ਡੱਲੇਵਾਲ ਵੱਲੋਂ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਪੁੱਜਣ ਅਤੇ 10 ਨੂੰ ਰੇਲਾਂ ਰੋਕਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,3 ਮਾਰਚ 2024:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਰੇਲਾਂ,ਬੱਸਾਂ ਹਵਾਈ ਜਹਾਜਾਂ ਜਾਂ ਆਵਜਾਈ ਦੇ ਹੋਰ ਪ੍ਰਵਾਨਿਤ ਸਾਧਨਾਂ ਰਾਹੀਂ 6 ਮਾਰਚ ਨੂੰ ਦਿੱਲੀ ਪਹੁੰਚਣ। ਇਸ ਦੇ ਨਾਲ ਹੀ ਡੱਲੇਵਾਲ ਨੇ 10 ਮਾਰਚ ਨੂੰ ਰੇਲਾਂ ਰੋਕਣ ਦੀ ਗੱਲ ਵੀ ਆਖੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗ ਜਗਜੀਤ ਸਿੰਘੂ ਡੱਲੇਵਾਲ ਦੇ ਇਸ ਨਵੇਂ ਐਲਾਨ ਨਾਲ ਕੇਂਦਰ ਅਤੇ ਕਿਸਾਨਾਂ ਵਿਚਕਾਰ ਨਵਾਂ ਟਕਰਾਅ ਬਣਦਾ ਦਿਖਾਈ ਦੇ ਰਿਹਾ ਹੈ। ਡੱਲੇਵਾਲ ਅੱਜ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਵਿਖੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਹਾਜ਼ਰ ਕਿਸਾਨਾਂ,ਮਜ਼ਦੂਰਾਂ, ਆਮ ਲੋਕਾਂ, ਇਲਾਕਾ ਵਾਸੀਆਂ ਅਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਪੰਜਾਬ ,ਹਰਿਆਣਾ ,ਕੇਰਲਾ ਤੇ ਵੱਖ ਵੱਖ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ।
ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਦਿੱਲੀ ਟਰੈਕਟਰ ਲਿਜਾਣ ਤੇ ਇਤਰਾਜ ਹੈ ਤਾਂ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਉਹ ਇੰਨ੍ਹਾਂ ਸਾਧਨਾਂ ਰਾਹੀਂ ਦਿੱਲੀ ਜਾਣਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਵੱਲੋਂ ਟਰੈਕਟਰਾਂ ਨਾਲ ਦਿੱਲੀ ਵਿੱਚ ਦਾਖ਼ਲ ਹੋਕੇ ਪ੍ਰਦਰਸ਼ਨ ਕਰਨ ਨਾਲ ਮਹੌਲ ਖਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਰਣਨੀਤੀ ਬਣਾਈ ਹੈ ਕਿ 6 ਮਾਰਚ ਨੂੰ ਦੇਸ਼ ਭਰ ਦੇ ਕਿਸਾਨ ਰੇਲ, ਬੱਸ, ਹਵਾਈ ਮਾਰਗ ਰਾਹੀਂ ਸ਼ਾਂਤੀਪੂਰਵਕ ਦਿੱਲੀ ਆਉਣਗੇ ਅਤੇ ਫਿਰ ਦੇਖਾਂਗੇ ਕਿ ਸਰਕਾਰ ਉਨ੍ਹਾਂ ਨੂੰ ਉੱਥੇ ਬੈਠਣ ਦਿੰਦੀ ਹੈ ਜਾਂ ਨਹੀਂ। ਡੱਲੇਵਾਲ ਨੇ ਕਿਹਾ ਕਿ ਦਿੱਲੀ ਚੱਲੋ ਮਾਰਚ ਮੁਲਤਵੀ ਨਹੀਂ ਕੀਤਾ ਗਿਆ ਹੈ ਉਹ ਪਹਿਲਾਂ ਦੀ ਤਰਾਂ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਵਾਸਤੇ ਮਾਰਚ ਮਹੀਨੇ ਵਿੱਚ ਕਿਸਾਨਾਂ ਦੇ ਧਰਨੇ ਦਾ ਦਾਇਰਾ ਵਧਾਇਆ ਜਾਏਗਾ ਅਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੀ ਗਿਣਤੀ ਵਧਾਈ ਜਾਵੇਗੀ। ਡੱਲੇਵਾਲ ਨੇ ਕਿਹਾ ਕਿ10 ਮਾਰਚ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕਣ ਦੇ ਫੈਸਲੇ ਤਹਿਤ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ’ਰੇਲ ਰੋਕੋ’ ਧਰਨੇ ਦੇਣ ਅਤੇ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਬਾਲਾ ਦੇ ਸ਼ੰਭੂ ਅਤੇ ਜੀਂਦ ਦੇ ਖਨੌਰੀ ਬਾਰਡਰ ’ਤੇ ਡੇਰੇ ਲਾਏ ਹੋਏ ਹਨ ਪਰ ਦਿੱਲੀ ਜਾਣ ਦੀ ਤਿਆਰੀ ’ਚ ਆਏ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲ ਦੇ ਜਵਾਨਾਂ ਨੇ ਦੋਵੇਂ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ।
ਕਿਸਾਨਾਂ ਦੀ ਪੁਲਿਸ ਨਾਲ ਝੜਪ
ਅੰਬਾਲਾ ਲਾਗੇ ਸ਼ੰਭੂ ਬਾਰਡਰ ਅਤੇ ਜੀਂਦ ਲਾਗੇ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲਸ ਤੇ ਅਰਧ ਸੈਨਿਕ ਬਲ ਦੇ ਜਵਾਨਾਂ ਵਿਚਾਲੇ ਝੜਪਾਂ ਹੋ ਚੁੱਕੀਆਂ। ਪੁਲਿਸ ਵੱਲੋਂ ਕਿਸਾਨਾਂ ’ਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਨਾਲ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਇਸ ਧਰਨੇ ਵਿੱਚ ਹੁਣ ਤੱਕ ਚਾਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਕਿਸਾਨਾਂ ਦੀਆਂ ਮੰਗਾਂ
ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਖੇਤੀ ਕਰਜ਼ੇ ਮੁਆਫ਼ ਕਰਨ, ਪੁਲੀਸ ਕੋਲ ਦਰਜ ਕੇਸ ਵਾਪਸ ਲੈਣ ਸਮੇਤ ਕਈ ਮੰਗਾਂ ਹਨ ਜਿੰਨ੍ਹਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਾਲ 2020-21 ਵਿੱਚ ਦਿੱਲੀ ਦੇ ਬਾਰਡਰਾਂ ਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਇੱਕ ਵੱਡਾ ਕਿਸਾਨ ਅੰਦੋਲਨ ਹੋਇਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਸਨ। ਕਿਸਾਨ ਆਗੂ ਆਖਦੇ ਹਨ ਕਿ ਇਸ ਮੌਕੇ ਬਣੀ ਸਹਿਮਤੀ ਦੌਰਾਨ ਕੇਂਦਰ ਸਰਕਾਰ ਨੇ ਕਈ ਮੰਗਾਂ ਮੰਨ ਲਈਆਂ ਸਨ ਜਿੰਨ੍ਹਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਦੋ ਸਾਲ ਲੰਘ ਜਾਣ ਦੇ ਬਾਵਜੂਦ ਇਸ ਸਬੰਧ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਹੁਣ ਦਿੱਲੀ ਜਾਣ ਦਾ ਫੈਸਲਾ ਲਿਆ ਗਿਆ ਹੈ।