਲਾਨ
ਅਸ਼ੋਕ ਵਰਮਾ
ਡੱਬਵਾਲੀ/ਬਠਿੰਡਾ,25ਫਰਵਰੀ2024:ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਡੂਮਵਾਲੀ ( ਡੱਬਵਾਲੀ) ਪੰਜਾਬ -ਹਰਿਆਣਾ ਬਾਰਡਰ ਵਿਖੇ 26 ਫਰਵਰੀ ਦੇ ਟਰੈਕਟਰ ਪਰੇਡ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਹਰਮੀਤ ਸਿੰਘ ਢਾਬ ਅਤੇ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ 26 ਫਰਵਰੀ ਤੋਂ 28 ਫਰਵਰੀ ਤੱਕ ਆਬੂਧਾਬੀ ਵਿਖੇ ਹੋ ਰਹੀ ਵਿਸ਼ਵ ਵਪਾਰ ਸੰਸਥਾ ਦੀ ਕਾਨਫਰੰਸ ਦੌਰਾਨ ਕੁੱਲ ਦੁਨੀਆ ਦੇ ਕਾਰਪੋਰੇਟ ਘਰਾਣੇ ਕਿਰਤੀਆਂ ਦੀ ਲੁੱਟ ਕਰਨ ਦੇ ਮਨਸੂਬੇ ਘੜਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਵਪਾਰ ਸੰਗਠਨ ਦੀਆਂ ਦੀਆਂ ਸ਼ਰਤਾਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਨੂੰ ਖ਼ਤਮ ਕਰਨ, ਮੰਡੀਆਂ ਟੈਕਸ ਮੁਕਤ ਅਤੇ ਅਜ਼ਾਦ ਮੁਕਾਬਲੇਬਾਜ਼ੀ ਦੀ ਖੁੱਲ੍ਹ ਦੇਣ ਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਇਹ ਵੀ ਕਹਿੰਦੇ ਹਨ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ, ਸਬਸਿਡੀ ਕੁੱਲ ਕੀਮਤ ਦੇ 10% ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦੋਂ ਕਿ ਅਮਰੀਕਾ ਵਿੱਚ ਪ੍ਰਤੀ ਕਿਸਾਨ 7253 ਡਾਲਰ ਕੈਨੇਡਾ ਵਿੱਚ 7414 ਡਾਲਰ ਪ੍ਰਤੀ ਕਿਸਾਨ ਯੂਰਪੀ ਯੂਨੀਅਨ ਵਿੱਚ 1068 ਡਾਲਰ ਪ੍ਰਤੀ ਕਿਸਾਨ ਅਤੇ ਭਾਰਤ ਵਿੱਚ ਸਿਰਫ 49 ਡਾਲਰ ਪ੍ਰਤੀ ਕਿਸਾਨ ਸਬਸਿਡੀ ਮਿਲ ਰਹੀ ਹੈ। ਇਸ ਤਰ੍ਹਾਂ ਐਨੀਆਂ ਸਬਸਿਡੀਆਂ ਦੇ ਕੇ ਉਹ ਆਪਣੇ ਦੇਸ਼ ਵਿੱਚ ਅਨਾਜ ਦੀਆਂ ਕੀਮਤਾਂ ਘੱਟ ਰੱਖਦੇ ਹਨ ਅਤੇ ਹੁਣ ਚਾਹੁੰਦੇ ਹਨ ਕਿ ਘੱਟ ਕੀਮਤ ਵਾਲਾ ਇਹ ਅਨਾਜ ਦੂਜੇ ਦੇਸ਼ਾਂ ਨੂੰ ਭੇਜਣ ਲਈ ਕਾਨੂੰਨੀ ਰੋਕਾਂ ਹਟਾਈਆਂ ਜਾਣ। ਉਹ ਸਾਰੀ ਦੁਨੀਆਂ ਦੀਆਂ ਮੰਡੀਆਂ ਤੱਕ ਬਿਨਾਂ ਕਿਸੇ ਰੋਕ ਟੋਕ ਤੋਂ ਪਹੁੰਚ ਅਤੇ ਖੇਤੀ ਜਿਨਸਾਂ ਦੂਜੇ ਦੇਸ਼ਾਂ ਨੂੰ ਭੇਜਣ ਲਈ ਖੁੱਲ੍ਹੀ ਮੁਕਾਬਲੇਬਾਜ਼ੀ ਦੀ ਮੰਗ ਕਰਦੇ ਹਨ। ਜਦੋਂ ਸਬਸਿਡੀਆਂ ਵਿੱਚ ਇੰਨਾ ਅੰਤਰ ਹੋਵੇ ਤਾਂ ਇਸ ਨੂੰ ਅਸਲੀ ਤੇ ਸਹੀ ਮੁਕਾਬਲੇਬਾਜ਼ੀ ਕਿਵੇਂ ਕਿਹਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿਕਸਤ ਦੇਸਾਂ ਵਿੱਚ ਹਜ਼ਾਰਾਂ ਏਕੜ ਦੇ ਫਾਰਮ ਹਨ ਅਤੇ ਉਨ੍ਹਾਂ ਕੋਲ ਬਹੁਤ ਵਧੀਆ ਤਕਨੀਕ ਦੀ ਭਾਰੀ ਮਸ਼ੀਨਰੀ ਅਤੇ ਹੋਰ ਸਹੂਲਤਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਡੇ ਨਾਲੋਂ ਸੈਂਕੜੇ ਗੁਣਾਂ ਵੱਧ ਸਬਸਿਡੀਆਂ ਮਿਲਦੀਆਂ ਹਨ ਤਾਂ ਸਾਡਾ ਇੱਕ ਗਰੀਬ ਕਿਸਾਨ ਮੰਡੀ ਵਿੱਚ ਉਸ ਦਾ ਮੁਕਾਬਲਾ ਕਿਵੇਂ ਕਰ ਸਕੇਗਾ? ਉਹ ਇਨ੍ਹਾਂ ਸਮਝੌਤਿਆਂ ਰਾਹੀਂ ਆਪਣੀ ਜਿਨਸ, ਦੁੱਧ ਅਤੇ ਦੁੱਧ ਤੋਂ ਬਣੇ ਹੋਰ ਪਦਾਰਥ, ਪੋਲਟਰੀ ਸਸਤੇ ਭਾਅ ਤੇ ਸਾਡੀਆਂ ਮੰਡੀਆਂ ਵਿੱਚ ਵੇਚਣ ਨੂੰ ਫਿਰਦੇ ਹਨ। ਜੇ ਕਰ ਇਵੇਂ ਹੋਇਆ ਤਾਂ ਸਾਡਾ ਦੁੱਧ ਅਤੇ ਜਿਨਸਾਂ ਕਿਸ ਨੇ ਖਰੀਦਣੀਆਂ ਹਨ? ਇਸੇ ਕਰਕੇ ਉਹ ਜ਼ੋਰ ਪਾ ਰਹੇ ਹਨ ਕਿ ਭਾਰਤ ਅੰਨ ਸੁਰੱਖਿਆ ਵਜੋਂ ਆਪਣੇ ਕਿਸਾਨਾਂ ਤੋਂ ਫਸਲਾਂ ਦੀ ਖਰੀਦ ਕਰਨੀ ਬੰਦ ਕਰੇ। ਜਦੋਂ 1967 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਣਕ ਖਰੀਦਣ ਲਈ ਅਮਰੀਕਾ ਗਈ ਤਾਂ ਉਦੋਂ ਅਮਰੀਕਾ ਅਤੇ ਵੀਅਤਨਾਮ ਦੀ ਜੰਗ ਲੱਗੇ ਹੋਈ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਵਾਲਿਆਂ ਨੇ ਕਿਹਾ ਕਿ ਜੇਕਰ ਭਾਰਤ ਇਸ ਜੰਗ ਵਿੱਚ ਅਮਰੀਕਾ ਦਾ ਪੱਖ ਕਰੇਗਾ ਤਾਂ ਹੀ ਉਹ ਭਾਰਤ ਨੂੰ ਕਣਕ ਦੇਣਗੇ। ਇੰਦਰਾ ਗਾਂਧੀ ਜਦੋਂ ਇਸ ਲਈ ਰਾਜ਼ੀ ਨਾ ਹੋਈ ਤਾਂ ਉਸ ਨੂੰ ਖ਼ਾਲੀ ਹੱਥੀ ਦੇਸ਼ ਪਰਤਣਾ ਪਿਆ। ਫੇਰ ਹੀ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕਰਨ ਲਈ ਖੇਤੀ ਵਿਗਿਆਨੀ ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਲਿਆਉਣ ਅਤੇ ਅੰਨ ਸੰਕਟ ਦੂਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਵਾਸਤੇ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਦੇਣਾ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਦੇਸ਼ ਦੇ ਲੋਕਾਂ ਨੂੰ ਢਿੱਡ ਭਰਨ ਜੋਗਾ ਅਨਾਜ ਮਿਲਣ ਲੱਗ ਗਿਆ ਹੈ ਤਾਂ ਉਹਨਾਂ ਹੀ ਕਿਸਾਨਾਂ ਨੂੰ ਬਘਿਆੜਾਂ ਅੱਗੇ ਸੁੱਟਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ।ਦੁਨੀਆਂ ਦੇ ਕਾਰਪੋਰੇਟ ਕਹਿੰਦੇ ਹਨ ਕਿ ਭਾਰਤ ਸਰਕਾਰ, ਰਾਸ਼ਨ ਵੰਡ ਪ੍ਰਣਾਲੀ ਵਾਸਤੇ ਅਨਾਜ ਖਰੀਦਣਾ ਬੰਦ ਕਰੇ।
ਉਨ੍ਹਾਂ ਕਿਹਾ ਕਿ ਇਹ ਵੀ ਮੰਗ ਹੈ ਕਿ ਵਪਾਰ ਤੋਂ ਕਾਨੂੰਨੀ ਰੋਕਾਂ ਹਟਾ ਕੇ ਖੁੱਲ੍ਹੀ ਮੁਕਾਬਲੇਬਾਜ਼ੀ ਹੋਣ ਦੇਵੇ। ਐਮਐਸਪੀ ਵਾਸਤੇ ਇਹੋ ਸ਼ਰਤਾਂ ਅੜਿੱਕਾ ਬਣਦੀਆਂ ਹਨ। ਇਸ ਤਰ੍ਹਾਂ ਕਾਰਪੋਰੇਟ ਲੁਟੇਰੇ ਚਾਹੁੰਦੇ ਹਨ ਕਿ ਸਬਸਿਡੀਆਂ ਬੰਦ ਕਰ ਕੇ ਸਾਡਾ ਰਹਿੰਦਾ ਖੂੰਹਦਾ ਲਹੂ ਵੀ ਚੂਸ ਜਾਣ। ਆਗੂਆਂ ਗੁਰਦੀਪ ਖੁੱਡੀਆਂ, ਸੁਖਚੈਨ ਸਿੰਘ ਰਾਜੂ, ਜਸਕਰਨ ਸਿੰਘ ਮੋਰਾਂਵਾਲੀ, ਜੰਗੀਰ ਸਿੰਘ , ਗੁਰਨਾਮ ਸਿੰਘ, ਬੰਤਾ ਸਿੰਘ, ਇਕਬਾਲ ਸਿੰਘ, ਜਗਦੇਵ ਸਿੰਘ, ਮਹਿੰਦਰ ਸਿੰਘ ਨੇ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ ਲੁਟੇਰਿਆਂ ਨੂੰ ਵੰਗਾਰਨ ਲਈ 26 ਫਰਵਰੀ ਨੂੰ 11 ਵਜੇ ਤੋਂ 3 ਵਜੇ ਤੱਕ ਡੂਮਵਾਲੀ ( ਡੱਬਵਾਲੀ) ਬਾਰਡਰ ਵਿਖੇ ਹਰ ਘਰ ਦਾ ਟਰੈਕਟਰ ਕੱਢ ਕੇ ਮੁੱਖ ਸੜਕਾਂ ਤੇ ਖੜਾ ਕੀਤਾ ਜਾਵੇ ਤਾਂ ਜੋ ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਗਠਨ ਵਿੱਚੋਂ ਬਾਹਰ ਆਉਣ ਲਈ ਮਜ਼ਬੂਰ ਕੀਤਾ ਜਾ ਸਕੇ।